ਤਰਨਤਾਰਨ 'ਚ CM ਮਾਨ ਦਾ ਰੋਡ ਸ਼ੋਅ, 'ਆਪ' ਉਮੀਦਵਾਰ ਹਰਮੀਤ ਸਿੰਘ ਸਿੱਧੂ ਵੀ ਨਾਲ ਮੌਜੂਦ

ਤਰਨਤਾਰਨ 'ਚ CM ਮਾਨ ਦਾ ਰੋਡ ਸ਼ੋਅ, 'ਆਪ' ਉਮੀਦਵਾਰ ਹਰਮੀਤ ਸਿੰਘ ਸਿੱਧੂ ਵੀ ਨਾਲ ਮੌਜੂਦ

ਤਰਨਤਾਰਨ– ਤਰਨਤਾਰਨ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਤੋਂ ਰੋਡ ਸ਼ੋਅ ਦੀ ਸ਼ੁਰੂਆਤ ਪਿੰਡ ਕੋਟ ਧਰਮ ਚੰਦ ਕਲਾਂ ਤੋਂ ਕੀਤੀ। ਇਸ ਤੋਂ ਪਹਿਲਾਂ ਵੀ 26 ਅਕਤੂਬਰ ਅਤੇ ਬੀਤੇ ਦਿਨ ਵੀ ਮੁੱਖ ਮੰਤਰੀ ਮਾਨ ਨੇ ਤਰਨਾਤਰਨ 'ਚ ਰੋਡ ਸ਼ੋਅ ਕੀਤਾ ਸੀ। ਇਸ ਮੌਕੇ ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦਾ ਭਾਰੀ ਇਕੱਠ ਨਜ਼ਰ ਆਇਆ। ਮੁੱਖ ਮੰਤਰੀ ਭਗਵੰਤ ਮਾਨ ਨੇ 'ਆਪ' ਉਮੀਦਵਾਰ ਹਰਮੀਤ ਸਿੰਘ ਸਿੱਧੂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਉਮੀਦਵਾਰ ਹਰਮੀਤ ਸਿੰਘ ਸਣੇ 'ਆਪ' ਵਰਕਰ ਮੌਜੂਦ ਰਹੇ । ਇਸ ਮੌਕੇ ਰੋਡ ਸ਼ੋਅ ਪਿੰਡ ਕੋਟ ਧਰਮ ਚੰਦ ਕਲਾਂ ਤੋਂ ਸ਼ੁਰੂ ਹੁੰਦਾ ਹੋਇਆ ਪਿੰਡ ਕਿਲ੍ਹਾ ਕਵੀ ਸੰਤੋਖ ਸਿੰਘ, ਪਿੰਡ ਭੋਜੀਆਂ ਤੇ ਪਿੰਡ ਝਾਮਕੇ ਕਲਾਂ ਪਹੁੰਚਿਆ।

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਤਰਨਤਾਰਨ ਹਲਕੇ ਦੇ ਲੋਕਾਂ ਨੂੰ ਵਿਕਾਸ ਪੱਖੋਂ ਵਾਂਝੇ ਰੱਖ ਕੇ ਕਿਸਮਤ ਦੇ ਭਰੋਸੇ ਛੱਡ ਦਿੱਤਾ। ਪਰ ਲੋਕਾਂ ਨੇ ਸਾਨੂੰ ਚੁਣ ਕੇ ਜੋ ਤੁਹਾਡੇ ਬੱਚਿਆਂ ਦੇ ਭਵਿੱਖ, ਘਰਾਂ ਦੇ ਚੁੱਲ੍ਹਿਆਂ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਜ਼ਿੰਮੇਵਾਰੀ ਦਿੱਤੀ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ 'ਤੇ ਲੱਗੇ ਹੋਏ ਹਾਂ। ਉਨ੍ਹਾਂ ਕਿਹਾ ਕਿ ਤਰਨਤਾਰਨ ਵਾਲਿਓ, ਇੱਕ ਪਾਸੇ ਲੜਾਈ ਵਾਲੇ ਨੇ, ਦੂਜੇ ਪਾਸੇ ਪੜ੍ਹਾਈ ਵਾਲੇ ਨੇ। ਵਿਰੋਧੀਆਂ ਦੀ ਚੋਣ ਤੁਹਾਡੇ ਇਲਾਕੇ ਵਿੱਚ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰੇਗੀ ਅਤੇ ਸਾਡੀ ਚੋਣ ਤੁਹਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰੇਗੀ। ਸਾਨੂੰ ਭਰੋਸਾ ਹੈ ਕਿ ਹਲਕੇ ਦੇ ਸੂਝਵਾਨ ਲੋਕ ਬੱਚਿਆਂ ਦਾ ਚੰਗਾ ਭਵਿੱਖ ਚੁਣਨਗੇ।

ਉਨ੍ਹਾਂ ਕਿਹਾ ਇੱਕ ਪਾਸੇ ਹਲਕੇ ਨੂੰ ਨਸ਼ਿਆਂ ਅਤੇ ਗੈਂਗਸਟਰਵਾਦ ਵੱਲ ਧੱਕ ਕੇ ਬਰਬਾਦ ਕਰਨ ਵਾਲੇ ਨੇ, ਦੂਜੇ ਪਾਸੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਬਚਾਉਣ ਵਾਲੇ ਨੇ। ਤੁਹਾਡਾ ਇਕੱਠ ਦੱਸ ਰਿਹਾ ਹੈ ਕਿ 11 ਨਵੰਬਰ ਨੂੰ ਤੁਸੀਂ ਝਾੜੂ ਦਾ ਬਟਨ ਦਬਾ ਕੇ ਹਲਕੇ ਦੀ ਤਰੱਕੀ ਵਿੱਚ ਯੋਗਦਾਨ ਪਾਓਗੇ। 2022 'ਚ ਤੁਸੀਂ ਜੋ ਸਾਨੂੰ ਤਾਕਤ ਦੇ ਕੇ ਲੋਕ ਸੇਵਾ ਕਰਨ ਲਈ ਜ਼ਿੰਮੇਵਾਰੀ ਦਿੱਤੀ, ਅਸੀਂ ਉਸ ਦੇ ਤਹਿਤ ਇਹੋ ਜਿਹੇ ਲੋਕ ਪੱਖੀ ਫ਼ੈਸਲੇ ਲੈ ਰਹੇ ਹਾਂ ਜੋ ਹਾਲੇ ਤੱਕ ਦੇਸ਼ ਵਿੱਚ ਕਿਸੇ ਵੀ ਸੂਬੇ ਨੇ ਨਹੀਂ ਕੀਤੇ। ਉਨ੍ਹਾਂ ਕਿਹਾ ਸਰਕਾਰ ਨੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਹੈਲਥ ਕਾਰਡ ਜਾਰੀ ਕੀਤਾ, ਜਿਸ ਦੇ ਤਹਿਤ 10 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਹੋਵੇਗਾ।

ਇਸ ਦੌਰਾਨ ਉਨ੍ਹਾਂ ਕਿਹਾ ਤਰਨਤਾਰਨ ਹਲਕੇ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਦੇ ਨਾਲ-ਨਾਲ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਵੀ ਲੈਣ ਆਇਆ ਹਾਂ। ਜਿਹੜੇ-ਜਿਹੜੇ ਪਿੰਡਾਂ ਵਿੱਚ ਕੁਝ ਕੰਮ ਅਧੂਰੇ ਨੇ ਉਨ੍ਹਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ। ਅਸੀਂ ਤੁਹਾਡੇ ਮੰਗ ਪੱਤਰਾਂ 'ਤੇ ਖ਼ਾਸ ਧਿਆਨ ਦੇ ਕੇ ਸਾਲਾਂ ਵਾਲੇ ਕੰਮ ਘੰਟਿਆਂ ਵਿੱਚ ਕਰਨ ਵਾਲੇ ਹਾਂ। ਉਨ੍ਹਾਂ ਅੱਗੇ ਬੋਲਦਿਆਂ ਕਿ ਵਿਰੋਧੀਆਂ ਨੇ ਤਾਂ ਤਰਨਤਾਰਨ ਹਲਕੇ ਦੇ ਲੋਕਾਂ ਦੀਆਂ ਆਪਸ ਵਿੱਚ ਦੁਸ਼ਮਣੀਆਂ ਪਵਾ ਕੇ ਆਪਣੇ ਸਿਆਸੀ ਫਾਇਦੇ ਲਏ। ਪਰ ਅਸੀਂ ਲੋਕਾਂ ਦੀ ਸਿਹਤ, ਬੱਚਿਆਂ ਦੀ ਸਿੱਖਿਆ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਹਲਕੇ ਨੂੰ ਤਰੱਕੀ ਦੀਆਂ ਲੀਹਾਂ 'ਤੇ ਲੈਕੇ ਜਾ ਰਹੇ ਹਾਂ। ਹਲਕਾ ਤਰਨਤਾਰਨ ਦੇ ਪਿੰਡ ਭੋਜੀਆਂ ਦੇ ਲੋਕਾਂ ਦੀ ਖੇਡ ਦੇ ਮੈਦਾਨ ਦੀ ਮੰਗ ਨੂੰ ਤੁਰੰਤ ਹੱਲ ਕੀਤਾ। ਪਿੰਡ ਵਿੱਚ ਸ਼ਾਨਦਾਰ ਖੇਡ ਦਾ ਮੈਦਾਨ ਬਣਾਉਣ ਲਈ ਸਰਕਾਰ ਵੱਲੋਂ ਜ਼ਮੀਨ ਦਾ ਪ੍ਰਬੰਧ ਕੀਤਾ ਜਾਵੇਗਾ। ਤਰਨਤਾਰਨ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS