ਜਲੰਧਰ–ਪੰਜਾਬ ਸਰਕਾਰ ਵੱਲੋਂ ਘਰੇਲੂ ਖ਼ਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਨਿਯਮਾਂ ਅਨੁਸਾਰ ਜੇਕਰ ਕਿਸੇ ਖ਼ਪਤਕਾਰ ਦੀ ਖ਼ਪਤ 300 ਯੂਨਿਟ ਤੋਂ ਵੱਧ ਹੋ ਜਾਂਦੀ ਹੈ ਤਾਂ ਉਸ ਨੂੰ ਪੂਰੇ 300 ਯੂਨਿਟ ਦਾ ਬਿੱਲ ਅਦਾ ਕਰਨਾ ਪੈਂਦਾ ਹੈ। ਇਸ ਨੂੰ ਵੇਖਦੇ ਹੋਏ ਕੁਝ ਸਮੇਂ ਤੋਂ ਮੀਟਰ ਰੀਡਿੰਗ ਵਿਚ ਗੜਬੜੀ ਜਾਂ ਫੇਰਬਦਲ ਦੀਆਂ ਚਰਚਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਬਿੱਲ ਬਣਾਉਂਦੇ ਸਮੇਂ ਮੀਟਰ ਰੀਡਿੰਗ ਉੱਪਰ-ਹੇਠਾਂ ਕਰਨ ਨਾਲ ਸਰਕਾਰ ਨੂੰ ਵਿੱਤੀ ਨੁਕਸਾਨ ਹੁੰਦਾ ਹੈ। ਉਥੇ ਹੀ ਕਈ ਵਾਰ ਰੀਡਿੰਗ ਗਲਤ ਭਰੇ ਜਾਣ ਨਾਲ ਗਲਤ ਬਿੱਲ ਵੀ ਬਣ ਜਾਂਦੇ ਹਨ।
ਇਸ ਸਮੱਸਿਆ ਨੂੰ ਰੋਕਣ ਅਤੇ ਬਿਲਿੰਗ ਸਿਸਟਮ ਨੂੰ ਪਾਰਦਰਸ਼ੀ ਬਣਾਉਣ ਲਈ ਪਾਵਰਕਾਮ ਨੇ ਨਵਾਂ ਆਪਟੀਕਲ ਕੈਰੇਕਟਰ ਰਿਕਗਿਨਸ਼ਨ (ਓ. ਸੀ. ਆਰ.) ਸਿਸਟਮ ਲਾਗੂ ਕੀਤਾ ਹੈ। ਇਸ ਤਕਨੀਕ ਤਹਿਤ ਮੀਟਰ ਰੀਡਰ ਨੂੰ ਹੁਣ ਮੈਨੂਅਲ ਰੂਪ ਨਾਲ ਰੀਡਿੰਗ ਦਰਜ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਦੀ ਬਜਾਏ ਉਹ ਮੀਟਰ ਦੀ ਸਪੱਸ਼ਟ ਫੋਟੋ ਖਿੱਚੇਗਾ ਅਤੇ ਸਿਸਟਮ ਉਸ ਫੋਟੋ ਤੋਂ ਆਪਣੇ-ਆਪ ਰੀਡਿੰਗ ਨੂੰ ਪੜ੍ਹ ਕੇ ਬਿਜਲੀ ਬਿੱਲ ਤਿਆਰ ਕਰੇਗਾ। ਇਸ ਪ੍ਰਕਿਰਿਆ ਨਾਲ ਮੀਟਰ ਰੀਡਿੰਗ ਵਿਚ ਕਿਸੇ ਵੀ ਤਰ੍ਹਾਂ ਦੀ ਮਨੁੱਖੀ ਗਲਤੀ ਜਾਂ ਜਾਣਬੁੱਝ ਕੇ ਕੀਤੀ ਗਈ ਗੜਬੜੀ ਦੀ ਸੰਭਾਵਨਾ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਓ. ਸੀ. ਆਰ. ਸਿਸਟਮ ਮੀਟਰ ’ਤੇ ਅੰਕਿਤ ਹਰ ਨੰਬਰ ਨੂੰ ਆਟੋਮੈਟਿਕ ਰੂਪ ਨਾਲ ਸਕੈਨ ਕਰ ਲੈਂਦਾ ਹੈ ਅਤੇ ਉਸੇ ਆਧਾਰ ’ਤੇ ਬਿਲਿੰਗ ਸਿਸਟਮ ਵਿਚ ਡਾਟਾ ਦਰਜ ਕਰਦਾ ਹੈ।

ਉਥੇ ਹੀ ਓ. ਸੀ. ਆਰ. ਦੇ ਇਲਾਵਾ ਵਿਭਾਗ ਨੇ ਇਕ ਹੋਰ ਬਦਲ ਵੀ ਰੱਖਿਆ ਹੈ। ਜਿਹੜੀਆਂ ਥਾਵਾਂ ’ਤੇ ਨੈੱਟਵਰਕ ਜਾਂ ਕੈਮਰੇ ਨਾਲ ਸਬੰਧਤ ਦਿੱਕਤਾਂ ਹੋਣਗੀਆਂ, ਉਥੇ ਮਸ਼ੀਨ ਦੇ ਨਾਲ ਲੀਡ ਜੋੜ ਕੇ ਮੀਟਰ ਨੂੰ ਸਿੱਧਾ ਸਿਸਟਮ ਨਾਲ ਜੋੜ ਦਿੱਤਾ ਜਾਵੇਗਾ। ਇਸ ਸਥਿਤੀ ਵਿਚ ਮਸ਼ੀਨ ਖ਼ੁਦ ਹੀ ਰੀਡਿੰਗ ਚੁੱਕ ਲਵੇਗੀ ਅਤੇ ਬਿੱਲ ਬਣ ਜਾਵੇਗਾ। ਮੀਟਰ ਰੀਡਿੰਗ ਦਾ ਠੇਕਾ ਹਾਲ ਹੀ ਵਿਚ ਫਿਯੂਜ਼ਨ ਨਾਂ ਦੀ ਕੰਪਨੀ ਨੂੰ ਦਿੱਤਾ ਗਿਆ ਹੈ। ਨਵੀਂ ਕੰਪਨੀ ਨੂੰ ਓ. ਸੀ. ਆਰ. ਆਧਾਰਿਤ ਬਿਲਿੰਗ ਸਿਸਟਮ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਨਾਲ ਬਿਲਿੰਗ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਹੋ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਛੇੜਖਾਨੀ ਦੀ ਸੰਭਾਵਨਾ ਖਤਮ ਹੋ ਜਾਵੇਗੀ। ਨਵੀਂ ਪ੍ਰਣਾਲੀ ਲਾਗੂ ਹੋਣ ਨਾਲ ਖ਼ਪਤਕਾਰਾਂ ਨੂੰ ਸਹੀ ਬਿੱਲ ਮਿਲੇਗਾ। ਅਜਿਹੇ ਵਿਚ ਗਲਤ ਬਿੱਲ ਬਣਨ ਦੇ ਬਾਅਦ ਦਫ਼ਤਰਾਂ ਦੇ ਚੱਕਰ ਲਾਉਣ ਦੀ ਲੋੜ ਵੀ ਨਹੀਂ ਪਵੇਗੀ। ਖ਼ਪਤਕਾਰ ਆਪਣੀ ਰੀਡਿੰਗ ਦਾ ਖ਼ੁਦ ਮੀਟਰ ਨਾਲ ਮਿਲਾਨ ਕਰ ਸਕਣਗੇ। ਫਿਲਹਾਲ ਨਵੀਂ ਕੰਪਨੀ ਨੂੰ ਠੇਕਾ ਦੇਣ ਤੋਂ ਬਾਅਦ ਸਿਸਟਮ ਅਪ-ਟੂ-ਡੇਟ ਕਰਨ ਵਿਚ ਸਮਾਂ ਲੱਗ ਰਿਹਾ ਹੈ। ਇਸ ਕਾਰਨ ਵਿਭਾਗ ਨੂੰ ਐੱਨ ਕੋਡ ਵਾਲੀ ਗਲਤ ਬਿਲਿੰਗ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਹਨ।
ਨਵਾਂ ਸਿਸਟਮ ਲਾਭਦਾਇਕ ਰਹੇਗਾ : ਅਧਿਕਾਰੀ
ਅਧਿਕਾਰੀਆਂ ਨੇ ਕਿਹਾ ਕਿ ਨਵਾਂ ਸਿਸਟਮ ਲਾਭਦਾਇਕ ਰਹੇਗਾ। ਇਸ ਦੀ ਟੈਸਟਿੰਗ ਵੀ ਕੀਤੀ ਗਈ ਹੈ, ਜੋਕਿ ਸਫ਼ਲ ਰਹੀ ਹੈ। ਇਸ ਨਾਲ ਖ਼ਪਤਕਾਰ ਦੇ ਗਲਤ ਬਿੱਲ ਬਣਨ ਦੀ ਸਮੱਸਿਆ ਖ਼ਤਮ ਹੋ ਜਾਵੇਗੀ। ਇਸ ਨਾਲ ਇਹ ਯਕੀਨੀ ਬਣਾਇਆ ਗਿਆ ਹੈ ਕਿ ਕੋਈ ਵੀ ਖ਼ਪਤਕਾਰ ਨਾ ਤਾਂ ਵਧੇਰੇ ਬਿੱਲ ਚੁਕਾਏਗਾ ਅਤੇ ਨਾ ਹੀ ਮੁਫ਼ਤ ਬਿਜਲੀ ਯੋਜਨਾ ਦੀ ਗਲਤ ਢੰਗ ਨਾਲ ਵਰਤੋਂ ਹੋ ਸਕੇਗੀ। ਓ. ਸੀ. ਆਰ. ਸਿਸਟਮ ਨਾਲ ਬਿਲਿੰਗ ਸ਼ੁਰੂ ਹੁੰਦੇ ਹੀ ਵਿਭਾਗੀ ਰੈਵੇਨਿਊ ਵਿਚ ਸਥਿਰਤਾ ਆਵੇਗੀ ਅਤੇ ਪਾਰਦਰਸ਼ਿਤਾ ਵਧੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com