ਇੰਟਰਨੈਸ਼ਨਲ ਡੈਸਕ- ਮੈਕਸਿਕੋ ਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਿਚੋਆਕਨ ਸੂਬੇ ਵਿੱਚ ਇੱਕ ਸਥਾਨਕ ਪੁਲਸ ਸਟੇਸ਼ਨ ਦੇ ਬਾਹਰ ਜ਼ਬਰਦਸਤ ਧਮਾਕਾ ਹੋ ਗਿਆ ਹੈ, ਜਿਸ ਕਾਰਨ ਘੱਟੋ-ਘੱਟ ਦੋ ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ।
ਕੋਹੁਆਨਾ ਪੁਲਸ ਕਮਾਂਡਰ ਹੈਕਟਰ ਜ਼ੇਪੇਡਾ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧਮਾਕੇ ਵਿੱਚ 2 ਪੁਲਸ ਅਧਿਕਾਰੀ ਮਾਰੇ ਗਏ, ਜਦਕਿ ਆਮ ਨਾਗਰਿਕਾਂ ਸਣੇ ਕੁੱਲ 7 ਹੋਰ ਜ਼ਖ਼ਮੀ ਹੋ ਗਏ ਹਨ। ਧਮਾਕੇ ਕਾਰਨ ਇਲਾਕੇ ਦੀਆਂ ਨੇੜਲੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਇਹ ਧਮਾਕਾ ਸ਼ਨੀਵਾਰ ਨੂੰ ਉਸ ਸਮੇਂ ਹੋਇਆ ਜਦੋਂ ਮਿਚੋਆਕਨ ਦੇ ਗਵਰਨਰ ਅਲਫਰੇਡੋ ਰਾਮੀਰੇਜ਼ ਬੇਦੋਲਾ ਆਪਣੀ ਪਾਰਟੀ, ਮੋਰੇਨਾ, ਦੀ ਸੱਤਾ ਵਿੱਚ 7 ਸਾਲਾ ਵਰ੍ਹੇਗੰਢ ਮਨਾਉਣ ਲਈ ਮੈਕਸੀਕੋ ਸਿਟੀ ਵਿੱਚ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨਾਲ ਜਸ਼ਨ ਮਨਾ ਰਹੇ ਸਨ।
ਮਿਚੋਆਕਨ ਵਿੱਚ ਸੁਰੱਖਿਆ ਵਿਗੜਨ ਲਈ ਰਾਮੀਰੇਜ਼ ਬੇਦੋਲਾ ਅਤੇ ਸ਼ੀਨਬੌਮ ਦੀ ਆਲੋਚਨਾ ਕੀਤੀ ਗਈ ਹੈ, ਜਿੱਥੇ ਕਈ ਡਰੱਗ ਗਰੋਹ ਖੇਤਰ ਦੇ ਨਿਯੰਤਰਣ ਲਈ ਲੜ ਰਹੇ ਹਨ ਅਤੇ ਸਥਾਨਕ ਲੋਕਾਂ ਨੂੰ ਡਰਾ ਰਹੇ ਹਨ। ਸੂਬਾ ਸਰਕਾਰ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਹ ਧਮਾਕਾ ਇਕ "ਵਿਸਫੋਟਕ ਯੰਤਰ" ਰਾਹੀਂ ਕੀਤਾ ਗਿਆ ਹੈ, ਪਰ ਇਸ ਬਾਰੇ ਹੋਰ ਕੋਈ ਜਾਣਕਾਰੀ ਹਾਲੇ ਨਹੀਂ ਦਿੱਤੀ ਗਈ।
Credit : www.jagbani.com