Girlfriend ਨੂੰ ਇੰਪ੍ਰੈੱਸ ਕਰਨ ਲਈ ਨੌਜਵਾਨ ਨੇ ਕਰ'ਤਾ ਕਾਂਡ! 'ਭੂਆ' ਨੂੰ ਸ਼ਰਾਬ ਪਿਆ ਕੇ...

Girlfriend ਨੂੰ ਇੰਪ੍ਰੈੱਸ ਕਰਨ ਲਈ ਨੌਜਵਾਨ ਨੇ ਕਰ'ਤਾ ਕਾਂਡ! 'ਭੂਆ' ਨੂੰ ਸ਼ਰਾਬ ਪਿਆ ਕੇ...

ਵੈੱਬ ਡੈਸਕ : ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਵਿੱਚ ਹੋਏ ਮਾਂ-ਧੀ ਦੇ ਦੋਹਰੇ ਕਤਲ (ਡਬਲ ਮਰਡਰ) ਦੇ ਮਾਮਲੇ 'ਚ ਪੁਲਸ ਜਾਂਚ ਦੌਰਾਨ ਇੱਕ ਹੈਰਾਨ ਕਰਨ ਵਾਲੀ ਕਹਾਣੀ ਸਾਹਮਣੇ ਆਈ ਹੈ। ਪੁਲਸ ਨੇ ਖੁਲਾਸਾ ਕੀਤਾ ਹੈ ਕਿ ਇਹ ਵਾਰਦਾਤ ਕਿਸੇ ਲੁਟੇਰੇ ਗੈਂਗ ਨੇ ਨਹੀਂ, ਸਗੋਂ ਪਰਿਵਾਰ ਦੇ ਜਾਣਕਾਰ ਇੱਕ ਨੌਜਵਾਨ ਨੇ ਕੀਤੀ ਸੀ।

ਕੀ ਹੈ ਪੂਰਾ ਮਾਮਲਾ?
ਇਹ ਮਾਮਲਾ ਸ਼ਾਹਪੁਰ ਥਾਣਾ ਖੇਤਰ ਦੇ ਘੋਸੀਪੁਰਵਾ ਦਾ ਹੈ, ਜਿੱਥੇ 23 ਨਵੰਬਰ ਦੀ ਰਾਤ ਨੂੰ 75 ਸਾਲਾ ਸ਼ਾਂਤੀ ਜਾਇਸਵਾਲ ਅਤੇ ਉਨ੍ਹਾਂ ਦੀ 50 ਸਾਲਾ ਬੇਟੀ ਵਿਮਲਾ ਜਾਇਸਵਾਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਦੋਵੇਂ ਘਰ ਵਿੱਚ ਇਕੱਲੀਆਂ ਰਹਿੰਦੀਆਂ ਸਨ। ਕਤਲ ਕਰਨ ਵਾਲਾ ਨੌਜਵਾਨ ਮੁਹੱਲੇ ਦਾ ਹੀ ਰਹਿਣ ਵਾਲਾ ਸੀ ਅਤੇ ਪੀੜਤ ਪਰਿਵਾਰ ਨਾਲ ਉਸਦੇ ਬਹੁਤ ਨਜ਼ਦੀਕੀ ਸਬੰਧ ਸਨ। ਉਹ ਅਕਸਰ ਘਰ ਆਉਂਦਾ-ਜਾਂਦਾ ਸੀ ਅਤੇ ਵਿਮਲਾ ਨੂੰ 'ਭੂਆ' ਕਹਿ ਕੇ ਬੁਲਾਉਂਦਾ ਸੀ। ਦੋਵੇਂ ਮਿਲ ਕੇ ਸ਼ਰਾਬ ਵੀ ਪੀਂਦੇ ਸਨ ਅਤੇ ਨੌਜਵਾਨ ਘਰ ਵਿੱਚ ਪੈਸੇ ਅਤੇ ਗਹਿਣੇ ਰੱਖਣ ਦੀਆਂ ਥਾਵਾਂ ਬਾਰੇ ਪੂਰੀ ਤਰ੍ਹਾਂ ਜਾਣਦਾ ਸੀ।

ਗਰਲਫ੍ਰੈਂਡ ਨੂੰ ਕਰਨਾ ਚਾਹੁੰਦਾ ਸੀ ਇੰਪ੍ਰੈੱਸ
ਦੋਸ਼ੀ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ ਗਰਲਫ੍ਰੈਂਡ ਨੂੰ ਬਹੁਤ ਇੰਪ੍ਰੈੱਸ ਕਰਨਾ ਚਾਹੁੰਦਾ ਸੀ। ਉਸਦੀ ਗਰਲਫ੍ਰੈਂਡ ਨੇ ਦੱਸਿਆ ਸੀ ਕਿ ਉਸਦੇ ਪਿਤਾ ਉੱਤੇ ਕਾਫੀ ਕਰਜ਼ਾ ਹੈ, ਜਿਸ ਤੋਂ ਬਾਅਦ ਦੋਸ਼ੀ ਨੇ ਉਸਦਾ ਕਰਜ਼ਾ ਚੁਕਾ ਕੇ ਉਸਨੂੰ ਖੁਸ਼ ਕਰਨ ਲਈ ਵਿਮਲਾ ਦੇ ਘਰ ਡਕੈਤੀ ਅਤੇ ਕਤਲ ਦੀ ਯੋਜਨਾ ਬਣਾਈ। 23 ਨਵੰਬਰ ਦੀ ਰਾਤ ਨੂੰ ਨੌਜਵਾਨ ਸ਼ਰਾਬ ਦੀ ਬੋਤਲ ਲੈ ਕੇ ਵਿਮਲਾ ਦੇ ਘਰ ਪਹੁੰਚਿਆ ਅਤੇ ਉਸਨੂੰ ਨਸ਼ਾ ਕਰਵਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਜਦੋਂ ਵਿਮਲਾ ਨੂੰ ਨਸ਼ਾ ਨਹੀਂ ਚੜ੍ਹਿਆ ਅਤੇ ਉਸਦਾ ਪਲਾਨ ਫੇਲ੍ਹ ਹੋ ਗਿਆ, ਤਾਂ ਉਸਨੇ ਕਮਰੇ ਵਿੱਚ ਰੱਖਿਆ ਹਥੌੜਾ ਚੁੱਕਿਆ ਅਤੇ ਵਿਮਲਾ ਦੇ ਸਿਰ 'ਤੇ ਵਾਰ ਕਰਕੇ ਉਸਨੂੰ ਮਾਰ ਦਿੱਤਾ। ਬਜ਼ੁਰਗ ਸ਼ਾਂਤੀ ਜਾਇਸਵਾਲ ਨੇ ਜਦੋਂ ਰੌਲਾ ਸੁਣਿਆ ਤਾਂ ਸੱਚ ਸਾਹਮਣੇ ਆਉਣ ਦੇ ਡਰੋਂ ਨੌਜਵਾਨ ਨੇ ਦਾਦੀ ਨੂੰ ਵੀ ਹਥੌੜੇ ਨਾਲ ਮਾਰ ਕੇ ਕਤਲ ਕਰ ਦਿੱਤਾ।

ਕਤਲ ਤੋਂ ਬਾਅਦ, ਦੋਸ਼ੀ ਨੇ ਘਰੋਂ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਲਏ ਅਤੇ ਆਰਾਮ ਨਾਲ ਆਪਣੇ ਘਰ ਜਾ ਕੇ ਸੌਂ ਗਿਆ। ਅਗਲੇ ਦਿਨ, ਉਸਨੇ ਲੁੱਟੇ ਹੋਏ ਪੈਸਿਆਂ ਨਾਲ ਗਰਲਫ੍ਰੈਂਡ ਨੂੰ ਮਹਿੰਗਾ ਮੋਬਾਈਲ ਗਿਫਟ ਕੀਤਾ ਅਤੇ ਕੁਝ ਪੈਸੇ ਉਸਦੇ ਪਿਤਾ ਦਾ ਕਰਜ਼ਾ ਚੁਕਾਉਣ ਲਈ ਦੇ ਦਿੱਤੇ। 

ਪੁਲਸ ਦੇ ਅੜਿੱਕੇ ਆਇਆ ਨੌਜਵਾਨ
ਸ਼ੁਰੂ 'ਚ ਪੁਲਸ ਬਾਹਰੀ ਚੋਰਾਂ ਵੱਲੋਂ ਡਕੈਤੀ ਦਾ ਮਾਮਲਾ ਮੰਨ ਰਹੀ ਸੀ ਪਰ ਕੋਈ ਬਾਹਰੀ ਸ਼ੱਕੀ ਸਾਹਮਣੇ ਨਹੀਂ ਆ ਰਿਹਾ ਸੀ। ਐੱਸ.ਪੀ. ਸਿਟੀ ਅਭਿਨਵ ਤਿਆਗੀ ਅਨੁਸਾਰ, ਆਸ-ਪਾਸ ਦੇ ਸੀਸੀਟੀਵੀ ਫੁਟੇਜ ਖੰਗਾਲਣ 'ਤੇ ਇੱਕ ਸ਼ੱਕੀ ਨੌਜਵਾਨ ਦਿਖਾਈ ਦਿੱਤਾ। ਸਖਤੀ ਨਾਲ ਪੁੱਛਗਿੱਛ ਕਰਨ 'ਤੇ, ਉਸਨੇ ਗਰਲਫ੍ਰੈਂਡ ਨੂੰ ਪ੍ਰਭਾਵਿਤ ਕਰਨ ਅਤੇ ਕਰਜ਼ਾ ਚੁਕਾਉਣ ਦੇ ਮਕਸਦ ਨਾਲ ਕਤਲ ਕਰਨ ਦੀ ਪੂਰੀ ਵਾਰਦਾਤ ਕਬੂਲ ਕਰ ਲਈ।

Credit : www.jagbani.com

  • TODAY TOP NEWS