ਫਿਰੋਜ਼ਪੁਰ: ਫਿਰੋਜ਼ਪੁਰ ਤੋਂ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਤਕਰੀਬਨ ਤਿੰਨ ਮਹੀਨੇ ਪਹਿਲਾਂ ਇਕ ਪਿਓ ਨੇ ਇੱਜ਼ਤ ਖ਼ਾਤਰ ਆਪਣੀ ਧੀ ਨੂੰ ਨਹਿਰ ਵਿਚ ਧੱਕਾ ਮਾਰ ਦਿੱਤਾ ਸੀ। ਇਸ ਮਾਮਲੇ ਵਿਚ ਪੁਲਸ ਨੇ ਪਿਓ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ, ਪਰ ਹੁਣ ਮਾਮਲੇ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਕੁੜੀ ਜਿਉਂਦੀ ਨਿਕਲੀ ਤੇ ਪਿਓ ਨੂੰ ਜੇਲ੍ਹ ਵਿਚੋਂ ਬਾਹਰ ਕਢਵਾਉਣ ਦੀ ਗੱਲ ਕਹਿ ਦਿੱਤੀ।
ਦਰਅਸਲ, ਫਿਰੋਜ਼ਪੁਰ ਵਿਚ ਇਕ ਪਿਤਾ ਨੇ ਆਪਣੀ ਧੀ 'ਤੇ ਦੋਸ਼ ਲਾਇਆ ਸੀ ਕਿ ਉਹ ਕਿਸੇ ਮੁੰਡੇ ਨਾਲ ਗੱਲਬਾਤ ਕਰਦੀ ਹੈ, ਜਿਸ ਮਗਰੋਂ ਉਸ ਨੇ ਕੁੜੀ ਨੂੰ ਨਹਿਰ ਵਿਚ ਧੱਕਾ ਦੇ ਦਿੱਤਾ ਸੀ। ਉਸ ਨੇ ਬਾਕਾਇਦਾ ਇਸ ਦੀ ਵੀਡੀਓ ਵੀ ਬਣਾਈ ਸੀ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਵੀ ਹੋਈ ਸੀ। ਇਸ ਘਟਨਾ ਮਗਰੋਂ ਕਾਫ਼ੀ ਦਿਨ ਤਕ ਕੁੜੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਨਹੀਂ ਮਿਲੀ ਸੀ। ਪੁਲਸ ਨੇ ਵੀਡੀਓ ਦੇ ਅਧਾਰ 'ਤੇ ਹੀ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਉਹ ਇਸ ਵੇਲੇ ਜੇਲ੍ਹ ਵਿਚ ਹੈ।
ਇਸ ਮਾਮਲੇ ਵਿਚ ਅੱਜ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਉਕਤ ਕੁੜੀ ਆਪ ਸਾਹਮਣੇ ਆ ਗਈ। ਜਿਸ ਕੁੜੀ ਨੂੰ ਸਾਰੇ ਮਰਿਆ ਹੋਇਆ ਮੰਨ ਚੁੱਕੇ ਸੀ, ਉਹ ਖ਼ੁਦ ਸਾਹਮਣੇ ਆਈ ਤੇ ਹੁਣ ਉਸ ਨੇ ਪਿਓ ਨੂੰ ਜੇਲ੍ਹ ਵਿਚੋਂ ਬਾਹਰ ਕਢਵਾਉਣ ਦੀ ਮੰਗ ਕੀਤੀ ਹੈ। ਫ਼ਿਲਹਾਲ ਪੁਲਸ ਵੱਲੋਂ ਇਸ ਦੀ ਜਾਂਚ ਕੀਤੀ ਜਾਵੇਗੀ ਕਿ ਕੁੜੀ ਨਹਿਰ ਵਿਚੋਂ ਕਦੋਂ ਬਾਹਰ ਨਿਕਲੀ ਤੇ ਉਹ ਤਿੰਨ ਮਹੀਨੇ ਤਕ ਕਿੱਥੇ ਸੀ ਤੇ ਕੀ ਕਰ ਰਹੀ ਸੀ।
Credit : www.jagbani.com