ਵੈੱਬ ਡੈਸਕ : ਦੇਸ਼ ਭਰ 'ਚ ਮਾਨਸੂਨ ਸਿਖਰ 'ਤੇ ਰਿਹਾ, ਕਈ ਰਾਜਾਂ 'ਚ ਰਿਕਾਰਡ ਤੋੜ ਮੀਂਹ ਪਿਆ ਹੈ। ਮਾਨਸੂਨ ਨੇ ਗਰਮੀ ਤੋਂ ਰਾਹਤ ਦਿੱਤੀ ਅਤੇ ਲੋਕਾਂ ਨੇ ਕਈ ਖੇਤਰਾਂ ਵਿੱਚ ਮੀਂਹ ਦਾ ਆਨੰਦ ਮਾਣਿਆ। ਹੁਣ, ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ ਹੈ ਅਤੇ ਭਾਰਤ ਮੌਸਮ ਵਿਭਾਗ (IMD) ਨੇ ਅਗਲੇ 48 ਘੰਟਿਆਂ ਲਈ ਕਈ ਰਾਜਾਂ ਲਈ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ।
ਕੇਰਲ 'ਚ ਮੌਸਮ ਦੇ ਹਾਲਾਤ
ਮਾਨਸੂਨ ਦੇ ਚਲੇ ਜਾਣ ਤੋਂ ਬਾਅਦ ਵੀ, ਕੇਰਲ 'ਚ ਮੀਂਹ ਜਾਰੀ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ 48 ਘੰਟਿਆਂ 'ਚ ਕੇਰਲ 'ਚ ਭਾਰੀ ਮੀਂਹ ਦੀ ਸੰਭਾਵਨਾ ਹੈ। ਲੋਕਾਂ ਨੂੰ ਤੇਜ਼ ਹਵਾਵਾਂ ਅਤੇ ਗਰਜ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਿਮਾਚਲ ਪ੍ਰਦੇਸ਼ 'ਚ ਬਰਫ਼ਬਾਰੀ ਤੇ ਮੀਂਹ
ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਸੀਜ਼ਨ ਦੌਰਾਨ ਚੰਗੀ ਬਾਰਿਸ਼ ਹੋਈ, ਪਰ ਉਸ ਤੋਂ ਬਾਅਦ ਮੌਸਮ ਸ਼ਾਂਤ ਹੋ ਗਿਆ। ਹੁਣ, ਰਾਜ ਵਿੱਚ ਫਿਰ ਮੀਂਹ ਸ਼ੁਰੂ ਹੋ ਗਿਆ ਹੈ। ਅਗਲੇ 48 ਘੰਟਿਆਂ ਵਿੱਚ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਚਿਤਾਵਨੀ ਹੈ।
ਹੋਰ ਰਾਜਾਂ 'ਚ ਮੌਸਮ
ਆਈਐੱਮਡੀ ਦੇ ਅਨੁਸਾਰ, ਤਾਮਿਲਨਾਡੂ, ਉੱਤਰਾਖੰਡ, ਤੱਟਵਰਤੀ ਆਂਧਰਾ ਪ੍ਰਦੇਸ਼, ਪੁਡੂਚੇਰੀ, ਮਾਹੇ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਯਾਨਮ ਅਤੇ ਰਾਇਲਸੀਮਾ ਵਿੱਚ ਵੀ ਅਗਲੇ ਦੋ ਦਿਨਾਂ ਦੌਰਾਨ ਭਾਰੀ ਬਾਰਿਸ਼ ਹੋਵੇਗੀ। ਇਨ੍ਹਾਂ ਰਾਜਾਂ ਦੇ ਲੋਕਾਂ ਨੂੰ ਮੌਸਮ ਵਿੱਚ ਅਚਾਨਕ ਬਦਲਾਅ ਅਤੇ ਹੜ੍ਹ ਵਰਗੀਆਂ ਸਥਿਤੀਆਂ ਪ੍ਰਤੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਰਾਜਸਥਾਨ ਤੇ ਦਿੱਲੀ 'ਚ ਠੰਡ ਤੇਜ਼
ਰਾਜਸਥਾਨ ਤੇ ਦਿੱਲੀ 'ਚ ਮਾਨਸੂਨ ਦੇ ਮੌਸਮ ਦੌਰਾਨ ਚੰਗੀ ਬਾਰਿਸ਼ ਹੋਈ ਸੀ ਪਰ ਹੁਣ ਇਨ੍ਹਾਂ ਖੇਤਰਾਂ ਵਿੱਚ ਠੰਡ ਵਧ ਰਹੀ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ 48 ਘੰਟਿਆਂ ਵਿੱਚ ਸਵੇਰ ਅਤੇ ਰਾਤ ਦੇ ਤਾਪਮਾਨ ਵਿੱਚ 2-3 ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਲੋਕਾਂ ਨੂੰ ਇਸ ਸਮੇਂ ਦੌਰਾਨ ਠੰਡ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਸਾਵਧਾਨੀ ਜ਼ਰੂਰੀ ਹੈ
ਮੌਸਮ ਵਿਭਾਗ ਨੇ ਸਾਰੇ ਪ੍ਰਭਾਵਿਤ ਰਾਜਾਂ ਦੇ ਲੋਕਾਂ ਨੂੰ ਭਾਰੀ ਬਾਰਿਸ਼ ਅਤੇ ਬਰਫ਼ਬਾਰੀ ਦੌਰਾਨ ਚੌਕਸ ਰਹਿਣ, ਬਿਜਲੀ ਅਤੇ ਰੁੱਖਾਂ ਤੋਂ ਦੂਰ ਰਹਿਣ ਅਤੇ ਲੋੜ ਪੈਣ 'ਤੇ ਪਨਾਹ ਲੈਣ ਦੀ ਅਪੀਲ ਕੀਤੀ ਹੈ।
Credit : www.jagbani.com