ਜੰਮੂ/ਸ਼ਿਮਲਾ (ਰੌਸ਼ਨੀ, ਸੰਤੋਸ਼) - ਜੰਮੂ-ਕਸ਼ਮੀਰ ਅਤੇ ਹਿਮਾਚਲ ਦੀਆਂ ਉੱਚੀਆਂ ਪਹਾੜੀਆਂ ’ਤੇ ਤਾਜ਼ਾ ਬਰਫਬਾਰੀ ਹੋਣ ਨਾਲ ਠੰਢ ਦਾ ਕਹਿਰ ਜਾਰੀ ਹੈ। ਕਸ਼ਮੀਰ ’ਚ ਜੋਜ਼ਿਲਾ ਦੱਰੇ, ਸੋਨਮਰਗ, ਬਾਲਟਾਲ, ਥਾਜੀਵਾਸ ਅਤੇ ਮਿਨਾਮਰਗ ਸਮੇਤ ਕਈ ਇਲਾਕਿਆਂ ’ਚ ਹਲਕੀ ਤੋਂ ਦਰਮਿਆਨੀ ਬਰਫਬਾਰੀ ਦਰਜ ਕੀਤੀ ਗਈ ਹੈ। ਇਸ ਕਾਰਨ ਤਾਪਮਾਨ ’ਚ ਭਾਰੀ ਗਿਰਾਵਟ ਆਈ ਹੈ ਅਤੇ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜ ਮਾਰਗ ਨੂੰ ਸੁਰੱਖਿਆ ਦੇ ਮੱਦੇਨਜ਼ਰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ। ਵਿਸ਼ਵ-ਪ੍ਰਸਿੱਧ ਰੋਹਤਾਂਗ ਦੱਰਾ ਚਿੱਟੀ ਚਾਦਰ ’ਚ ਲਿਪਟਿਆ ਵਿਖਾਈ ਦਿੱਤਾ।
ਇਸ ਦਰਮਿਆਨ ਕਾਰਗਿਲ ਜ਼ਿਲੇ ਦੇ ਦਰਾਸ, ਮਿਨਾਮਰਗ, ਗੁਮਰੀ ਅਤੇ ਜਾਂਸਕਾਰ ਖੇਤਰ ’ਚ ਵੀ ਹਲਕੀ ਬਰਫਬਾਰੀ ਹੋਈ ਹੈ, ਜਿਸ ਨਾਲ ਪੂਰੇ ਲੱਦਾਖ ਖੇਤਰ ’ਚ ਠੰਢ ਹੋਰ ਵਧ ਗਈ ਹੈ। ਦਰਾਸ ’ਚ ਤਾਪਮਾਨ ਮਨਫੀ 12 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਸੋਨਮਰਗ ’ਚ ਸਵੇਰ ਦੇ ਸਮੇਂ ਸੜਕਾਂ ਬੇਹੱਦ ਤਿਲਕਣ ਭਰੀਆਂ ਸਨ, ਜਿਸ ਨਾਲ ਕਈ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਹੋਈ।
ਹਿਮਾਚਲ ਪ੍ਰਦੇਸ਼ ’ਚ ਪਿਛਲੇ ਲੱਗਭਗ ਇਕ ਮਹੀਨੇ ਤੋਂ ਸੋਕਾ ਪਿਆ ਹੈ, ਜਿਸ ਨਾਲ ਖੇਤੀਬਾੜੀ ਅਤੇ ਜਲ ਭੰਡਾਰਾਂ ’ਤੇ ਅਸਰ ਪਿਆ ਹੈ। ਉੱਚੇ ਇਲਾਕਿਆਂ ’ਚ ਤਾਪਮਾਨ ਦੇ ਸਿਫ਼ਰ ਤੋਂ ਹੇਠਾਂ ਪੁੱਜਣ ਨਾਲ ਕੁਦਰਤੀ ਜਲ ਭੰਡਾਰ, ਨਾਲਿਆਂ ਅਤੇ ਝਰਨਿਆਂ ’ਚ ਪਾਣੀ ਜੰਮ ਗਿਆ ਹੈ। ਸਭ ਤੋਂ ਘੱਟ ਤਾਪਮਾਨ ਲਾਹੌਲ-ਸਪਿਤੀ ਜ਼ਿਲੇ ਦੇ ਕੁਕੁਮਸੇਰੀ ’ਚ ਮਨਫੀ 6.2 ਡਿਗਰੀ ਸੈਲਸੀਅਸ ਅਤੇ ਤਾਬੋ ’ਚ ਮਨਫੀ 1.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਕੇਲਾਂਗ ’ਚ ਵੀ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ ਹੇਠਾਂ ਮਨਫੀ ’ਚ ਚਲਾ ਗਿਆ ਹੈ।
Credit : www.jagbani.com