ਬੈਂਕਾਕ - ਥਾਈਲੈਂਡ ਅਤੇ ਕੰਬੋਡੀਆ ਵਿਚਾਲੇ ਇਕ ਵਾਰ ਫਿਰ ਹਿੰਸਾ ਭੜਕ ਉੱਠੀ ਹੈ। ਥਾਈਲੈਂਡ ਨੇ ਸੋਮਵਾਰ ਸਵੇਰੇ ਐੱਫ-16 ਲੜਾਕੂ ਜਹਾਜ਼ਾਂ ਨਾਲ ਕੰਬੋਡੀਆ ’ਚ ਇਕ ਕੈਸੀਨੋ ’ਤੇ ਏਅਰ ਸਟ੍ਰਾਈਕ ਕੀਤੀ। ਥਾਈ ਫੌਜ ਦਾ ਦੋਸ਼ ਹੈ ਕਿ ਇਹ ਕੈਸੀਨੋ ਕੰਬੋਡੀਅਨ ਫੌਜੀਆਂ ਦਾ ਬੇਸ ਬਣ ਚੁੱਕਾ ਸੀ, ਜਿੱਥੇ ਭਾਰੀ ਹਥਿਆਰ ਅਤੇ ਡਰੋਨ ਰੱਖੇ ਜਾ ਰਹੇ ਸਨ। ਇਸ ਤੋਂ ਇਲਾਵਾ ਕੰਬੋਡੀਆ ਆਪਣੀ ਫੌਜ ਨੂੰ ਨਵੀਆਂ ਥਾਵਾਂ ’ਤੇ ਤਾਇਨਾਤ ਕਰ ਰਿਹਾ ਸੀ, ਜਿਸ ਕਾਰਨ ਉਸ ਨੂੰ ਹਵਾਈ ਹਮਲਾ ਕਰਨਾ ਪਿਆ।
ਰਿਪੋਰਟਸ ਦੇ ਅਨੁਸਾਰ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹੋਈ ਗੋਲੀਬਾਰੀ ’ਚ ਹੁਣ ਤੱਕ 4 ਕੰਬੋਡੀਅਨ ਨਾਗਰਿਕ ਅਤੇ ਇਕ ਥਾਈ ਫੌਜੀ ਦੀ ਮੌਤ ਹੋ ਗਈ। ਦੋਵਾਂ ਦੇਸ਼ਾਂ ਵਿਚਾਲੇ ਮਈ ’ਚ 5 ਦਿਨਾਂ ਤੱਕ ਲੜਾਈ ਚੱਲੀ ਸੀ, ਜਿਸ ’ਚ 30 ਤੋਂ ਵੱਧ ਲੋਕ ਮਾਰੇ ਗਏ ਸਨ।
ਇਸ ਤੋਂ ਬਾਅਦ ਅਕਤੂਬਰ ’ਚ ਦੋਵਾਂ ਦੇਸ਼ਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ’ਚ ਸ਼ਾਂਤੀ ਸਮਝੌਤਾ ਕੀਤਾ ਸੀ। ਥਾਈਲੈਂਡ ਅਤੇ ਕੰਬੋਡੀਆ ਵਿਚਾਲੇ ਲੰਬੇ ਸਮੇਂ ਤੋਂ ਪ੍ਰੀਹ ਵਿਹਾਰ ਅਤੇ ਤਾ ਮੁਏਨ ਥਾਮ ਵਰਗੇ ਪ੍ਰਾਚੀਨ ਸ਼ਿਵ ਮੰਦਰਾਂ ਨੂੰ ਲੈ ਕੇ ਸਰਹੱਦੀ ਵਿਵਾਦ ਚੱਲ ਰਿਹਾ ਹੈ। ਇਹ ਮੰਦਰ ਦੋਵਾਂ ਦੇਸ਼ਾਂ ਦੀ ਸਰਹੱਦ ਨੇੜੇ ਸਥਿਤ ਹਨ ਅਤੇ ਆਲੇ-ਦੁਆਲੇ ਦੀ ਜ਼ਮੀਨ ’ਤੇ ਦੋਵੇਂ ਦੇਸ਼ ਆਪਣਾ-ਆਪਣਾ ਦਾਅਵਾ ਕਰਦੇ ਹਨ।
ਕੰਬੋਡੀਆ ਨੇ ਕਿਹਾ-ਥਾਈ ਫੌਜ ਭੜਕਾਉਣ ਵਾਲੀਆਂ ਹਰਕਤਾਂ ਕਰ ਰਹੀ
ਕੰਬੋਡੀਆ ਨੇ ਥਾਈਲੈਂਡ ਦੇ ਦੋਸ਼ਾਂ ਨੂੰ ਝੂਠਾ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਕੋਈ ਹਮਲਾ ਨਹੀਂ ਕੀਤਾ ਅਤੇ ਉਹ ਸਾਰੇ ਮੁੱਦਿਆਂ ਨੂੰ ਸ਼ਾਂਤੀ ਨਾਲ ਹੱਲ ਕਰਨਾ ਚਾਹੁੰਦਾ ਹੈ ਪਰ ਥਾਈ ਫੌਜ ਕਈ ਦਿਨਾਂ ਤੋਂ ਭੜਕਾਉਣ ਵਾਲੀਆਂ ਹਰਕਤਾਂ ਕਰ ਰਹੀ ਹੈ।
ਇਸ ਲੜਾਈ ਕਾਰਨ ਸਰਹੱਦ ਨੇੜੇ ਰਹਿਣ ਵਾਲੇ ਥਾਈਲੈਂਡ ਦੇ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਹਨ। ਥਾਈ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਲੱਗਭਗ 70 ਫੀਸਦੀ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਹੈ।
ਥਾਈਲੈਂਡ ਅਤੇ ਕੰਬੋਡੀਆ ਵਿਚਾਲੇ ਸਰਹੱਦੀ ਵਿਵਾਦ 118 ਸਾਲ ਪੁਰਾਣਾ
ਥਾਈਲੈਂਡ ਅਤੇ ਕੰਬੋਡੀਆ ਵਿਚਾਲੇ ਸਰਹੱਦੀ ਵਿਵਾਦ 118 ਸਾਲ ਪੁਰਾਣਾ ਹੈ। ਇਨ੍ਹਾਂ ਦਾ ਧਿਆਨ ਪ੍ਰੀਹ ਵਿਹਾਰ ਅਤੇ ਤਾ ਮੁਏਨ ਥਾਮ ਵਰਗੇ ਪ੍ਰਾਚੀਨ ਮੰਦਰਾਂ ’ਤੇ ਹੈ, ਜੋ ਦੋਵਾਂ ਦੇਸ਼ਾਂ ਦੀ ਸਰਹੱਦ ਦੇ ਬਹੁਤ ਨੇੜੇ ਸਥਿਤ ਹਨ। 1907 ’ਚ, ਜਦੋਂ ਕੰਬੋਡੀਆ ਫਰਾਂਸ ਦੇ ਅਧੀਨ ਸੀ, ਤਾਂ ਦੋਵਾਂ ਦੇਸ਼ਾਂ ਵਿਚਾਲੇ 817 ਕਿਲੋਮੀਟਰ ਲੰਬੀ ਸਰਹੱਦ ਬਣਾਈ ਗਈ। ਥਾਈਲੈਂਡ ਨੇ ਇਸ ਦਾ ਵਿਰੋਧ ਕੀਤਾ, ਕਿਉਂਕਿ ਨਕਸ਼ੇ ’ਚ ਪ੍ਰੀਹ ਵਿਹਾਰ ਮੰਦਰ ਨੂੰ ਕੰਬੋਡੀਆ ਦੇ ਹਿੱਸੇ ’ਚ ਦਿਖਾਇਆ ਗਿਆ ਸੀ। ਤਾ ਮੁਏਨ ਥਾਮ ਮੰਦਰ ਨੂੰ ਥਾਈਲੈਂਡ ’ਚ ਦਿਖਾਇਆ ਗਿਆ, ਜਿਸ ਨੂੰ ਕੰਬੋਡੀਆ ਆਪਣਾ ਮੰਨਦਾ ਹੈ। ਇਹ ਵਿਵਾਦ 1959 ’ਚ ਅੰਤਰਰਾਸ਼ਟਰੀ ਅਦਾਲਤ ਤੱਕ ਪਹੁੰਚਿਆ। 1962 ’ਚ ਅਦਾਲਤ ਨੇ ਪ੍ਰੀਹ ਵਿਹਾਰ ਮੰਦਰ ਨੂੰ ਕੰਬੋਡੀਆ ਦਾ ਹਿੱਸਾ ਮੰਨਿਆ। ਥਾਈਲੈਂਡ ਨੇ ਫੈਸਲੇ ਨੂੰ ਸਵੀਕਾਰ ਕਰ ਲਿਆ ਪਰ ਆਲੇ-ਦੁਆਲੇ ਦੀ ਜ਼ਮੀਨ ’ਤੇ ਦਾਅਵਾ ਅੱਜ ਵੀ ਜਾਰੀ ਹੈ।
Credit : www.jagbani.com