ਚੰਡੀਗੜ੍ਹ- ਚੰਡੀਗੜ੍ਹ 'ਚ ਪੰਜਾਬ ਕਾਂਗਰਸ ਵੱਲੋਂ ਸੂਬਾ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਵਿਧਾਨ ਸਭਾ ਦਾ ਘਿਰਾਓ ਕੀਤਾ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਦਾ ਹੌਂਸਲਾ ਵਧਾਇਆ ਅਤੇ ਸਰਕਾਰ ਨੂੰ ਜਗਾਉਣ ਲਈ 'ਜਾਗੋ ਸਰਕਾਰ' ਦਾ ਨਾਅਰਾ ਦਿੱਤਾ। ਰਾਜਾ ਵੜਿੰਗ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਈ ਲੋਕ ਇਸ ਗੱਲ ਤੋਂ ਡਰਦੇ ਹਨ ਕਿ ਧਰਨੇ ਦੌਰਾਨ ਪੱਗ ਗਿੱਲੀ ਨਾ ਹੋ ਜਾਵੇ, ਪਰ ਉਨ੍ਹਾਂ ਨੂੰ ਬੇਨਤੀ ਹੈ ਕਿ ਸੰਘਰਸ਼ ਤੋਂ ਪਿੱਛੇ ਨਾ ਹਟਿਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਅੱਗੇ ਰਹਾਂਗੇ, ਤੁਸੀਂ ਚਾਹੋ ਤਾਂ ਪਿੱਛੇ ਖੜ੍ਹੇ ਹੋ ਜਾਓ, ਪਰ ਗ੍ਰਿਫਤਾਰੀ ਸਭ ਨੇ ਦੇਣੀ ਹੈ।
ਸਰਕਾਰ ਦੀਆਂ ਨਾਕਾਮੀਆਂ 'ਤੇ ਨਿਸ਼ਾਨਾ
ਵੜਿੰਗ ਨੇ ਮੌਜੂਦਾ ਸਰਕਾਰ ਨੂੰ "ਗੁੰਗੀ-ਬੋਲੀ" ਅਤੇ "ਮੁਕੰਮਲ ਤੌਰ 'ਤੇ ਫੇਲ੍ਹ" ਕਰਾਰ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਪੰਜਾਬ ਸਿਰ 4.15 ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਅਨੁਮਾਨ ਹੈ। ਸਰਕਾਰ ਦੱਸੇ ਉਨ੍ਹਾਂ ਨੇ ਪੈਸੇ ਕਿੱਥੇ ਲਾਏ ਹਨ? ਉਨ੍ਹਾਂ ਕਿਹਾ ਨਾ ਕੋਈ ਵੱਡਾ ਹਸਪਤਾਲ ਬਣਿਆ, ਨਾ ਹੀ ਸਕੂਲ, ਨਾ ਮੈਡੀਕਲ ਕਾਲਜ ਅਤੇ ਨਾ ਹੀ ਕੋਈ ਯੂਨੀਵਰਸਿਟੀ ਬਣੀ ਹੈ। ਉਨ੍ਹਾਂ ਕਿਹਾ ਜੇਕਰ ਮੁੱਖ ਮੰਤਰੀ ਵਿਕਾਸ ਦਿਖਾ ਦੇਵੇ ਤਾਂ ਉਹ ਰਾਜਨੀਤੀ ਛੱਡ ਦੇਣਗੇ। ਵੜਿੰਗ ਨੇ ਕਿਹਾ ਸਿਰਫ ਪੁਰਾਣੇ ਸਕੂਲਾਂ 'ਤੇ ਕੂਚੀ ਮਾਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਇਹ ਸਾਰਾ ਪੈਸਾ ਹੋਰ ਸਟੇਟਾਂ 'ਚ ਦਿੱਲੀ , ਗੁਜਰਾਤ, ਗੋਆ ਇਲੈਕਸ਼ਨ 'ਚ ਲਗਾਇਆ ਗਿਆ ਹੈ। ਇਸ ਦੌਰਾਨ ਵੜਿੰਗ ਨੇ ਕਿਹਾ ਸਰਕਾਰ ਵੱਲੋਂ ਹਾਜ਼ਰਾਂ ਕਰੋੜ ਰੁਪਏ ਇਸ਼ਤਿਹਾਰਾਂ 'ਤੇ ਹੀ ਲਗਾ ਦਿੱਤੇ ਗਏ।
ਅਧੂਰੇ ਵਾਅਦੇ
ਵੜਿੰਗ ਨੇ ਕਿਹਾ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ 4 ਸਾਲਾਂ ਬਾਅਦ ਵੀ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਅੱਜ 4 ਸਾਲ ਹੋ ਚੁੱਕੇ ਹਨ ਪਰ 1000 ਰੁਪਏ ਨਾਲ ਕੰਮ ਨਹੀਂ ਚੱਲਣਾ। ਉਨ੍ਹਾਂ ਕਿਹਾ 5 ਸਾਲਾਂ ਦਾ 48 ਹਜ਼ਾਰ ਰੁਪਏ ਲੈਣੇ ਹਨ। ਇਸ ਤੋਂ ਇਲਾਵਾ, ਕਾਂਗਰਸ ਸਮੇਂ ਮਿਲਣ ਵਾਲੀ 30 ਕਿਲੋ ਕਣਕ ਨੂੰ ਘਟਾ ਕੇ 5 ਕਿਲੋ ਕਰ ਦਿੱਤਾ ਗਿਆ ਹੈ। ਪੰਜਾਬ ਦੀ ਸਰਕਾਰ ਮੁਕੰਮਲ ਤੌਰ 'ਤੇ ਫੇਲ੍ਹ ਹੋ ਗਈ ਹੈ। ਉਨ੍ਹਾਂ ਕਿਹਾ ਅੱਜ ਤੱਕ ਇਕ ਰੁਪਿਆ ਨਹੀਂ ਪੇਂਸ਼ਨ ਸਕੀਮ 'ਚੋਂ ਵਧਾਇਆ ਗਿਆ। ਇੰਨਾ ਹੀ ਨਹੀਂ ਪੰਜਾਬ ਦੇ ਕਿਸਾਨਾਂ ਨੂੰ ਪੁਲਸ ਵੱਲੋਂ ਕੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸ਼ਗਨ ਸਕੀਨ ਦੀ ਵੀ ਸਥਿਤੀ ਜਿਉਂ ਦੀ ਤਿਉਂ ਰਹੀ ਹੈ।
ਕਾਨੂੰਨ ਵਿਵਸਥਾ 'ਤੇ ਚੁੱਕੇ ਸਵਾਲ
ਸੂਬੇ ਵਿੱਚ ਦਿਨ-ਦਿਹਾੜੇ ਪੁਲਸ ਮੁਲਾਜ਼ਮਾਂ ਦੇ ਕਤਲ ਹੋ ਰਹੇ ਹਨ, ਜਿਸ ਨਾਲ ਪੁਲਸ ਮੁਲਾਜ਼ਮ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਗੈਂਗਸਟਰਾਂ ਦੀਆਂ ਜੇਲ੍ਹਾਂ ਵਿੱਚੋਂ ਇੰਟਰਵਿਊਆਂ ਆ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
Credit : www.jagbani.com