ਜਲੰਧਰ–ਪੰਕਜ ਕਤਲਕਾਂਡ ਦੇ ਮੁੱਖ ਦੋਵਾਂ ਮੁਲਜ਼ਮਾਂ ਨੂੰ ਜਲੰਧਰ ਪੁਲਸ ਨੇ ਯੂ. ਪੀ. ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਦੋਵੇਂ ਕਾਤਲ ਕੋਈ ਹੋਰ ਨਹੀਂ, ਸਗੋਂ ਪੰਕਜ ਦੇ ਜਿਗਰੀ ਦੋਸਤ ਸਨ। ਪੁਲਸ ਇਸ ਮਾਮਲੇ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਕਰ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਪੰਕਜ ਕੁਮਾਰ ਨਿਵਾਸੀ ਸ਼ੀਤਲ ਨਗਰ ਅਤੇ ਬਲਵਿੰਦਰ ਭਈਆ ਦਾ ਆਪਸ ਵਿਚ ਪੈਸਿਆਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਪਰ ਦੋਵਾਂ ਵਿਚੋਂ ਕੋਈ ਵੀ ਖੁੱਲ੍ਹ ਕੇ ਇਕ-ਦੂਜੇ ਦਾ ਵਿਰੋਧ ਨਹੀਂ ਕਰ ਰਿਹਾ ਸੀ। ਅਜਿਹੇ ਵਿਚ ਬਲਵਿੰਦਰ ਭਈਆ ਨੇ ਆਪਣੇ ਦੋਸਤ (ਜੋ ਪੰਕਜ ਦਾ ਵੀ ਦੋਸਤ ਸੀ) ਨਾਲ ਸਾਰੀ ਪਲਾਨਿੰਗ ਤਿਆਰ ਕੀਤੀ। ਬੁੱਧਵਾਰ ਦੀ ਰਾਤ ਪਲਾਨਿੰਗ ਤਹਿਤ ਦੋਵਾਂ ਮੁਲਜ਼ਮਾਂ ਨੇ ਪੰਕਜ ਨੂੰ ਬੁਲਾਇਆ ਅਤੇ ਤਿੰਨੋਂ ਸ਼ਰਾਬ ਪੀਣ ਬੈਠ ਗਏ। ਪੰਕਜ ਨੂੰ ਜਾਣਬੁੱਝ ਕੇ ਜ਼ਿਆਦਾ ਸ਼ਰਾਬ ਪਿਆਈ ਗਈ ਤਾਂ ਕਿ ਕਤਲ ਕਰਦੇ ਸਮੇਂ ਉਨ੍ਹਾਂ ਨੂੰ ਜ਼ਿਆਦਾ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ।

ਜਿਵੇਂ ਹੀ ਉਨ੍ਹਾਂ ਨੂੰ ਲੱਗਾ ਕਿ ਪੰਕਜ ਨੇ ਕਾਫ਼ੀ ਜ਼ਿਆਦਾ ਸ਼ਰਾਬ ਪੀ ਲਈ ਹੈ ਤਾਂ ਉਹ ਉਸ ਨੂੰ ਗਦਾਈਪੁਰ ਨਹਿਰ ਨਜ਼ਦੀਕ ਮੁਰਗੀਖਾਨਾ ਨੇੜੇ ਲੈ ਗਏ। ਉਥੇ ਜਾ ਕੇ ਪਹਿਲਾਂ ਤੋਂ ਆਪਣੇ ਨਾਲ ਤੇਜ਼ਧਾਰ ਹਥਿਆਰ ਲੈ ਕੇ ਆਏ ਬਲਵਿੰਦਰ ਭਈਆ ਅਤੇ ਉਸ ਦੇ ਸਾਥੀ ਨੇ ਪੰਕਜ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਨੂੰ ਜਾਨੋਂ ਮਾਰਨ ਲਈ ਗਲੇ ਦੀਆਂ ਨਸਾਂ ਵੀ ਕੱਟੀਆਂ ਗਈਆਂ ਅਤੇ ਜਦੋਂ ਤਕ ਉਸ ਦੇ ਸਾਹ ਨਹੀਂ ਰੁਕੇ, ਮੁਲਜ਼ਮ ਪੰਕਜ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਰਹੇ ਅਤੇ ਬਾਅਦ ਵਿਚ ਜਦੋਂ ਉਸ ਦੀ ਮੌਤ ਹੋ ਗਈ ਤਾਂ ਦੋਵਾਂ ਮੁਲਜ਼ਮਾਂ ਨੇ ਉਸ ਦੀ ਲਾਸ਼ ਅਤੇ ਮੋਟਰਸਾਈਕਲ ਨੂੰ ਨਹਿਰ ਵਿਚ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਏ।
ਉਥੇ ਹੀ ਮਲਟੀਪਲ ਸੋਰਸਿਜ਼ ਤੋਂ ਜਦੋਂ ਪੁਲਸ ਨੂੰ ਬਲਵਿੰਦਰ ਭਈਆ ਦਾ ਪਤਾ ਲੱਗਾ ਤਾਂ ਪੁਲਸ ਨੇ ਪੰਕਜ ਦੇ ਮੋਬਾਇਲ ਦੀ ਸੀ. ਡੀ. ਆਰ. ਦੀ ਮਦਦ ਨਾਲ ਉਸ ਦਾ ਨੰਬਰ ਲਿਆ ਅਤੇ ਲੋਕੇਸ਼ਨ ਚੈੱਕ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ ਤਾਂ ਉਸ ਦਾ ਨੰਬਰ ਬੰਦ ਸੀ ਪਰ ਜਿਵੇਂ ਹੀ ਕੁਝ ਸੈਕਿੰਡ ਲਈ ਨੰਬਰ ਆਨ ਹੋਇਆ ਤਾਂ ਪੁਲਸ ਨੂੰ ਉਸ ਦੀ ਲੋਕੇਸ਼ਨ ਮਿਲ ਗਈ। ਕਾਹਲੀ ਵਿਚ ਪੁਲਸ ਨੇ ਬਿਨਾਂ ਦੇਰੀ ਕੀਤੇ ਯੂ. ਪੀ. ਵਿਚ ਰੇਡ ਕਰਕੇ ਬਲਵਿੰਦਰ ਅਤੇ ਉਸ ਦੇ ਸਾਥੀ ਨੂੰ ਕਾਬੂ ਕਰ ਲਿਆ। ਦੇਰ ਰਾਤ ਦੋਵਾਂ ਮੁਲਜ਼ਮਾਂ ਨੂੰ ਪੁਲਸ ਜਲੰਧਰ ਲੈ ਆਈ ਸੀ। ਦੱਸ ਦੇਈਏ ਕਿ ਵੀਰਵਾਰ ਸਵੇਰੇ 9 ਵਜੇ ਗਦਾਈਪੁਰ ਨਹਿਰ ਵਿਚੋਂ ਇਕ ਨੌਜਵਾਨ ਦੀ ਖ਼ੂਨ ਨਾਲ ਲਥਪਥ ਲਾਸ਼ ਮਿਲੀ ਸੀ, ਜਦਕਿ ਉਸ ਨੇੜੇ ਹੀ ਉਸ ਦਾ ਮੋਟਰਸਾਈਕਲ ਵੀ ਡਿੱਗਿਆ ਪਿਆ ਸੀ। ਜਿਵੇਂ ਹੀ ਪੁਲਸ ਨੂੰ ਸੂਚਨਾ ਮਿਲੀ ਤਾਂ ਕਮਿਸ਼ਨਰੇਟ ਪੁਲਸ ਅਫ਼ਸਰ ਘਟਨਾ ਸਥਾਨ ’ਤੇ ਪਹੁੰਚ ਗਏ ਸਨ। ਮੋਟਰਸਾਈਕਲ ਦੇ ਨੰਬਰ ਤੋਂ ਮ੍ਰਿਤਕ ਦੀ ਪਛਾਣ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com