ਪੁੱਠੀ ਪੈ ਗਈ ਆਸ਼ਕ ਨਾਲ ਮਿਲ ਕੇ ਪਤੀ ਖ਼ਿਲਾਫ਼ ਚੱਲੀ ਚਾਲ, ਸੋਚਿਆ ਨਹੀਂ ਸੀ ਇੰਝ ਪਾਸਾ ਪਲਟ ਜਾਵੇਗਾ

ਪੁੱਠੀ ਪੈ ਗਈ ਆਸ਼ਕ ਨਾਲ ਮਿਲ ਕੇ ਪਤੀ ਖ਼ਿਲਾਫ਼ ਚੱਲੀ ਚਾਲ, ਸੋਚਿਆ ਨਹੀਂ ਸੀ ਇੰਝ ਪਾਸਾ ਪਲਟ ਜਾਵੇਗਾ

ਪਟਿਆਲਾ -: ਇੱਥੇ ਆਸ਼ਕ ਨਾਲ ਮਿਲ ਕੇ ਪਤਨੀ ਵੱਲੋਂ ਆਪਣੇ ਪਤੀ ਨਾਲ ਚੱਲੀ ਗਈ ਅਚਾਨਕ ਪੁੱਠੀ ਪੈ ਗਈ। ਪਤਨੀ ਨੇ ਸੋਚਿਆ ਨਹੀਂ ਸੀ ਕਿ ਇੰਝ ਪਾਸਾ ਪਲਟ ਜਾਵੇਗਾ। ਫਿਲਹਾਲ ਇਸ ਮਾਮਲੇ ਸਬੰਧੀ ਪਤੀ ਖ਼ਿਲਾਫ਼ ਸਾਜਿਸ਼ ਰਚਣ ਵਾਲੀ ਪਤਨੀ ਅਤੇ ਉਸ ਦਾ ਆਸ਼ਕ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਪਹੁੰਚ ਗਏ ਹਨ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਣ ਦੀ ਮੁਹਿੰਮ ਤਹਿਤ ਸੀ. ਆਈ. ਏ. ਸਟਾਫ਼ ਪਟਿਆਲਾ ਦੀ ਪੁਲਸ ਨੇ ਮਨਮਿੰਦਰਜੀਤ ਸਿੰਘ ਉਰਫ਼ ਮਨੂੰ ਪੁੱਤਰ ਮਿੱਠੂ ਸਿੰਘ ਵਾਸੀ ਪਟਿਆਲਾ ਨੂੰ ਨਾਭਾ ਰੋਡ ਤੋਂ ਨਾਕਾਬੰਦੀ ਕਰ ਕੇ 1300 ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ।

ਉਸ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਸੀ. ਆਈ. ਏ. ਸਟਾਫ਼ ਨੇ ਪੁਲਸ ਰਿਮਾਂਡ ਹਾਸਲ ਕੀਤਾ। ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਮਨਮਿੰਦਰਜੀਤ ਸਿੰਘ ਵਿਆਹੁਤਾ ਅਤੇ ਬਾਲ-ਬੱਚੇਦਾਰ ਹੈ। ਡੇਢ ਸਾਲ ਪਹਿਲਾਂ ਉਸ ਦੇ ਮੋਬਾਇਲ ’ਤੇ ਇਕ ਜਨਾਨੀ ਦੀ ਮਿਸਡ ਕਾਲ ਆਈ ਅਤੇ ਬਾਅਦ ’ਚ ਮਨਮਿੰਦਰਜੀਤ ਸਿੰਘ ਨੇ ਉਸ ਨੰਬਰ ’ਤੇ ਫੋਨ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਦੋਹਾਂ ’ਚ ਸੰਪਰਕ ਵੱਧ ਗਿਆ ਅਤੇ ਜਨਾਨੀ ਸਰਬਜੀਤ ਕੌਰ ਪਤਨੀ ਜਗਸੀਰ ਸਿੰਘ ਘਰ ਤੋਂ ਖਰੀਦੋ-ਫਰੋਖ਼ਤ ਕਰਨ ਦੇ ਬਹਾਨੇ ਆ ਕੇ ਮਨਮਿੰਦਰਜੀਤ ਸਿੰਘ ਨਾਲ ਪਟਿਆਲਾ, ਸਮਾਣਾ ਅਤੇ ਅੰਮ੍ਰਿਤਸਰ ਸਾਹਿਬ ਵਿਖੇ ਮਿਲਣ ਲੱਗ ਪਈ।

ਪੁਲਸ ਦੀ ਜਾਂਚ ਮੁਤਾਬਕ ਹੁਣ ਦੋਵੇਂ ਪਿਛਲੇ 10-15 ਦਿਨਾਂ ਤੋਂ ਇਹ ਸਾਜ਼ਿਸ਼ ਰਚ ਰਹੇ ਸਨ ਕਿ ਉਹ ਦੋਹਾਂ ਦੇ ਪ੍ਰੇਮ ਸਬੰਧਾਂ 'ਚ ਰੋੜਾ ਬਣੇ ਜਗਸੀਰ ਸਿੰਘ ਦੇ ਵਾਹਨ ’ਚ ਨਸ਼ੇ ਵਾਲੀਆਂ ਗੋਲੀਆਂ ਰੱਖ ਕੇ ਇਸ ਦੀ ਸੂਚਨਾ ਪੁਲਸ ਨੂੰ ਦੇ ਦੇਣਗੇ ਅਤੇ ਨਸ਼ੇ ਵਾਲੀਆਂ ਗੋਲੀਆਂ ਸਮੇਤ ਉਸ ਨੂੰ ਫੜ੍ਹਾ ਦੇਣਗੇ ਤਾਂ ਜੋ ਜਗਸੀਰ ਸਿੰਘ ਐੱਨ. ਡੀ. ਪੀ. ਐੱਸ. ਐਕਟ ਤਹਿਤ ਦਰਜ ਕੇਸ ’ਚ ਲੰਬੇ ਸਮੇਂ ਲਈ ਜੇਲ੍ਹਾ ਚਲਾ ਜਾਵੇਗਾ ਅਤੇ ਉਹ ਆਪਸ ’ਚ ਖੁੱਲ੍ਹ ਕੇ ਮਿਲ ਸਕਣਗੇ।

ਇਸ ਸਾਜ਼ਿਸ਼ ਲਈ ਸਰਬਜੀਤ ਕੌਰ ਨੇ ਮਨਮਿੰਦਰਜੀਤ ਸਿੰਘ ਨੂੰ ਨਸ਼ੇ ਵਾਲੀਆਂ ਗੋਲੀਆਂ ਦਾ ਪ੍ਰਬੰਧ ਕਰਨ ਲਈ 15 ਹਜ਼ਾਰ ਰੁਪਏ ਦਿੱਤੇ ਅਤੇ ਮਨਮਿੰਦਰਜੀਤ ਸਿੰਘ ਇਨ੍ਹਾਂ ਪੈਸਿਆਂ ਦੀਆਂ ਗੋਲੀਆਂ ਲੈ ਕੇ ਆਇਆ ਪਰ ਨਾਕਾਬੰਦੀ ਦੌਰਾਨ ਫੜ੍ਹਿਆ ਗਿਆ। ਇਸ ਖ਼ੁਲਾਸੇ ਤੋਂ ਬਾਅਦ ਪੁਲਸ ਨੇ ਇਸ ਮਾਮਲੇ ’ਚ ਸਰਬਜੀਤ ਕੌਰ ਨੂੰ ਪਿੰਡ ਤੋਂ ਗ੍ਰਿਫ਼ਤਾਰ ਕਰ ਲਿਆ। ਦੋਹਾਂ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Credit : www.jagbani.com

  • TODAY TOP NEWS