ਬਿਕਰਮ ਮਜੀਠੀਆ ਦਾ ਵੱਡਾ ਬਿਆਨ, ‘ਆਪ’ ’ਚ ਸ਼ਾਮਲ ਹੋਣ ਦੀ ਤਿਆਰੀ ’ਚ ਕੁੰਵਰ ਵਿਜੇ ਪ੍ਰਤਾਪ

ਬਿਕਰਮ ਮਜੀਠੀਆ ਦਾ ਵੱਡਾ ਬਿਆਨ, ‘ਆਪ’ ’ਚ ਸ਼ਾਮਲ ਹੋਣ ਦੀ ਤਿਆਰੀ ’ਚ ਕੁੰਵਰ ਵਿਜੇ ਪ੍ਰਤਾਪ

ਮਜੀਠਾ - ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਜਲਦੀ ਹੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ ਅਤੇ ਇਸੇ ਕਾਰਨ ਉਹ ਕੋਟਕਪੂਰਾ ਗੋਲੀਕਾਂਡ ਕੇਸ ਦਾ ਸਿਆਸੀਕਰਨ ਕਰ ਰਹੇ ਹਨ ਹਾਲਾਂਕਿ ਅਸਲੀਅਤ ਇਹ ਹੈ ਕਿ ਹਾਈ ਕੋਰਟ ਨੇ ਉਸ ਵੱਲੋਂ ਕੀਤੀ ਜਾਂਚ ਰੱਦ ਕਰ ਦਿੱਤੀ ਹੈ ਤੇ ਸਰਕਾਰ ਨੂੰ ਉਸ ਨੂੰ ਕੇਸ ਨਾਲੋਂ ਵੱਖ ਕਰਨ ਲਈ ਕਿਹਾ ਹੈ। ਅੱਜ ਮਜੀਠੀਆ ਇਥੇ ਮਜੀਠਾ ਨਗਰ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਮਜੀਠਾ ਨਗਰ ਕੌਂਸਲ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਹੋਈ, ਜਿਸ ਵਿਚ ਸਲਵੰਤ ਸਿੰਘ ਸੇਠ ਨੂੰ ਪ੍ਰਧਾਨ ਚੁਣਿਆ ਗਿਆ, ਨਰਿੰਦਰ ਨਈਅਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਮਨਜੀਤ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ।

ਮਜੀਠੀਆ ਨੇ ਅੱਗੇ ਕਿਹਾ ਕਿ ਆਈ. ਜੀ. ਨੇ ਹਾਈ ਕੋਰਟ ਦੇ ਹੁਕਮਾਂ ਦਾ ਘੋਰ ਅਪਮਾਨ ਕਰ ਕੇ ਸੇਵਾ ਨਿਯਮਾਂ ਨੂੰ ਛਿੱਕੇ ਟੰਗਿਆ ਤੇ ਅਕਾਲੀ ਦਲ ਖ਼ਿਲਾਫ਼ ਉਸ ਵੱਲੋਂ ਸ਼ੁਰੂ ਕੀਤੀ ਗਈ ਸਿਆਸੀ ਬਦਲਾਖੋਰੀ ਨੂੰ ਅਦਾਲਤ ਨੇ ਬੇਨਕਾਬ ਕਰ ਦਿੱਤਾ। ਉਨ੍ਹਾਂ ਕਿਹਾ ਕਿ ਆਈ. ਜੀ. ਨੂੰ ਅਦਾਲਤ ਵਿਚ ਇਕ ਪੁਲਸ ਅਫਸਰ ਨੇ ਹੀ ਚੁਣੌਤੀ ਦਿੱਤੀ ਤੇ ਅਕਾਲੀ ਦਲ ਅਦਾਲਤ ਵਿਚ ਨਹੀਂ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਐੱਸ. ਆਈ. ਟੀ. ਦੇ ਮੁਖੀ ਏ. ਡੀ. ਜੀ. ਪੀ. ਪ੍ਰਬੋਧ ਕੁਮਾਰ ਤੇ ਆਈ. ਜੀ. ਅਰੁਣਪਾਲ ਸਿੰਘ ਸਮੇਤ ਤਿੰਨ ਮੈਂਬਰਾਂ ਨੇ ਮਾਮਲੇ ਵਿਚ ਕੁੰਵਰ ਵਿਜੇ ਪ੍ਰਤਾਪ ਵੱਲੋਂ ਕੀਤੀ ਜਾਂਚ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਅਤੇ ਇਹ ਲਿਖਤੀ ਤੌਰ ’ਤੇ ਦੇ ਕੇ ਕੇਸ ਦਾ ਸਿਆਸੀਕਰਨ ਕਰਨ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਸਰਕਾਰ ਨੇ ਇਸ ਪੁਲਸ ਅਫਸਰ ਦਾ ਇਸ ਕਰਕੇ ਪੱਖ ਪੂਰਿਆ ਹੈ ਕਿਉਂਕਿ ਉਹ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਖੇਡ ਰਿਹਾ ਸੀ ਤੇ ਅਕਾਲੀ ਦਲ, ਧਾਰਮਿਕ ਸੰਸਥਾਵਾਂ ਤੇ ਸਿੱਖ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਾਲੇ ਵੀ ਕੇਸ ਦੇ ਮਾਮਲੇ ਨੂੰ ਗੁੰਮਰਹ ਕਰ ਰਹੀ ਹੈ ਤਾਂ ਜੋ ਕਿ ਅਕਾਲੀ ਦਲ ਅਤੇ ਇਸਦੀ ਸੀਨੀਅਰ ਲੀਡਰਸ਼ਿਪ ਨੂੰ ਕੇਸ ਵਿਚ ਫਸਾਇਆ ਜਾ ਸਕੇ। ਮਜੀਠੀਆ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਸੂਬੇ ਵਿਚ ਸਿਹਤ ਪ੍ਰਣਾਲੀ ਢਹਿ ਢੋਰੀ ਹੋ ਗਈ ਹੈ ਤੇ ਸੂਬੇ ਵਿਚ ਮੌਤ ਦਰ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਸਪਤਾਲਾਂ ਵਿਚ ਬੈੱਡ ਨਹੀਂ ਮਿਲ ਰਹੇ ਅਤੇ ਕੋਈ ਵੈਂਟੀਲੇਟਰ ਨਹੀਂ ਹਨ। ਉਨ੍ਹਾਂ ਕਿਹਾ ਕਿ ਰੈਮਡੇਸਿਵਿਰ ਦੀ ਤਾਂ ਗੱਲ ਹੀ ਛੱਡੋ ਡੋਲੋ ਗੋਲੀਆਂ ਵੀ ਨਹੀਂ ਮਿਲ ਰਹੀਆਂ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਇਹ ਮਾਮਲਾ ਵਿਧਾਨ ਸਭਾ ਵਿਚ ਚੁੱਕਿਆ ਸੀ ਤੇ ਸਰਕਾਰ ਵੱਲੋਂ ਮਹਾਮਾਰੀ ਨਾਲ ਨਜਿੱਠਣ ਵਿਚ ਢਿੱਲ ਮੱਠ ਦੀ ਗੱਲ ਵੀ ਉਜਾਗਰ ਕੀਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਇਹ ਵੀ ਉਜਾਗਰ ਕੀਤਾ ਸੀ ਕਿ ਕਿਵੇਂ ਸਿਹਤ ਮੰਤਰੀ ਨੇ ਪ੍ਰਾਈਵੇਟ ਹਸਪਤਾਲ ਵਿਚ ਆਪਣਾ ਇਲਾਜ ਕਰਵਾਉਣ ਨੂੰ ਤਰਜੀਹ ਦਿੱਤੀ ਤੇ ਕਿਵੇਂ ਅਮਨਦੀਪ ਹਸਪਤਾਲ ਹੱਥੋਂ ਲੋਕਾਂ ਦੀ ਲੁੱਟ ਹੋਈ ਤੇ ਅੰਮ੍ਰਿਤਸਰ ਦੀ ਤੁੱਲੀ ਲੈਬਾਰਟਰੀ ਵੱਲੋਂ ਕੋਰੋਨਾ ਦੇ ਨਾਂ ’ਤੇ ਘੁਟਾਲੇ ਕੀਤੇ ਗਏ। ਮਜੀਠੀਆ ਨਗਰ ਕੌਂਸਲ ਚੋਣਾਂ ਦੀ ਗੱਲ ਕਰਦਿਆਂ ਮਜੀਠੀਆ ਨੇ ਅਕਾਲੀ ਦਲ ਵਿਚ ਵਿਸ਼ਵਾਸ ਕਾਇਮ ਰੱਖਣ ’ਤੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਵੀਂ ਬਣੀ ਕੌਂਸਲ ਨੂੰ ਸਕਾਰ ਤੋਂ ਮਦਦ ਪ੍ਰਾਪਤ ਹੋਣ ਦੀ ਆਸ ਹੈ ਤੇ ਇਹ ਮਜੀਠਾ ਹਲਕੇ ਦੇ ਲੋਕਾਂ ਦੇ ਲਾਭ ਲਈ ਚੁੱਕੇ ਜਾਣ ਵਾਲੇ ਸਾਰੇ ਚੰਗੇ ਕਦਮਾਂ ਦੀ ਸ਼ਲਾਘਾ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕੌਂਸਲ ਜਾਂ ਲੋਕਾਂ ਨਾਲ ਕਿਸੇ ਤਰੀਕੇ ਦਾ ਵਿਤਕਰਾ ਕੀਤਾ ਤਾਂ ਅਸੀਂ ਇਸਦਾ ਜ਼ੋਰਦਾਰ ਵਿਰੋਧ ਕਰਾਂਗੇ।

Credit : www.jagbani.com

  • TODAY TOP NEWS