ਮੁੱਖ ਮੰਤਰੀ ਭਗਵੰਤ ਮਾਨ ਦੇ ਹਮਲੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਵਿਦੇਸ਼ ਤੋਂ ਸਖ਼ਤ ਜਵਾਬ

ਮੁੱਖ ਮੰਤਰੀ ਭਗਵੰਤ ਮਾਨ ਦੇ ਹਮਲੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਵਿਦੇਸ਼ ਤੋਂ ਸਖ਼ਤ ਜਵਾਬ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਦੇਸ਼ ਤੋਂ ਸਖ਼ਤ ਜਵਾਬ ਦਿੱਤਾ ਹੈ। ਮੰਗਲਵਾਰ ਸ਼ਾਮ ਚੰਨੀ ਨੇ ਮੀਡੀਆ ਨੂੰ ਫੋਨ ’ਤੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਮੈਂ ਪੰਜਾਬ ਦੇ ਲੋਕਾਂ ਦੇ ਹਿੱਤ ਨਾਲ ਜੁੜੀਆਂ 150 ਤੋਂ ਵੱਧ ਫਾਈਲਾਂ ’ਤੇ ਦਸਤਖਤ ਕੀਤੇ। ਹੁਣ ਪਤਾ ਨਹੀਂ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਕਿਸ ਫਾਈਲ ਦੀ ਗੱਲ ਕਰ ਰਹੇ ਹਨ। ਮੈਂ ਆਪਣਾ ਫੋਨ ਕਦੇ ਬੰਦ ਨਹੀਂ ਕਰਦਾ। ਹਮੇਸ਼ਾ ਚਾਲੂ ਰੱਖਦਾ ਹਾਂ। ਅਜੇ ਤਕ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੇ ਮੇਰੇ ਨਾਲ ਸੰਪਰਕ ਨਹੀਂ ਕੀਤਾ ਹੈ। ਮੈਨੂੰ ਕਿਸੇ ਸਮੇਂ ਵੀ ਫੋਨ ਕਰ ਲਵੋ ਮੈਂ ਹਰ ਮੁੱਦੇ ’ਤੇ ਜਵਾਬ ਦੇਣ ਲਈ ਤਿਆਰ ਹਾਂ। 

ਕੀ ਕਿਹਾ ਸੀ ਭਗਵੰਤ ਮਾਨ ਨੇ 

ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇਰਦਿਆਂ ਕਿਹਾ ਸੀ ਕਿ ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਚੰਨੀ ਕਿੱਥੇ ਚੱਲੇ ਗਏ ਹਨ? ਮਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚੰਨੀ ਵਲੋਂ ਸਾਈਨ ਕੀਤੀਆਂ ਬਹੁਤ ਸਾਰੀਆਂ ਵਿਵਾਦਤ ਫਾਈਲਾਂ ਮੇਰੇ ਕੋਲ ਆਉਂਦੀਆਂ ਹਨ ਤੇ ਮੈਂ ਉਨ੍ਹਾਂ ਫਾਈਲਾਂ ਬਾਰੇ ਸਭ ਕੁਝ ਪੁੱਛਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਕੁਝ ਫਾਈਲਾਂ ਇਸ ਤਰ੍ਹਾਂ ਦੀਆਂ ਹਨ ਜਿਨ੍ਹਾਂ ਦਾ ਫ਼ੈਸਲਾ ਕਾਰਜਕਾਲ ਦੇ ਅਖ਼ੀਰਲੇ ਦਿਨਾਂ ’ਚ ਕੀਤਾ ਗਿਆ ਤੇ ਕੁਝ ਅਜਿਹੀਆਂ ਹਨ ਜੋ Post-dated ਤੇ Pre-dated ਸਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਚੰਨੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਇਹ ਸਭ ਫਾਈਲਾਂ ’ਚ ਕਿਵੇਂ ਸਾਈਨ ਕਰਕੇ ਗਏ ਹਨ ਅਤੇ ਹੁਣ ਇਸ ਦਾ ਕੀ ਕੀਤਾ ਜਾਵੇ? ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਕਿ ਸਾਬਕਾ ਮੰਤਰੀ ਕੀ ਹੁਣ ਸੱਤਾ ਟਰਾਂਸਫਰ ਲਈ ਵੀ ਨਹੀਂ ਮਿਲ ਸਕਦੇ? ਮਾਨ ਨੇ ਤੰਜ ਕੱਸਦਿਆਂ ਆਖਿਆ ਕਿ ਅਜਿਹਾ ਤਾਂ ਪਾਕਿਸਤਾਨ ਦੀ ਸੱਤਾ 'ਚ ਹੁੰਦਾ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਤੋਂ ਹੱਟਣ ਮਗਰੋਂ ਜਾਂ ਤਾਂ ਉਹ ਭੱਜ ਜਾਂਦੇ ਹਨ ਜਾਂ ਉਨ੍ਹਾਂ ਨੂੰ ਸਜ਼ਾ ਦੇ ਦਿੱਤੀ ਜਾਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਚੀਜ਼ ਮੈਂ ਕਾਂਗਰਸੀਆਂ ਨੂੰ ਪੁੱਛਣਾ ਚਾਹੁੰਦਾ ਕਿ ਚੰਨੀ ਸਾਬ੍ਹ ਭੱਜ ਕਿਉਂ ਗਏ? ਮਾਨ ਨੇ ਕਿਹਾ ਕਿ ਕੋਈ ਦੱਸ ਰਿਹਾ ਉਹ ਕੇਨੈਡਾ ਨੇ, ਕੋਈ ਕਹਿ ਰਿਹਾ ਉਹ ਅਮਰੀਕਾ ਨੇ ਪਰ ਹੁਣ ਤੱਕ ਵੀ ਇਹ ਨਹੀਂ ਪਤਾ ਲੱਗਾ ਕਿ ਉਹ ਅਸਲ 'ਚ ਕਿੱਥੇ ਹਨ। 

ਮਾਨ ਨੇ ਕਿਹਾ ਕਿ ਕੀ ਉਹ ਇਸ ਲਈ ਮੁੱਖ ਮੰਤਰੀ ਬਣੇ ਸੀ ਕਿ 111 ਦਿਨ ਸੱਤਾ ’ਚ ਰਹਿ ਕੇ ਤੇ ਫਿਰ ਬਾਅਦ ’ਚ ਭੱਜ ਜਾਓ। ਇਸ ਦਾ ਮਤਲਬ ਇਹ ਹੈ ਕਿ ਚੰਨੀ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰ ਰਹੇ ਹਨ। ਮਾਨ ਨੇ ਕਿਹਾ ਕਿ ਬਹੁਤ ਸਾਬਕਾ ਮੁੱਖ ਮੰਤਰੀ ਇੱਥੇ ਰਹਿੰਦੇ ਹਨ ਪਰ ਜਦੋਂ ਕੋਈ ਭੱਜਦਾ ਹੈ ਤਾਂ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਉਸ ਨੇ ਕੁਝ ਗ਼ਲਤ ਕੀਤਾ ਹੈ। ਕਾਂਗਰਸੀਆਂ ਨੂੰ ਲੰਮੇ ਹੱਥੀ ਲੈਂਦਿਆ ਮਾਨ ਨੇ ਕਿਹਾ ਕਿ ਇਹ ਉਦੋਂ ਤੱਕ ਹੀ ਇਮਾਨਦਾਰ ਹਨ , ਜਦੋਂ ਤੱਕ ਮੌਕਾ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਜੇ ਅਫ਼ਸਰਾਂ ਨੂੰ ਪੁੱਛਦਾ ਹਾਂ ਤਾਂ ਉਹ ਕਹਿੰਦੇ ਹਨ ਕਿ ਚੰਨੀ ਸਾਬ੍ਹ ਨੇ ਸਾਈਨ ਕੀਤੇ ਹਨ ਪਰ ਸਾਬਕਾ ਮੁੱਖ ਮੰਤਰੀ ਲੱਭਣ 'ਤੇ ਵੀ ਨਹੀਂ ਮਿਲਦੇ। 

Credit : www.jagbani.com

  • TODAY TOP NEWS