ਗੈਂਗਸਟਰ ਬੰਬੀਹਾ ਗਰੁੱਪ ਦੀ ਕਬੱਡੀ ਖਿਡਾਰੀਆਂ ਨੂੰ ਵੱਡੀ ਧਮਕੀ, ਜੇ ਨਾ ਹਟੇ ਤਾਂ ਖੁਦ ਹੋਣਗੇ ਆਪਣੀ ਮੌਤ ਦੇ ਜ਼ਿੰਮੇਵਾਰ

ਗੈਂਗਸਟਰ ਬੰਬੀਹਾ ਗਰੁੱਪ ਦੀ ਕਬੱਡੀ ਖਿਡਾਰੀਆਂ ਨੂੰ ਵੱਡੀ ਧਮਕੀ, ਜੇ ਨਾ ਹਟੇ ਤਾਂ ਖੁਦ ਹੋਣਗੇ ਆਪਣੀ ਮੌਤ ਦੇ ਜ਼ਿੰਮੇਵਾਰ

ਚੰਡੀਗੜ੍ਹ : ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਤੋਂ ਬਦਲਾ ਲੈਣ ਦੀ ਧਮਕੀ ਦੇ ਚੁੱਕੇ ਦਵਿੰਦਰ ਬੰਬੀਹਾ ਗਰੁੱਪ ਨੇ ਹੁਣ ਪੰਜਾਬ ਦੇ ਕਬੱਡੀ ਖਿਡਾਰੀਆਂ ਨੂੰ ਵੱਡੀ ਧਮਕੀ ਦਿੱਤੀ ਹੈ। ਦਵਿੰਦਰ ਸਿੱਧੂ ਬੰਬੀਹਾ ਨਾਂ ਦੀ ਫੇਸਬੁੱਕ ਪਾਈ ਗਈ ਧਮਕੀ ਭਰੀ ਪੋਸਟ ਵਿਚ ਲਿਖਿਆ ਗਿਆ ਹੈ ਕਿ ਉਹ ਕਬੱਡੀ ਖਿਡਾਰੀਆਂ ਅਤੇ ਪ੍ਰਮੋਟਰਾਂ ਨੂੰ ਆਖਰੀ ਵਾਰ ਬੇਨਤੀ ਕਰ ਰਹੇ ਹਨ ਕਿ ਉਹ ਜੱਗੀ ਭਗਵਾਨਪੁਰੀਆ ਦੇ ਕਹਿਣ ’ਤੇ ਕਬੱਡੀ ਮੈਚ ਨਾ ਖੇਡਣ ਅਤੇ ਨਾ ਹੀ ਆਯੋਜਿਤ ਕਰਨ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਆਪਣੀ ਮੌਤ ਦੇ ਜ਼ਿੰਮੇਵਾਰ ਉਹ ਖੁਦ ਹੋਣਗੇ। 

ਕੀ ਲਿਖਿਆ ਬੰਬੀਹਾ ਗੈਂਗ ਨੇ 

ਬੰਬੀਹਾ ਗੈਂਗ ਨੇ ਕਿਹਾ ਕਿ ਉਨ੍ਹਾਂ ਦੀ ਕਬੱਡੀ ਖਿਡਾਰੀਆਂ ਨਾਲ ਕੋਈ ਦੁਸ਼ਮਣ ਨਹੀਂ ਹੈ। ਜੱਗੂ ਭਗਵਾਨਪੁਰੀਆ ਆਪਣੀ ਕਾਲੀ ਕਮਾਈ ਦਾ ਪੈਸਾ ਕਬੱਡੀ ਰਾਹੀਂ ਚਿੱਟਾ ਕਰ ਰਿਹਾ ਹੈ। ਇਸ ਕਾਰਣ ਕਬੱਡੀ ਖਿਡਾਰੀਆਂ ਨੂੰ ਉਨ੍ਹਾਂ ਦੀ ਆਖਰੀ ਬੇਨਤੀ ਹੈ ਕਿ ਕੋਈ ਵੀ ਕਬੱਡੀ ਖਿਡਾਰੀ ਨਾ ਤਾਂ ਜੱਗੂ ਭਗਵਾਨਪੁਰੀਆ ਦੇ ਕਹਿਣ ’ਤੇ ਕਬੱਡੀ ਖੇਡੇ ਅਤੇ ਨਾ ਹੀ ਸਾਡੇ ਕਹਿਣ ’ਤੇ ਖੇਡੇ, ਜਿੱਥੇ ਖਿਡਾਰੀ ਦਾ ਦਿਲ ਕਰਦਾ ਹੈ ਉਥੇ ਖੇਡੇ। ਜੇ ਸਾਨੂੰ ਪਤਾ ਲੱਗਾ ਕਿ ਜੱਗੂ ਦੇ ਕਹਿਣ ’ਤੇ ਖਿਡਾਰੀ ਖੇਡ ਰਿਹਾ ਹੈ ਤਾਂ ਉਹ ਆਪਣੀ ਮੌਤ ਦਾ ਜ਼ਿੰਮੇਵਾਰ ਉਹ ਖੁਦ ਹੋਵੇਗਾ। 

PunjabKesari

ਕਬੱਡੀ ਮੈਚ ਦੌਰਾਨ ਹੋਇਆ ਸੀ ਨੰਗਲ ਅੰਬੀਆਂ ਦਾ ਕਤਲ

ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ 5 ਹਮਲਾਵਰਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਵਾਰਦਾਤ ਸ਼ਾਮ 6 ਵਜੇ ਦੇ ਕਰੀਬ ਹੋਈ ਸੀ, ਜਦੋਂ ਸੰਦੀਪ ਪਿੰਡ ਵਿਚ ਚੱਲ ਰਹੇ ਟੂਰਨਾਮੈਂਟ ਵਿਚ ਖੇਡਣ ਪਹੁੰਚਿਆ ਸੀ। ਸਟੇਡੀਅਮ ਵਿਚ ਸ਼ਰੇਆਮ ਮੈਚ ਦਰਮਿਆਨ ਅੰਨ੍ਹੇਵਾਹ ਫਾਇਰਿੰਗ ਕਰਕੇ ਸੰਦੀਪ ਦਾ ਕਤਲ ਕਰ ਦਿੱਤਾ ਸੀ। ਹਮਲਾਵਰ ਚਿੱਟੇ ਰੰਗ ਦੀ ਕਾਰ ਵਿਚ ਸਵਾਰ ਹੋ ਕੇ ਆਏ ਸਨ। ਇਸ ਕਤਲ ਕਾਂਡ ਵਿਚ ਪੁਲਸ ਵਲੋਂ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। 

ਬੰਬੀਹਾ ਗਰੁੱਪ ਨੇ ਗੋਲਡੀ ਬਰਾੜ ਨੂੰ ਕੀਤਾ ਸੀ ਚੈਲੰਜ

ਕਈ ਵਾਰ ਬਦਲਾ ਲੈਣ ਦੀਆਂ ਧਮਕੀਆਂ ਦੇ ਚੁੱਕਾ ਬੰਬੀਹਾ ਗਰੁੱਪ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਖੁੱਲ੍ਹਾ ਚੈਲੰਜ ਕਰਦਿਆਂ ਕਿਹਾ ਸੀ ਕਿ ਗੋਲਡੀ ਬਰਾੜ ਦੇ ਭਰਾ ਦਾ ਕਤਲ 2020 ਵਿਚ ਚੱਕਾ ਜੈਤੋ ਅਤੇ ਮਾਨ ਜੈਤੋ ਵਲੋਂ ਕੀਤਾ ਗਿਆ ਸੀ। ਬੰਬੀਹਾ ਗੈਂਗ ਨੇ ਲਿਖਿਆ ਕਿ ਅਸੀਂ ਅੱਜ ਤੱਕ ਕੋਈ ਨਜਾਇਜ਼ ਕੰਮ ਨਹੀਂ ਕੀਤਾ ਅਤੇ ਨਾ ਹੀ ਕਰਨਾ ਹੈ। ਸਾਡੀ ਪੁਰਾਣੀ ਦੁਸ਼ਮਣੀ ਅਤੇ ਮੁੱਦੇ ਹਨ। ਅਸੀਂ ਜੋ ਵੀ ਕਰਦੇ ਹਾਂ ਆਪਣੇ ਭਾਰਾਵਾਂ ਦਾ ਬਦਲਾ ਲੈਣ ਲਈ ਕਰਦੇ ਹਾਂ। ਜਿਹੜੇ ਸਾਡੇ ਦੁਸ਼ਮਣ ਹਨ, ਸਿਰਫ ਉਨ੍ਹਾਂ ਨਾਲ ਸਾਡਾ ਵੈਰ ਹੈ, ਬਾਕੀ ਕਿਸੇ ਨਾਲ ਕੋਈ ਪੰਗਾ ਨਹੀਂ ਹੈ। ਜਿਵੇਂ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਬਿਨਾਂ ਕਿਸੇ ਗੱਲ ਤੋਂ ਸਾਡੇ ਗਰੁੱਪ ਨਾਲ ਜੋੜ ਕੇ ਮਾਰ ਦਿੱਤਾ, ਬਿਲਕੁਲ ਨਜਾਇਜ਼ ਸੀ। ਫਿਰ ਸਿੱਧੂ ਦੇ ਮੌਤ ਨੂੰ ਸਹੀ ਸਾਬਤ ਕਰਨ ਲਈ ਕੌਮ, ਪੰਥ ਅਤੇ ਸੰਤਾਂ ਦੇ ਨਾਮ ਦਾ ਸਹਾਰਾ ਲਿਆ। ਗੋਲਡੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇ ਉਹ ਆਪਣੇ ਭਰਾ ਦੀ ਮੌਤ ਦਾ ਬਦਲਾ ਸਾਡੇ ਤੋਂ ਲੈਣਾ ਚਾਹੁੰਦਾ ਹੈ ਤਾਂ ਪੰਜਾਬ ਆਵੇ। ਜੇ ਸੱਚ ਵਿਚ ਮਰਦ ਹੈ ਤਾਂ ਆਪਣੇ ਭਰਾ ਦੀ ਮੌਤ ਦਾ ਬਦਲਾ ਦੇ ਨਾਮ ’ਤੇ ਬੇਕਸੂਰਲੋਕਾਂ ਨੂੰ ਨਾ ਮਾਰੇ। ਪੰਜਾਬ ਵਿਚ ਹੀ ਮਿਲਾਂਗੇ। ਮੁਕਾਬਲਾ ਆਹਮੋ-ਸਾਹਮਣੇ ਹੋਵੇਗਾ। ਫਿਰ ਗੋਲਡੀ ਨੂੰ ਦੱਸ ਦਿਆਂਗੇ ਕਿ ਬਦਲਾ ਕਿਵੇਂ ਲਿਆ ਜਾਂਦਾ ਹੈ। ਸਿੱਧੂ ਨੂੰ ਮਾਰ ਦਿੱਤਾ, ਹੁਣ ਉਸ ਦੇ ਪਰਿਵਾਰ ਨੂੰ ਧਮਕੀਆਂ ਦੇਣ ’ਤੇ ਆ ਗਏ। ਇਕ ਗੱਲ ਯਾਦ ਰੱਖਿਓ ਪਰਿਵਾਰ ਸਭ ਦੇ ਹਨ ਅਤੇ ਸਾਰਿਆਂ ਦੇ ਪਰਿਵਾਰ ਪੰਜਾਬ ਵਿਚ ਹਨ। ਬੇਸ਼ੱਕ ਤੁਸੀਂ ਬਾਹਰ ਬੈਠੇ ਹੋ ਪਰ ਯਾਦ ਰੱਖਣਾ। 100 ਵਾਰ ਸੋਚ ਲੈਣਾ। ਜੇ ਸਾਡੇ ਕਿਸੇ ਵੀ ਸਾਥੀ ਦੇ ਪਰਿਵਾਰ ਨਾਲ ਕੁੱਝ ਗ਼ਲਤ ਹੋਇਆ ਤਾਂ ਅੰਜਾਮ ਤੁਹਾਡਾ ਵੀ ਬਿਲਕੁਲ ਵੈਸਾ ਹੀ ਹੋਵੇਗਾ। ਅੰਜਾਮ ਤੁਹਾਡਾ ਵੀ ਉਹੋ ਹੋਵੇਗਾ ਜੋ ਤੁਸੀਂ ਦੂਜੇ ਨਾਲ ਕਰੋਗੇ। ਫਿਰ ਅਸੀਂ ਕਹਿਣਾ ਨਹੀਂ ਸਿੱਧਾ ਕਰਕੇ ਵਿਖਾਵਾਂਗੇ।

Credit : www.jagbani.com

  • TODAY TOP NEWS