ਅਪ੍ਰੈਂਟਿਸ ਲਾਈਨਮੈਨਾਂ ਨੂੰ ਅਕਾਲੀ ਸਰਕਾਰ ਵੱਲੋਂ ਅਪਣਾਏ ਗਏ ਨਿਯਮਾਂ ਤਹਿਤ ਦਿੱਤੀਆਂ ਜਾਣ ਨੌਕਰੀਆਂ : ਮਜੀਠੀਆ

ਅਪ੍ਰੈਂਟਿਸ ਲਾਈਨਮੈਨਾਂ ਨੂੰ ਅਕਾਲੀ ਸਰਕਾਰ ਵੱਲੋਂ ਅਪਣਾਏ ਗਏ ਨਿਯਮਾਂ ਤਹਿਤ ਦਿੱਤੀਆਂ ਜਾਣ ਨੌਕਰੀਆਂ : ਮਜੀਠੀਆ

ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਹੈ ਕਿ ਅਪ੍ਰੈਂਟਿਸ ਲਾਈਨਮੈਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਕੀਤੇ ਵਾਅਦੇ ਮੁਤਾਬਕ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਪੀ.ਐੱਸ.ਪੀ.ਸੀ.ਐੱਲ. ਵਿਚ ਪੁਰਾਣੇ ਨਿਯਮਾਂ ਅਨੁਸਾਰ ਨੌਕਰੀਆਂ ਦੇਵੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਆਦਰਸ਼ਾਂ 'ਤੇ ਪੂਰਨ ਰੂਪ ਵਿਚ ਚੱਲਣ ਅਤੇ ਜਬਰ ਨਾਲ ਲੋਕਤੰਤਰੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾ ਕਰਨ। ਸਾਬਕਾ ਮੰਤਰੀ, ਜਿਨ੍ਹਾਂ ਨੇ ਅੱਜ ਇਥੇ ਪਿੰਡ ਭੇਡਪੁਰਾ ਵਿੱਚ ਬਿਜਲੀ ਦੀ ਟਾਵਰ 'ਤੇ ਚੜ੍ਹੇ ਅਪ੍ਰੈਂਟਿਸ ਲਾਈਨਮੈਨਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਇਕਜੁੱਟਤਾ ਵੀ ਪ੍ਰਗਟਾਈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਮੌਜੂਦ ਸਨ।

ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਪੂਰੇ ਸਫੇ ਦੇ ਇਸ਼ਤਿਹਾਰ ਤਾਂ ਛਪਵਾ ਰਹੇ ਹਨ ਪਰ ਸ਼ਹੀਦ ਨਾਲ ਜੁੜੇ ਆਦਰਸ਼ਾਂ ਦੀ ਪਾਲਣਾ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਅਪ੍ਰੈਂਟਿਸ ਲਾਈਨਮੈਨ, ਪੀ.ਟੀ.ਆਈ. ਅਧਿਆਪਕ ਤੇ ਸਹਾਇਕ ਪ੍ਰੋਫੈਸਰ ਜਦੋਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਵਿਚ ਉਨ੍ਹਾਂ ਨੂੰ ਕੀਤੇ ਵਾਅਦੇ ਯਾਦ ਕਰਵਾਉਣ ਦਾ ਯਤਨ ਕਰਦੇ ਹਨ ਤਾਂ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ-ਮਾਰਿਆ ਤੇ ਜ਼ਲੀਲ ਕੀਤਾ ਜਾਂਦਾ ਹੈ। ਮੁੱਖ ਮੰਤਰੀ ਆਪਣੀ ਅੰਤਰ ਆਤਮਾ 'ਤੇ ਛਾਤ ਮਾਰਨ ਅਤੇ ਦੱਸਣ ਕਿ ਕੀ ਇਹ ਸ਼ਹੀਦ ਦਾ ਜਨਮ ਦਿਹਾੜਾ ਮਨਾਉਣ ਦਾ ਤਰੀਕਾ ਹੈ ਕਿ ਸਮਾਜ ਵਿਚ ਆਪਣੇ ਹੱਕ ਮੰਗਣ ਵਾਲੇ ਬੇਰੁਜ਼ਗਾਰ ਵਰਗਾਂ 'ਤੇ ਤਸ਼ੱਦਦ ਢਾਹਿਆ ਜਾਵੇ।

ਮਜੀਠੀਆ ਨੇ ਦੱਸਿਆ ਕਿ ਅਪ੍ਰੈਂਟਿਸ ਲਾਈਨਮੈਨਾਂ ਵਿਚ 8 ਲੜਕੇ ਮੁੱਖ ਮੰਤਰੀ ਦੇ ਪਿੰਡ ਸਤੌਜ ਤੋਂ ਹਨ, ਜਦੋਂ ਕਿ 50 ਤੋਂ ਜ਼ਿਆਦਾ ਸੰਗਰੂਰ ਲੋਕ ਸਭਾ ਹਲਕੇ ਤੋਂ ਹਨ। ਇਹ ਨੌਜਵਾਨ ਦੱਸ ਰਹੇ ਹਨ ਕਿ ਮੁੱਖ ਮੰਤਰੀ ਜਿਨ੍ਹਾਂ ਨੇ ਅਕਾਲੀ ਸਰਕਾਰ ਵਾਂਗ ਉਨ੍ਹਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸਨ, ਨੂੰ ਮਿਲਣ ਤੋਂ ਵੀ ਇਨਕਾਰੀ ਹਨ। ਇਨ੍ਹਾਂ ਲਾਈਨਮੈਨਾਂ ਨੂੰ ਰੱਖਣ ਲਈ ਟੈਸਟ ਦੀ ਸ਼ਰਤ ਰੱਖਣਾ ਨਾਜਾਇਜ਼ ਹੈ ਕਿਉਂਕਿ ਇਨ੍ਹਾਂ ਦੀ ਪਹਿਲਾਂ ਭਰਤੀ ਆਈ.ਟੀ. ਡਿਪਲੋਮਾ ਤੇ ਅਪ੍ਰੈਂਟਿਸ ਸਰਟੀਫਿਕੇਟ ਦੇ ਆਧਾਰ 'ਤੇ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਅਪ੍ਰੈਂਟਿਸ ਲਾਈਨ ਸਹੀ ਅਰਥਾਂ ਵਿਚ ਚਿੰਤਤ ਹਨ ਕਿ ਉਨ੍ਹਾਂ ਦੀਆਂ ਨੌਕਰੀਆਂ ਵੀ ਉਸੇ ਤਰੀਕੇ ਗੈਰ-ਪੰਜਾਬੀਆਂ ਨੂੰ ਦੇ ਦਿੱਤੀਆਂ ਜਾਣਗੀਆਂ ਜਿਵੇਂ ਪਿੱਛੇ ਜਿਹੇ ਕੀਤੀ ਭਰਤੀ ਵਿਚ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬੇ ਵਿਚ ਸਥਾਈ ਭਰਤੀ ਵਾਸਤੇ ਪੰਜਾਬ ਵਾਸੀ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਕੀਤਾ ਜਾਵੇ।

ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਬੇਰੁਜ਼ਗਾਰਾਂ ਵਾਸਤੇ ਸਿਰਫ ਗੱਲਾਂ ਦਾ ਕੜਾਹ ਨਾ ਬਣਾਉਣ। ਮਜੀਠੀਆ ਨੇ ਰੋਸ ਪ੍ਰਦਰਸ਼ਨ ਕਰਨ ਵਾਲੇ ਅਪ੍ਰੈਂਟਿਸ ਲਾਈਨਮੈਨਾਂ ਨੂੰ ਡਟਵੀਂ ਹਮਾਇਤ ਦੇਣ ਦਾ ਐਲਾਨ ਕਰਦਿਆਂ ਮੌਕੇ ’ਤੇ ਐੱਸ.ਐੱਸ.ਪੀ. ਨੂੰ ਫੋਨ ਵੀ ਕੀਤਾ ਤੇ ਕਿਹਾ ਕਿ ਸਥਾਨਕ ਪੁਲਸ ਇਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੇ। ਇਸ ਮੌਕੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ, ਇਕਬਾਲ ਸਿੰਘ ਝੂੰਦਾਂ, ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਤੇ ਵਿਨਰਜੀਤ ਗੋਲਡੀ ਵੀ ਨਾਲ ਮੌਜੂਦ ਸਨ।

Credit : www.jagbani.com

  • TODAY TOP NEWS