ਦਿੱਲੀ-ਕੱਟੜਾ ਐਕਸਪ੍ਰੈੱਸ ਹਾਈਵੇ ਦਾ ਕੰਮ ਬੰਦ ਕਰਦਿਆਂ ਕਿਸਾਨਾਂ ਨੇ ਕੀਤਾ ਵੱਡਾ ਐਲਾਨ

ਦਿੱਲੀ-ਕੱਟੜਾ ਐਕਸਪ੍ਰੈੱਸ ਹਾਈਵੇ ਦਾ ਕੰਮ ਬੰਦ ਕਰਦਿਆਂ ਕਿਸਾਨਾਂ ਨੇ ਕੀਤਾ ਵੱਡਾ ਐਲਾਨ

ਗੁਰਦਾਸਪੁਰ : ਔਜਲਾ ਬਾਈਪਾਸ ਨੇੜੇ ਦਿੱਲੀ-ਕੱਟੜਾ ਐਕਸਪ੍ਰੈੱਸ ਹਾਈਵੇ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਬੰਦ ਕਰਵਾ ਦਿੱਤਾ। ਇਸ ਨੂੰ ਦੇਖਦਿਆਂ ਪੁਲਸ ਪ੍ਰਸ਼ਾਸਨ ਤੇ ਤਹਿਸੀਲਦਾਰ ਮੌਕੇ 'ਤੇ ਪਹੁੰਚੇ। ਕੇਂਦਰ ਸਰਕਾਰ ਵੱਲੋਂ ਦਿੱਲੀ-ਕੱਟੜਾ ਐਕਸਪ੍ਰੈੱਸ ਹਾਈਵੇ ਬਣਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਖਰੀਦੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦੇ ਕੇਂਦਰ ਸਰਕਾਰ ਵੱਲੋਂ ਗੁਰਦਾਸਪੁਰ ਦੇ ਔਜਲਾ ਬਾਈਪਾਸ ਨੇੜੇ ਇਕ ਕਿਸਾਨ ਦੀ ਜ਼ਮੀਨ ਐਕਵਾਇਰ ਕੀਤੀ ਗਈ, ਜਿਸ 'ਤੇ ਕੰਮ ਚੱਲ ਰਿਹਾ ਹੈ। ਬੁੱਧਵਾਰ ਕਿਸਾਨ ਜਥੇਬੰਦੀਆਂ ਵੱਲੋਂ ਇਸ ਕੰਮ ਨੂੰ ਰੋਕ ਦਿੱਤਾ ਗਿਆ।

PunjabKesari

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਹਰਭਜਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਹਾਈਵੇ ਬਣਾਉਣ ਲਈ ਕਿਸਾਨ ਦੀ ਜ਼ਮੀਨ ਐਕਵਾਇਰ ਕਰਕੇ ਇਸ ਉਪਰ ਇਕ ਪੋਸਟ ਬਣਾਇਆ ਜਾ ਰਿਹਾ ਹੈ। ਇਹ ਜ਼ਮੀਨ ਸ਼ਹਿਰ ਦੇ ਨਾਲ ਲੱਗਦੀ ਹੈ ਪਰ ਸਰਕਾਰ ਇਸ ਕਿਸਾਨ ਨੂੰ ਮੁਆਵਜ਼ਾ 30 ਲੱਖ ਰੁਪਏ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਇਕ ਏਕੜ ਜ਼ਮੀਨ ਕਰੋੜ ਦੀ ਹੈ ਪਰ ਸਰਕਾਰ ਵੱਲੋਂ ਇਸ ਕਿਸਾਨ ਨੂੰ 30 ਲੱਖ ਰੁਪਏ ਦਿੱਤੇ ਜਾ ਰਹੇ ਹਨ। ਇਹ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ 2 ਤਰੀਕ ਨੂੰ ਵੀ ਅਸੀਂ ਇਸ ਕੰਮ ਨੂੰ ਰੋਕਿਆ ਸੀ ਅਤੇ ਮੌਕੇ 'ਤੇ ਪੂਰਾ ਅਮਲਾ, ਪ੍ਰਸ਼ਾਸਨ, ਪੁਲਸ ਅਧਿਕਾਰੀ, ਐੱਸਡੀਐੱਮ ਤੇ ਤਹਿਸੀਲਦਾਰ ਪਹੁੰਚੇ ਸਨ। ਉਨ੍ਹਾਂ ਨੇ ਵੀ ਇਹ ਗੱਲਾਂ ਮੰਨੀਆਂ ਸਨ ਕਿ ਜਦੋਂ ਤੱਕ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਇਹ ਕੰਮ ਚਾਲੂ ਨਹੀਂ ਕੀਤਾ ਜਾਵੇਗਾ ਪਰ ਅੱਜ ਸਾਨੂੰ ਪਤਾ ਲੱਗਾ ਕਿ ਇਹ ਕੰਮ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਅਸੀਂ ਇਥੇ ਆ ਕੇ ਇਹ ਕੰਮ ਬੰਦ ਕਰਵਾ ਦਿੱਤਾ। ਮੌਕੇ 'ਤੇ ਪੂਰਾ ਪ੍ਰਸ਼ਾਸਨ ਵੀ ਮੌਜੂਦ ਹੈ ਪਰ ਸਾਨੂੰ ਕੋਈ ਵੀ ਢੁੱਕਵਾਂ ਜਵਾਬ ਨਹੀਂ ਦਿੱਤਾ ਜਾ ਰਿਹਾ।

ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਸਾਨੂੰ ਪੂਰਾ ਮੁਆਵਜ਼ਾ ਨਹੀਂ ਮਿਲਦਾ, ਓਨਾ ਚਿਰ ਅਸੀਂ ਕੋਈ ਕੰਮ ਨਹੀਂ ਹੋਣ ਦੇਣਾ। ਉਨ੍ਹਾਂ ਕਿਹਾ ਕਿ ਸਰਕਾਰ ਟਾਲਮਟੋਲ ਕਰਕੇ ਲੋਕਾਂ 'ਤੇ ਤਸ਼ੱਦਦ ਢਾਹ ਰਹੀ ਹੈ। ਤਹਿਸੀਲਦਾਰਾਂ ਵੱਲੋਂ ਦਬਕੇ ਮਾਰੇ ਜਾ ਰਹੇ ਹਨ ਕਿ ਜੇਕਰ ਤੁਸੀਂ ਆਪਣੀਆਂ ਕਣਕਾਂ ਨਾ ਵਾਹੀਆਂ ਤਾਂ ਤੁਹਾਡੇ 'ਤੇ ਪਰਚਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਜਾਂ ਪ੍ਰਸ਼ਾਸਨ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੇ ਪੂਰੇ ਮੁਆਵਜ਼ੇ ਨਹੀਂ ਦਿੰਦੇ, ਅਸੀਂ ਕਿਤੇ ਵੀ ਕੰਮ ਸ਼ੁਰੂ ਨਹੀਂ ਕਰਨ ਦੇਣਾ ਤੇ ਕਿਸਾਨ ਜਥੇਬੰਦੀਆਂ ਹਰ ਕਿਸਾਨ ਦੇ ਨਾਲ ਇਕਜੁੱਟ ਹੋ ਕੇ ਖੜ੍ਹੀਆਂ ਹਨ।

Credit : www.jagbani.com

  • TODAY TOP NEWS