CM ਮਾਨ ਦਾ ਵੱਡਾ ਐਲਾਨ, ਜਲਦ ਸ਼ੁਰੂ ਹੋਵੇਗੀ 'ਸਰਕਾਰ ਤੁਹਾਡੇ ਦੁਆਰ' ਯੋਜਨਾ, ਜਾਣੋ ਇਸ ਦੀ ਖ਼ਾਸੀਅਤ

CM ਮਾਨ ਦਾ ਵੱਡਾ ਐਲਾਨ, ਜਲਦ ਸ਼ੁਰੂ ਹੋਵੇਗੀ 'ਸਰਕਾਰ ਤੁਹਾਡੇ ਦੁਆਰ' ਯੋਜਨਾ, ਜਾਣੋ ਇਸ ਦੀ ਖ਼ਾਸੀਅਤ

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਵਿਖੇ ਪੰਜਾਬ 'ਚ ਖੁੱਲ੍ਹਣ ਵਾਲੇ 400 ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਅਸੀਂ ਇੱਥੇ ਨਾ ਤਾਂ ਸ਼ਕਤੀ ਪ੍ਰਦਰਸ਼ਨ ਕਰਨ ਆਏ ਹਾਂ ਤੇ ਨਾ ਹੀ ਰਾਜਨੀਤਕ ਰੈਲੀ ਕਰਨ ਆਏ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ 'ਆਪ' ਨੇ ਪ੍ਰਚਾਰ ਦੌਰਾਨ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਵਧੀਆ ਇਲਾਜ, ਇਲਾਜ ਕਰਵਾਉਣ ਲਈ ਸ਼ਾਨਦਾਰ ਹਸਪਤਾਲ ਤੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ। ਅੱਜ ਉਸ ਦੇ ਇਕ ਹਿੱਸੇ ਦੀ ਸ਼ੁਰੂਆਤ ਹੋਈ ਹੈ, ਇਸ ਤੋਂ ਪਹਿਲਾਂ 100 ਮੁਹੱਲਾ ਕਲੀਨਿਕ 15 ਅਗਸਤ ਨੂੰ ਲੋਕਾਂ ਸਮਰਪਿਤ ਕੀਤੇ ਗਏ ਸਨ ਤੇ ਅੱਜ 400 ਕੀਤੇ ਗਏ ਹਨ। ਭਗਵੰਤ ਮਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਜਲਦ ਹੀ 'ਸਰਕਾਰ ਤੁਹਾਡੇ ਦੁਆਰ' ਦੇ ਨਾਂ ਨਾਲ ਇਕ ਯੋਜਨਾ ਸ਼ੁਰੂ ਕੀਤੀ ਜਾਵੇਗਾ, ਜਿਸ 'ਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਿੰਡ 'ਚ ਹੀ ਕੀਤਾ ਜਾਵੇਗਾ। 

'ਸਰਕਾਰ ਤੁਹਾਡੇ ਦੁਆਰ' ਦੇ ਨਾਂ ਨਾਲ ਸ਼ੁਰੂ ਹੋਵੇਗੀ ਯੋਜਨਾ

ਮਾਨ ਨੇ ਦੱਸਿਆ ਕਿ ਹਫ਼ਤੇ 'ਚ ਦੋ ਵਾਰ ਜ਼ਿਲ੍ਹੇ ਦਾ ਡੀ. ਸੀ. , ਐੱਸ. ਡੀ. ਐੱਮ., ਏ. ਡੀ. ਸੀ. ਆਲੇ-ਦੁਆਲੇ ਦੇ ਪਿੰਡਾਂ 'ਚ ਜਾ ਕੇ ਪਿੰਡ 'ਚ ਬੈਠਣਗੇ ਤੇ ਉੱਥੇ ਹੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨਗੇ ਤੇ ਨਾਲ ਆਪਣੇ ਕੰਪਿਊਟਰ ਲੈ ਕੇ ਜਾਣਗੇ। ਇਸ ਨੂੰ ਅਸੀਂ 'ਸਰਕਾਰ ਤੁਹਾਡੇ ਦੁਆਰ' ਦਾ ਨਾਮ ਦਿੱਤਾ ਹੈ। ਇਸ ਤਹਿਤ ਲੋਕਾਂ ਨੂੰ ਘਰਾਂ 'ਚ ਹੀ ਸਹੂਲਤ ਮਿਲੇਗੀ ਤੇ ਉਨ੍ਹਾਂ ਨੂੰ ਕਿਤੇ ਨਹੀਂ ਜਾਣਾ ਪਵੇਗਾ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਜਲਦ ਹੀ ਇਹ ਯੋਜਨਾ ਪੰਜਾਬ 'ਚ ਸ਼ੁਰੂ ਕਰ ਦਿੱਤੀ ਜਾਵੇਗੀ।  

ਪੰਜਾਬ ਤੋਂ ਕਈ ਚੀਜ਼ਾਂ ਦੀ ਸਿਖਲਾਈ ਲੈ ਸਕਦੇ ਹਨ ਬਾਕੀ ਸੂਬੇ

ਮੁਹੱਲਾ ਕਲੀਨਿਕ ਦਿੱਲੀ ਦਾ ਆਈਡੀਆ ਹੈ, ਜਿਸ ਨੂੰ ਦੇਖਣ ਲਈ ਲੋਕ ਦੂਰੋਂ-ਦੂਰੋਂ ਆਉਂਦੇ ਹਨ ਤੇ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਵੀ ਇਹੀ ਆਈਡੀਆ ਅਪਣਾ ਕੇ 'ਬਸਤੀ ਦਵਾਖ਼ਾਨੇ' ਬਣਾਏ ਹਨ। ਮਾਨ ਨੇ ਕਿਹਾ ਕਿ ਅਸੀਂ ਕਿਸੇ ਵੀ ਥਾਂ ਤੋਂ ਕੁਝ ਵੀ ਸਿੱਖ ਸਕਦੇ ਹਾਂ ਤੇ ਪੰਜਾਬ 'ਚ ਵੀ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜੋ ਬਾਕੀ ਸੂਬੇ ਸਾਡੇ ਤੋਂ ਸਿੱਖ ਸਕਦੇ ਹਨ। ਅਸੀਂ ਪਾਰਟੀ ਪੱਧਰ ਤੋਂ ਉੱਠ ਕੇ ਵਿਕਾਸ ਦੀ ਗੱਲ ਕਰਦੇ ਹਾਂ, ਅਸੀਂ ਨਫ਼ਰਤ ਦੀਆਂ ਗੱਲਾਂ ਨਹੀਂ ਕਰਦੇ। ਰਾਜਨੀਤੀ ਨਫ਼ਰਤ ਦੀ ਰਾਜਨੀਤੀ ਨਹੀਂ ਹੈ। ਅਸੀਂ ਅੱਜ ਇਨ੍ਹਾਂ ਕਲੀਨਿਕਾਂ ਦੀ ਸ਼ੁਰੂਆਤ ਇਸ ਪਵਿੱਤਰ ਧਰਤੀ ਤੋਂ ਕੀਤੀ ਹੈ , ਜਿੱਥੇ ਲੱਖਾਂ ਲੋਕ ਨਤਮਸਤਕ ਹੋਣ ਆਉਂਦੇ ਹਨ। ਇਸ ਤੋਂ ਇਲਾਵਾ ਇਹ ਸ਼ਹੀਦਾਂ ਦੀ ਚਰਨਛੋਹ ਧਰਤੀ ਵੀ ਹੈ ਤੇ ਅਸੀਂ ਸ਼ਹੀਦਾਂ ਦੇ ਸੁਫ਼ਨਾ ਸਾਕਾਰ ਕਰ ਰਹੇ ਹਾਂ। 

ਮੁਹੱਲਾ ਕਲੀਨਿਕਾਂ ਤੋਂ ਪਤਾ ਲੱਗੇਗਾ ਕੇ ਪੰਜਾਬ ਕਿਸ ਬੀਮਾਰੀ ਨਾਲ ਜੂਝ ਰਿਹੈ

ਮਾਨ ਨੇ ਦੱਸਿਆ ਕਿ 15 ਅਗਸਤ ਨੂੰ ਖੋਲ੍ਹੇ ਗਏ ਮੁਹੱਲਾ ਕਲੀਨਿਕਾਂ ਦੇ ਓ. ਪੀ. ਡੀ. ਦਾ ਹੁਣ ਤੱਕ 10 ਲੱਖ 26 ਹਜ਼ਾਰ ਤੋਂ ਵੱਧ ਲੋਕ ਫਾਇਦਾ ਲੈ ਚੁੱਕੇ ਹਨ ਤੇ 1 ਲੱਖ 24 ਹਜ਼ਾਰ ਤੋਂ ਜ਼ਿਆਦਾ ਆਪਣੇ ਟੈਸਟ ਕਰਵਾ ਚੁੱਕੇ ਹਨ। ਆਮ ਆਦਮੀ ਕਲੀਨਿਕ ਸਫ਼ਾਈ ਪੱਖੋਂ ਵੀ ਵਧੀਆ ਹਨ ਤੇ ਇਸ ਦਾ ਸਾਰਾ ਕੰਮ ਪੇਪਰਲੈਸ ਹੈ। ਇਸ ਤੋਂ ਇਲਾਵਾ ਮਰੀਜ਼ ਦਾ ਸਾਰਾ ਰਿਕਾਰਡ ਆਨਲਾਈਨ ਚਾੜ੍ਹਿਆ ਜਾਂਦਾ ਹੈ। ਅੱਜ ਜੋ 400 ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ, ਉਸ ਨਾਲ ਪੰਜਾਬ ਸਰਕਾਰ ਨੂੰ ਇਕ ਨਵਾਂ ਰਿਕਾਰਡ ਮਿਲੇਗਾ ਕਿ ਕੌਣ ਕਿਸ ਬੀਮਾਰੀ ਨਾਲ ਪੀੜਤ ਹੈ। ਇਸ ਨਾਲ ਸਾਡੇ ਕੋਲ ਇਕ ਡਾਟਾ ਆਵੇਗਾ ਕਿ ਜਿਸ 'ਚ ਜਾਣਕਾਰੀ ਹੋਵੇਗੀ ਕਿ ਪੰਜਾਬ ਕਿਸ ਬੀਮਾਰੀ ਨਾਲ ਜੂਝ ਰਿਹਾ ਹੈ ਤੇ ਫਿਰ ਅਸੀਂ 'ਤੇ ਰੀਸਰਚ ਕਰਾਂਗੇ। ਉਸਦੀ ਪਛਾਣ ਹੋਣ 'ਤੇ ਉਸਦੇ ਇਲਾਜ ਲਈ ਹਸਪਤਾਲ ਸਥਾਪਤ ਕੀਤੇ ਜਾਣਗੇ ਤੇ ਮਾਹਿਰ ਡਾਕਟਰਾਂ ਨੂੰ ਲਿਆਂਦਾ ਜਾਵੇਗਾ। 

ਪੰਜਾਬ ਨੂੰ ਲੁੱਟਣ ਵਾਲਿਆਂ ਨੇ ਲਾਇਆ ਆਪਣਾ ਕਰਜ਼ਾ 

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਨੂੰ ਇੰਨਾ ਅੰਗਰੇਜ਼ਾਂ ਨੇ ਨਹੀਂ ਲੁੱਟਿਆ, ਜਿੰਨਾ ਆਪਣਿਆਂ ਨੇ ਲੁੱਟ ਲਿਆ ਪਰ ਇਹ ਲੁੱਟ ਹੁਣ ਆਮ ਆਦਮੀ ਪਾਰਟੀ ਬੰਦ ਕਰ ਰਹੀ ਹੈ ਤੇ ਜਿਸ ਨੇ ਪੰਜਾਬ ਦਾ ਇਕ ਰੁਪਇਆ ਲੁੱਟਿਆ ਹੈ, ਉਸ ਦਾ ਹਿਸਾਬ ਹੋਵੇਗਾ। ਪੰਜਾਬ 'ਤੇ 3 ਲੱਖ ਕਰੋੜ ਦਾ ਕਰਜ਼ਾ ਚੜ੍ਹਿਆ ਹੋਇਆ ਪਰ ਕਿਉਂ ਚੜ੍ਹਿਆ ਇਸ ਦਾ ਕੁਝ ਪਤਾ ਹੀ ਨਹੀਂ। ਪੰਜਾਬ 'ਚ ਨਾ ਤਾਂ ਕੋਈ ਸਕੂਲ ਬਣਿਆ, ਨਾ ਸਰਕਾਰੀ ਕਾਲਜ, ਹਸਪਤਾਲ ਤੇ ਸੜਕ ਬਣਾਈ। ਪਰ ਹੁਣ ਪਤਾ ਲੱਗ ਗਿਆ ਹੈ ਪੰਜਾਬ ਨੂੰ ਲੁੱਟਣ ਵਾਲਿਆਂ ਨੇ ਆਪਣਾ ਕਰਜ਼ਾ ਲਾ ਕੇ ਪੰਜਾਬ ਨੂੰ ਕਰਜ਼ਾਈ ਕਰ ਦਿੱਤਾ। ਉਨ੍ਹਾਂ ਕੋਲੋਂ ਪੈਸਾ ਲੈ ਕੇ ਹੁਣ ਸਕੂਲ , ਮੁਹੱਲਾ ਕਲੀਨਿਕ ਤੇ ਕਾਲਜ ਬਣਾਏ ਜਾਣਗੇ। ਜਿੰਨਾ ਕੁਝ ਅਸੀਂ ਪੰਜਾਬ ਨੂੰ ਦੇ ਸਕਦੇ ਹਾਂ , ਉਹ ਅਸੀਂ ਕਰ ਰਹੇ ਹਾਂ। 

Credit : www.jagbani.com

  • TODAY TOP NEWS