ਹੁਣ ਕੁਝ ਦਿਨਾਂ ਲਈ ਅਖਾੜੇ ਨਹੀਂ ਲਗਾ ਸਕਣਗੇ ਵਿਧਾਇਕ ਤੇ ਪੰਜਾਬੀ ਗਾਇਕ ਬਲਕਾਰ ਸਿੱਧੂ, ਜਾਣੋ ਵਜ੍ਹਾ

ਹੁਣ ਕੁਝ ਦਿਨਾਂ ਲਈ ਅਖਾੜੇ ਨਹੀਂ ਲਗਾ ਸਕਣਗੇ ਵਿਧਾਇਕ ਤੇ ਪੰਜਾਬੀ ਗਾਇਕ ਬਲਕਾਰ ਸਿੱਧੂ, ਜਾਣੋ ਵਜ੍ਹਾ

ਭਗਤਾ ਭਾਈਕਾ/ਭਾਈਰੂਪਾ (ਸ਼ੇਖਰ) : ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਅਤੇ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਵਾਇਰਲ ਇਨਫੈਕਸ਼ਨ ਹੋ ਗਈ ਹੈ ਜਿਸ ਨਾਲ ਉਨ੍ਹਾਂ ਦਾ ਗਾਉਣਾ ਤਾਂ ਦੂਰ ਬਲਕਿ ਡਾਕਟਰਾਂ ਵੱਲੋਂ ਬੋਲਣ ਤੋਂ ਵੀ ਮਨ੍ਹਾਂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬਲਕਾਰ ਸਿੱਧੂ ਨੇ ਵਿਧਾਇਕ ਬਣਨ ਤੋਂ ਬਾਅਦ ਵੀ ਗਾਉਣਾ ਤੇ ਅਖਾੜਾ ਲਾਉਣਾ ਬੰਦ ਨਹੀਂ ਕੀਤਾ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਰੋਜ਼ੀ ਰੋਟੀ ਗਾ ਕੇ ਹੀ ਕਮਾਉਣਗੇ ਨਾ ਕਿ ਵਿਧਾਇਕ ਬਣਨ ਦਾ ਲਾਹਾ ਦੋ ਨੰਬਰ ਦੇ ਪੈਸੇ ਕਮਾਉਣ ਲਈ ਲੈਣਗੇ।

ਜਿਥੇ ਪਿਛਲੇ ਡੇਢ ਸਾਲ ਤੋਂ ਉਹ ਚੋਣ ਪ੍ਰਚਾਰ ਅਤੇ ਬਾਅਦ ਵਿਚ ਆਪਣੇ ਹਲਕੇ ਦੇ ਹਰ ਪਿੰਡ ਤੇ ਸ਼ਹਿਰ 'ਚ ਭਾਸ਼ਣ ਕਰਦੇ ਆ ਰਹੇ ਸਨ ਉਥੇ ਅਖਾੜਿਆਂ ਦਾ ਦੌਰ ਵੀ ਲਗਾਤਾਰ ਜਾਰੀ ਸੀ। ਬੀਤੇ ਦਿਨੀਂ ਉਨ੍ਹਾਂ ਨੇ ਪਟਿਆਲਾ ਵਿਖੇ ਇਕ ਵਿਆਹ ਦੇ ਪ੍ਰੋਗਰਾਮ 'ਚ ਅਖਾੜਾ ਲਾਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਆਵਾਜ਼ ਬੈਠ ਗਈ ਸੀ ਅਤੇ ਚੈੱਕਅਪ ਕਰਵਾਉਣ ਤੋਂ ਬਾਅਦ ਡਾਕਟਰ ਨੇ ਉਨ੍ਹਾਂ ਨੂੰ ਗਾਉਣਾ ਤਾਂ ਦੂਰ ਬਲਕਿ ਬੋਲਣ ਤੋਂ ਵੀ ਮਨ੍ਹਾਂ ਕਰ ਦਿੱਤਾ ਹੈ।

ਅੱਜ ਇਕ ਪ੍ਰੈਸ ਰਾਹੀਂ ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੁਝ ਦਿਨ ਉਨ੍ਹਾਂ ਨੂੰ ਫੋਨ ਨਾ ਕਰਨ ਜਾਂ ਫਿਰ ਕੋਈ ਅਤੀ ਜ਼ਰੂਰੀ ਕੰਮ ਹੈ ਤਾਂ ਮੈਸੇਜ ਕਰ ਦੇਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਫੋਨ ਦੀ ਕਾਲ ਆਪਣੇ ਨਿੱਜੀ ਸਹਾਇਕ ਸੀਰਾ ਮੱਲੂਆਣਾ ਦੇ ਫੋਨ 'ਤੇ ਡਾਈਵਰਟ ਕਰ ਦਿੱਤੀ ਹੈ, ਇਸ ਲਈ ਸੀਰੇ ਨਾਲ ਗੱਲ ਕੀਤੀ ਜਾ ਸਕਦੀ ਹੈ ਜਾਂ ਫਿਰ ਆਪਣੇ ਪਿੰਡ ਜਾਂ ਬਲਾਕ ਦੇ ਆਗੂਆਂ ਰਾਹੀਂ ਆਪਣੇ ਕੰਮ ਕਰਵਾਏ ਜਾ ਸਕਦੇ ਹਨ।

ਇਸ ਦੌਰਾਨ ਹਲਕਾ ਰਾਮਪੁਰਾ ਫੂਲ ਦੇ ਆਪ ਆਗੂਆਂ ਤੇ ਪੰਜਾਬ ਦੇ ਸੰਗੀਤ ਪ੍ਰੇਮੀਆਂ ਵੱਲੋਂ ਬਲਕਾਰ ਸਿੱਧੂ ਦੀ ਜਲਦ ਸਿਹਤਯਾਬੀ ਦੀ ਅਰਦਾਸ ਕੀਤੀ ਜਾ ਰਹੀ ਹੈ। ਸੰਗੀਤ ਪ੍ਰੇਮੀਆਂ ਦਾ ਕਹਿਣਾ ਹੈ ਕਿ ਬਲਕਾਰ ਸਿੱਧੂ ਜਿਨ੍ਹਾਂ ਦੇ ਗੀਤ 'ਮਾਝੇ ਦੀਏ ਮੋਮਬੱਤੀਏ' ਤੇ 'ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ' ਤੋਂ ਬਗੈਰ ਸ਼ਾਇਦ ਹੀ ਕੋਈ ਵਿਆਹ ਸੰਪੂਰਨ ਹੁੰਦਾ ਹੋਵੇ, ਅਜਿਹੇ ਆਵਾਜ਼ ਦੇ ਧਨੀ ਗਾਇਕ ਦੀ ਆਵਾਜ਼ ਜਲਦੀ ਠੀਕ ਹੋ ਜਾਵੇ ਤਾਂ ਜੋ ਉਹ ਮੁੜ ਆਪਣੇ ਮਹਿਬੂਬ ਗਾਇਕ ਦੀ ਗਾਇਕੀ ਦਾ ਨਿੱਘ ਮਾਣ ਸਕਣ।

Credit : www.jagbani.com

  • TODAY TOP NEWS