ਸ਼ਰਾਬ ਪੀਣ ਤੋਂ ਰੋਕਦੀ ਸੀ ਪਤਨੀ, ਗਲਾ ਘੁੱਟ ਕਰ'ਤਾ ਕਤਲ, ਸੂਟਕੇਸ ’ਚ ਬੰਦ ਕਰ ਨਹਿਰ ’ਚ ਸੁੱਟੀ ਲਾਸ਼

ਸ਼ਰਾਬ ਪੀਣ ਤੋਂ ਰੋਕਦੀ ਸੀ ਪਤਨੀ, ਗਲਾ ਘੁੱਟ ਕਰ'ਤਾ ਕਤਲ, ਸੂਟਕੇਸ ’ਚ ਬੰਦ ਕਰ ਨਹਿਰ ’ਚ ਸੁੱਟੀ ਲਾਸ਼

ਖਰੜ : ਖਰੜ ਦੀ ਸ਼ਿਵਾਲਿਕ ਸਿਟੀ ’ਚ ਪਤੀ ਨੇ ਪਤਨੀ ਦਾ ਸ਼ਰਾਬ ਪੀਣ ਤੋਂ ਰੋਕਣ ’ਤੇ ਟੀ-ਸ਼ਰਟ ਨਾਲ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸਨੇ ਦੋਸਤ ਦੀ ਮਦਦ ਨਾਲ ਲਾਸ਼ ਨੂੰ ਸੂਟਕੇਸ ’ਚ ਬੰਦ ਕਰ ਕੇ ਰੋਪੜ ਜ਼ਿਲ੍ਹੇ ਦੇ ਪਿੰਡ ਦੁੱਗਰੀ ਕੋਟਲੀ ਨੇੜੇ ਨਹਿਰ ’ਚ ਸੁੱਟ ਦਿੱਤਾ। ਮ੍ਰਿਤਕਾ ਦੀ ਪਛਾਣ ਰਾਜ ਕੌਰ (ਕਰੀਬ 40 ਸਾਲ) ਵਜੋਂ ਹੋਈ ਹੈ। ਪੁਲਸ ਨੇ ਇਸ ਮਾਮਲੇ ’ਚ ਮੁਲਜ਼ਮ ਪਤੀ ਤੇ ਉਸਦੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਕਮਲਜੀਤ ਸਿੰਘ ਤੇ ਸੁਖਦੀਪ ਸਿੰਘ ਉਰਫ਼ ਡਿੰਪੀ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਨੂੰ ਖਰੜ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਦੋ ਦਿਨਾਂ ਦੇ ਪੁਲਸ ਰਿਮਾਂਡ ’ਤੇ ਲਿਆ ਹੈ। ਹੁਣ ਪੁਲਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਸਰਹਿੰਦ ਨਹਿਰ ’ਚੋਂ ਬਰਾਮਦ ਕਰ ਲਈ ਹੈ। ਪਟਿਆਲਾ ਦੇ ਸਰਕਾਰੀ ਹਸਪਤਾਲ ’ਚ ਲਾਸ਼ ਨੂੰ ਰੱਖਿਆ ਗਿਆ ਹੈ, ਜਿੱਥੇ ਉਸਦਾ ਪੋਸਟਮਾਰਟਮ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ।

ਮੁਲਜ਼ਮ ਨੇ ਕਿਹਾ- ਘਰ ਛੱਡ ਕੇ ਕਿਤੇ ਚਲੀ ਗਈ ਹੈ ਰਾਜ
ਪੁਲਸ ਨੂੰ ਇਸ ਵਾਰਦਾਤ ਦਾ 8 ਦਿਨਾਂ ਬਾਅਦ ਪਤਾ ਲੱਗਾ ਜਦੋਂ ਮ੍ਰਿਤਕ ਦਾ ਭਰਾ ਕੁਲਦੀਪ ਸਿੰਘ ਮਾਂ ਨਾਲ ਲੁਧਿਆਣੇ ਤੋਂ ਵੱਡੀ ਭੈਣ ਦੀ ਹਾਲਤ ਜਾਣਨ ਲਈ ਆਇਆ। ਡੀ.ਐੱਮ.ਸੀ. ਹਸਪਤਾਲ ’ਚ ਕੰਮ ਕਰਦੇ ਸਿਟੀ ਇਯਾਲੀ ਖੁਰਦ ਲੁਧਿਆਣਾ ਦੇ ਵਸਨੀਕ ਕੁਲਦੀਪ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦੇ ਤਿੰਨ ਭੈਣ-ਭਰਾ ਹਨ। ਉਸਦੀ ਵੱਡੀ ਭੈਣ ਰਾਜ ਕੌਰ ਦਾ ਵਿਆਹ 2023 ’ਚ ਦਸ਼ਮੇਸ਼ ਨਗਰ ਖਰੜ ਦੇ ਕਮਲਜੀਤ ਸਿੰਘ ਨਾਲ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਉਹ ਸ਼ਿਵਾਲਿਕ ਸਿਟੀ ਖਰੜ ’ਚ ਰਹਿ ਰਿਹਾ ਸੀ। ਵਿਆਹ ਤੋਂ ਬਾਅਦ ਕਮਲਜੀਤ ਸਿੰਘ ਸ਼ਰਾਬ ਪੀਣ ਦਾ ਆਦੀ ਹੋ ਗਿਆ। ਇਸ ਕਾਰਨ ਰਾਜ ਕੌਰ ਅਕਸਰ ਪਤੀ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ। ਇਸ ਨੂੰ ਲੈ ਕੇ ਘਰ ’ਚ ਲੜਾਈ-ਝਗੜਾ ਅਕਸਰ ਹੁੰਦਾ ਸੀ। 10 ਅਗਸਤ ਨੂੰ ਰਾਜ ਕੌਰ ਨੇ ਮਾਂ ਗੁਰਦੀਪ ਕੌਰ ਨੂੰ ਫ਼ੋਨ ਕੀਤਾ ਤਾਂ ਉਹ ਕਾਫੀ ਸਹਿਮੀ ਹੋਈ ਸੀ ਤੇ ਗੱਲ ਕਰਦੇ-ਕਰਦੇ ਹੀ ਫ਼ੋਨ ਅਚਾਨਕ ਕੱਟ ਗਿਆ। ਇਸ ਤੋਂ ਬਾਅਦ ਲਗਾਤਾਰ ਫ਼ੋਨ ਕਰਨ ’ਤੇ ਉਸਨੇ ਕੋਈ ਜਵਾਬ ਨਹੀਂ ਦਿੱਤਾ। ਬੁੱਧਵਾਰ ਸਵੇਰ ਨੂੰ ਕੁਲਦੀਪ ਸਿੰਘ ਤੇ ਮਾਂ ਨਾਲ ਭੈਣ ਦਾ ਹਾਲ-ਚਾਲ ਜਾਣਨ ਲਈ ਖਰੜ ਸਥਿਤ ਉਸਦੇ ਘਰ ਪਹੁੰਚਿਆ, ਜਿੱਥੇ ਰਾਜ ਕੌਰ ਘਰ ਨਹੀਂ ਮਿਲੀ ਜਦਕਿ ਉਸਦਾ ਜੀਜਾ ਕਮਲਜੀਤ ਸਿੰਘ ਮੌਜੂਦ ਸੀ। ਪੁੱਛਣ ’ਤੇ ਉਸਨੇ ਦੱਸਿਆ ਕਿ ਰਾਜ ਕੌਰ ਘਰ ਛੱਡ ਕੇ ਕਿਤੇ ਚਲੀ ਗਈ ਹੈ।

ਇੰਝ ਹੋਇਆ ਖ਼ੁਲਾਸਾ
ਕੁਲਦੀਪ ਸਿੰਘ ਤੇ ਉਸਦੀ ਮਾਂ ਨੂੰ ਸ਼ੱਕ ਹੋਣ ’ਤੇ ਉਨ੍ਹਾਂ ਕਮਲਜੀਤ ਸਿੰਘ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ। ਦਬਾਅ ਹੇਠ ਕਮਲਜੀਤ ਨੇ ਸਨਸਨੀਖੇਜ਼ ਖੁਲਾਸਾ ਕਰਦਿਆਂ ਉਸਨੇ ਕਬੂਲ ਕੀਤਾ ਕਿ 13 ਅਗਸਤ ਨੂੰ ਲੜਾਈ ਦੌਰਾਨ ਉਸ ਨੇ ਰਾਜ ਕੌਰ ਦਾ ਟੀ-ਸ਼ਰਟ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਉਸ ਨੇ ਲਾਸ਼ ਸੂਟਕੇਸ ’ਚ ਪਾ ਕੇ ਬੰਦ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਪਿੰਡ ਬਡਾਲਾ ਦੇ ਰਹਿਣ ਵਾਲੇ ਦੋਸਤ ਸੁਖਦੀਪ ਸਿੰਘ ਨੂੰ ਬੁਲਾਇਆ। ਦੋਵਾਂ ਨੇ ਲਾਸ਼ ਨੂੰ ਕਾਰ ’ਚ ਪਾ ਕੇ ਰੋਪੜ ਜ਼ਿਲ੍ਹੇ ਦੇ ਪਿੰਡ ਦੁੱਗਰੀ ਕੋਟਲੀ ਦੀ ਕੰਕਰੀਟ ਨਹਿਰ ’ਤੇ ਪਹੁੰਚ ਕੇ ਸੁੱਟ ਦਿੱਤਾ ਤੇ ਸੂਟਕੇਸ ਨੂੰ ਵੱਖਰੇ ਤੌਰ ’ਤੇ ਨਹਿਰ ’ਚ ਸੁੱਟ ਦਿੱਤਾ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਲਾਸ਼ ਨਹਿਰ ’ਚ ਸੁੱਟ ਦਿੱਤੀ ਸੀ। ਇਸ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਰਾਜ ਕੌਰ ਦੀ ਲਾਸ਼ ਨਹਿਰ ’ਚੋਂ ਬਰਾਮਦ ਕੀਤੀ ਗਈ। ਪੁਲਸ ਹੁਣ ਮੁਲਜ਼ਮਾਂ ਤੋਂ ਕਤਲ ਦੀ ਪੂਰੀ ਸਾਜ਼ਿਸ਼ ਤੇ ਹੋਰ ਪਹਿਲੂਆਂ ’ਤੇ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।

ਦੋ ਸਾਲ ਪਹਿਲਾਂ ਹੋਇਆ ਸੀ ਦੂਜਾ ਵਿਆਹ, ਦੋਵਾਂ ਦੇ ਨਹੀਂ ਸੀ ਔਲਾਦ
ਜਾਣਕਾਰੀ ਮੁਤਾਬਕ ਕਮਲਜੀਤ ਸਿੰਘ ਤੇ ਰਾਜ ਕੌਰ ਦਾ ਦੋ ਸਾਲ ਪਹਿਲਾਂ ਦੂਜਾ ਵਿਆਹ ਹੋਇਆ ਸੀ। ਦੋਵਾਂ ਦੇ ਕੋਈ ਔਲਾਦ ਨਹੀਂ ਹੈ। ਕਮਲਜੀਤ ਪਹਿਲਾਂ ਬੈਂਕ ’ਚ ਨੌਕਰੀ ਕਰਦਾ ਸੀ ਪਰ ਹੁਣ ਉਹ ਪੂਰੀ ਤਰ੍ਹਾਂ ਵੇਹਲਾ ਸੀ। ਉਸਦੀ ਭੈਣ ਘਰ ਚਲਾਉਣ ਲਈ ਕਿਤੇ ਨੌਕਰੀ ਕਰਦੀ ਸੀ। ਪਤੀ-ਪਤਨੀ ਦੋਵੇਂ ਸ਼ਿਵਾਲਿਕ ਸਿਟੀ ’ਚ ਰਹਿੰਦੇ ਸਨ। ਕਮਲਜੀਤ ਸਿੰਘ ਸ਼ਰਾਬੀ ਪੀ ਕੇ ਉਸਦੀ ਭੈਣ ਨਾਲ ਕੁੱਟਮਾਰ ਕਰਦਾ ਸੀ। ਪਿਛਲੇ ਕੁਝ ਦਿਨਾਂ ਤੋਂ ਰਾਜ ਕੌਰ ਦਾ ਫੋਨ ਪਰਿਵਾਰ ਨੂੰ ਨਹੀਂ ਗਿਆ ਤਾਂ ਉਸ ਦੀ ਭਰਾ ਮਾਂ ਨਾਲ ਸ਼ਿਵਾਲਿਕ ਸਿਟੀ ’ਚ ਆਪਣੀ ਭੈਣ ਦੇ ਘਰ ਉਸ ਦਾ ਹਾਲ ਜਾਣਨ ਆਇਆ ਸੀ।
 

Credit : www.jagbani.com

  • TODAY TOP NEWS