ਸਮਰਾਲਾ : ਸੀ. ਬੀ. ਆਈ. ਦੀ ਇੱਕ ਟੀਮ ਨੇ ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ ਸਮਰਾਲਾ ਨੇੜੇ ਮਾਹਲ ਫਾਰਮ ਹਾਊਸ 'ਤੇ ਛਾਪਾ ਮਾਰਿਆ ਹੈ। ਇਸ ਛਾਪੇਮਾਰੀ ਦੌਰਾਨ ਸੀ. ਬੀ. ਆਈ. ਦੀ ਟੀਮ ਕਈ ਘੰਟੇ ਤੱਕ ਇਸ ਫਾਰਮ ਹਾਊਸ ਦੀ ਤਲਾਸ਼ੀ ਲੈਂਦੀ ਰਹੀ। ਸੀ. ਬੀ. ਆਈ. ਚੰਡੀਗੜ੍ਹ ਤੋਂ ਆਈ ਟੀਮ ਦੀ ਅਗਵਾਈ ਡੀ. ਐੱਸ. ਪੀ. ਰਕੇਸ਼ ਮੋਰੀਆ ਕਰ ਰਹੇ ਸਨ।
ਇਸ ਟੀਮ 'ਚ ਸੀ. ਬੀ. ਆਈ. ਦੇ ਕਈ ਹੋਰ ਅਧਿਕਾਰੀ ਸ਼ਾਮਿਲ ਸਨ। ਹਰਚਰਨ ਸਿੰਘ ਭੁੱਲਰ ਦੇ ਇਸ ਫਾਰਮ ਹਾਊਸ ਦੀ ਤਲਾਸ਼ੀ ਦੌਰਾਨ ਮਹਿੰਗੀ ਸ਼ਰਾਬ ਦੀ ਵੱਡੀ ਮਾਤਰਾ 'ਚ ਬਰਾਮਦਗੀ ਸੀ. ਬੀ. ਆਈ. ਵੱਲੋਂ ਕੀਤੀ ਗਈ, ਜਿਸ ਦੀ ਕੀਮਤ ਕਰੀਬ 290,000 ਦੱਸੀ ਜਾਂਦੀ ਹੈ। ਤਲਾਸ਼ੀ ਦੌਰਾਨ ਸੀ. ਬੀ. ਆਈ. ਟੀਮ ਨੇ 17 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ, ਜੋ ਕਿ 12 ਬੋਰ ਦੀ ਰਾਈਫਲ ਦੇ ਮੰਨੇ ਜਾਂਦੇ ਹਨ। ਇਸ ਤੋਂ ਬਾਅਦ ਟੀਮ ਨੇ ਸਥਾਨਕ ਪੁਲਸ ਨੂੰ ਸ਼ਰਾਬ ਅਤੇ ਜ਼ਿੰਦਾ ਕਾਰਤੂਸ ਜ਼ਬਤ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਅਤੇ ਸਮਰਾਲਾ ਪੁਲਸ ਸਟੇਸ਼ਨ 'ਚ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਕੇਸ ਦਰਜ ਕੀਤਾ।
ਫਿਲਹਾਲ ਸੀ. ਬੀ. ਆਈ. ਅਧਿਕਾਰੀਆਂ ਤੋਂ ਜਾਣਕਾਰੀ ਮਿਲਣ ਤੋਂ ਬਾਅਦ, ਸਮਰਾਲਾ ਪੁਲਸ ਨੇ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਸ਼ਰਾਬ ਬਰਾਮਦਗੀ ਲਈ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਪਰ ਪੁਲਸ ਵੱਲੋਂ ਉਸਦੇ ਫਾਰਮ ਹਾਊਸ ਤੋਂ ਬਰਾਮਦ ਕੀਤੇ ਗਏ ਜ਼ਿੰਦਾ ਕਾਰਤੂਸਾਂ ਬਾਰੇ ਹੋਰ ਜਾਂਚ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਸੀ. ਬੀ. ਆਈ. ਟੀਮ ਨੂੰ ਇਹ ਬਰਾਮਦ ਕੀਤੇ ਗਏ 17 ਕਾਰਤੂਸ ਗੈਰ-ਕਾਨੂੰਨੀ ਸਾਬਤ ਹੁੰਦੇ ਹਨ ਤਾਂ ਇੱਕ ਵੱਖਰਾ ਮਾਮਲਾ ਦਰਜ ਕੀਤਾ ਜਾ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com