ਮਲਕੀਤ ਨੀਟਾ ਦੀ ਪੰਜਾਬੀ ‘ਚ ਇਟਾਲੀਅਨ ਭਾਸ਼ਾ ਸਿਖਾਉਣ ਵਾਲੀ ਕਿਤਾਬ ਸ਼੍ਰੀ ਅਭਿਜੈ ਚੋਪੜਾ ਵੱਲੋਂ ਲੋਕ ਅਰਪਣ

ਮਲਕੀਤ ਨੀਟਾ ਦੀ ਪੰਜਾਬੀ ‘ਚ ਇਟਾਲੀਅਨ ਭਾਸ਼ਾ ਸਿਖਾਉਣ ਵਾਲੀ ਕਿਤਾਬ ਸ਼੍ਰੀ ਅਭਿਜੈ ਚੋਪੜਾ ਵੱਲੋਂ ਲੋਕ ਅਰਪਣ

ਜਲੰਧਰ : CT Group of Institutions 'ਚ ਪ੍ਰਸਿੱਧ ਭਾਸ਼ਾਵਿਦ ਮਲਕੀਤ ਸਿੰਘ ਨੀਟਾ ਵੱਲੋਂ ਲਿਖੀ ਗਈ ਨਵੀਂ ਕਿਤਾਬ “Learn Italian with Nita & Brothers” ਦਾ ਸ਼ਾਨਦਾਰ ਲੋਕ ਅਰਪਣ ਸਮਾਗਮ ਆਯੋਜਿਤ ਕੀਤਾ ਗਿਆ। ਇਸ ਕਿਤਾਬ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬੀ 'ਚ ਇਟਾਲੀਅਨ ਭਾਸ਼ਾ ਸਿੱਖਣ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਗਲੋਬਲ ਪੱਧਰ ’ਤੇ ਉਭਰ ਰਹੇ ਮੌਕਿਆਂ ਲਈ ਤਿਆਰ ਕਰਨਾ ਹੈ।

ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ Abhijay Chopra ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਧੁਨਿਕ ਯੁੱਗ 'ਚ ਵਿਦੇਸ਼ੀ ਭਾਸ਼ਾਵਾਂ ਦਾ ਗਿਆਨ ਸਿਰਫ਼ ਇੱਕ ਹੁਨਰ ਨਹੀਂ, ਸਗੋਂ ਅੰਤਰਰਾਸ਼ਟਰੀ ਸਫਲਤਾ ਦੀ ਮਜ਼ਬੂਤ ਨੀਂਹ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਜਾ ਕੇ ਕੰਮ ਕਰਨਾ ਅਤੇ ਉੱਥੋਂ ਡਾਲਰ ਜਾਂ ਯੂਰੋ ਦੇ ਰੂਪ 'ਚ ਆਮਦਨ ਵਾਪਸ ਦੇਸ਼ 'ਚ ਭੇਜਣਾ ਵੀ ਦੇਸ਼ ਦੀ ਆਰਥਿਕ ਮਜ਼ਬੂਤੀ 'ਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।

PunjabKesari

ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕਰਦਿਆਂ ਅਭਿਜੈ ਚੋਪੜਾ ਨੇ ਦੱਸਿਆ ਕਿ ਭਾਸ਼ਾ ਦੀ ਜਾਣਕਾਰੀ ਨਾ ਹੋਣ ਕਾਰਨ ਕਈ ਵਾਰ ਵਿਅਕਤੀ ਦੇ ਕੀਮਤੀ ਸਾਲ ਬਰਬਾਦ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਭਾਸ਼ਾ ’ਤੇ ਪਕੜ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਮਜ਼ਬੂਤ ਨੈੱਟਵਰਕ ਬਣਾਉਣ ਦਾ ਮੌਕਾ ਮਿਲਿਆ ਅਤੇ ਅੱਜ ਉਨ੍ਹਾਂ ਦੇ ਨਿਊਯਾਰਕ ਅਤੇ ਵਾਲ ਸਟਰੀਟ ਵਰਗੀਆਂ ਥਾਵਾਂ ’ਤੇ ਅਜਿਹੇ ਦੋਸਤ ਹਨ ਜੋ ਨਿਵੇਸ਼ ਤੇ ਵਿੱਤੀ ਮਾਮਲਿਆਂ ਸਬੰਧੀ ਕੀਮਤੀ ਸਲਾਹ ਦਿੰਦੇ ਹਨ।

ਉਨ੍ਹਾਂ ਨੇ Malkit Singh Nita ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਵਿਦਿਆਰਥੀ ਇਟਲੀ ਜਾਂ ਕਿਸੇ ਹੋਰ ਦੇਸ਼ ਜਾਣ ਤੋਂ ਪਹਿਲਾਂ ਉੱਥੋਂ ਦੀ ਭਾਸ਼ਾ ਸਿੱਖ ਲੈਣ ਤਾਂ ਉਹ ਆਪਣੇ ਇੱਕ ਤੋਂ ਦੋ ਸਾਲ ਬਚਾ ਸਕਦੇ ਹਨ ਅਤੇ ਉਨ੍ਹਾਂ ਲਈ ਵਿਦੇਸ਼ 'ਚ ਖੁਦ ਨੂੰ ਸਥਾਪਿਤ ਕਰਨਾ ਕਾਫ਼ੀ ਆਸਾਨ ਹੋ ਜਾਂਦਾ ਹੈ।

ਇਸ ਮੌਕੇ ਸੰਸਥਾ ਦੇ ਮੁਖੀ ਡਾ. ਮਨਬੀਰ ਸਿੰਘ ਨੇ ਦੱਸਿਆ ਕਿ ਇਹ ਕਿਤਾਬ ਖ਼ਾਸ ਤੌਰ ’ਤੇ ਸ਼ੁਰੂਆਤੀ ਅਤੇ ਮੱਧ ਪੱਧਰ ਦੇ ਵਿਦਿਆਰਥੀਆਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤੀ ਗਈ ਹੈ। ਕਿਤਾਬ 'ਚ ਸਰਲ ਭਾਸ਼ਾ 'ਚ ਵਿਆਕਰਨ, ਸ਼ਬਦਾਵਲੀ ਅਤੇ ਰੋਜ਼ਾਨਾ ਗੱਲਬਾਤ ਦੇ ਪ੍ਰਯੋਗਾਤਮਕ ਅਭਿਆਸ ਸ਼ਾਮਲ ਕੀਤੇ ਗਏ ਹਨ, ਜਿਸ ਨਾਲ ਭਾਸ਼ਾ ਸਿੱਖਣ ਦੀ ਪ੍ਰਕਿਰਿਆ ਹੋਰ ਵੀ ਆਸਾਨ ਅਤੇ ਪ੍ਰਭਾਵਸ਼ਾਲੀ ਬਣਦੀ ਹੈ।

ਉੱਧਰ ਮਲਕੀਤ ਸਿੰਘ ਨੀਟਾ ਨੇ ਦੱਸਿਆ ਕਿ ਮੇਰੇ ਪਿਤਾ ਜੀ ਨੇ ਭਾਸ਼ਾ ਨਾ ਆਉਣ ਕਰਕੇ ਇਟਲੀ 'ਚ ਲੇਬਰ ਕੀਤੀ ਤੇ ਦਰਪੇਸ਼ ਸਮੱਸਿਆਵਾਂ ਦਾ ਵੀ ਸਾਹਮਣਾ ਕੀਤਾ ਸੀ, ਉਹਨਾਂ ਨੂੰ ਵੇਖ ਕੇ ਮੈਂ ਸਬਕ ਲਿਆ ਸੀ ਕਿ ਭਾਸ਼ਾਵਾਂ ਦਾ ਮਾਹਿਰ ਬਣਨਾ ਹੈ ਤੇ ਭਾਰਤੀ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕਿਤਾਬ ਲਾਂਚ ਕਰਨ ਸਮੇਤ ਇਸ ਸੈਮੀਨਾਰ ਕਰਵਾਉਣ ਦਾ ਮਕਸਦ ਵੀ ਇਹੀ ਹੈ ਕਿ ਇਟਲੀ ਜਾਣ ਤੋਂ ਪਹਿਲਾਂ ਲੋਕ ਭਾਸ਼ਾ ਦਾ ਗਿਆਨ ਹਾਸਲ ਕਰ ਲੈਣ ਕਿਉਂਕਿ ਉਸ ਮੁਲਕ ਵਿੱਚ ਇਸ ਜ਼ੁਬਾਨ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। 

ਸਮਾਗਮ ਦੇ ਅਖੀਰ ਵਿੱਚ ਸਮੂਹ ਮੁੱਖ ਮਹਿਮਾਨਾਂ ਵੱਲੋਂ ਮਲਕੀਤ ਨੀਟਾ ਨੂੰ ਭਾਸ਼ਾ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਥ ਲੀਡਰ ਹਰਜਾਪ ਸਿੰਘ ਸੰਘਾ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ, ਵਿਦਿਆਰਥੀ ਅਤੇ ਪਤਵੰਤੇ ਸੱਜਣ ਮੌਜੂਦ ਸਨ, ਜਿਨ੍ਹਾਂ ਨੇ ਲੇਖਕ ਦੇ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS