ਭਗਵੰਤ ਮਾਨ ਸਰਕਾਰ ਦੇ ਨਿਸ਼ਾਨੇ ’ਤੇ ਰਾਜਾ ਵੜਿੰਗ, ਵਿਜੀਲੈਂਸ ਕਰ ਸਕਦੀ ਹੈ ਜਾਂਚ

ਭਗਵੰਤ ਮਾਨ ਸਰਕਾਰ ਦੇ ਨਿਸ਼ਾਨੇ ’ਤੇ ਰਾਜਾ ਵੜਿੰਗ, ਵਿਜੀਲੈਂਸ ਕਰ ਸਕਦੀ ਹੈ ਜਾਂਚ

ਚੰਡੀਗੜ੍ਹ : ਭਗਵੰਤ ਮਾਨ ਸਰਕਾਰ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਾਂਗਰਸ ਦੇ ਦੋ ਸਾਬਕਾ ਮੰਤਰੀਆਂ ਸਾਧੂ ਸਿੰਘ ਧਰਮਸੌਤ ਅਤੇ ਸੰਗਤ ਸਿੰਘ ਗਿਲਜੀਆਂ ’ਤੇ ਮਾਮਲਾ ਦਰਜ ਕਰਨ ਤੋਂ ਬਾਅਦ ਹੁਣ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਰਡਾਰ ’ਤੇ ਆ ਗਏ ਹਨ। ਦਰਅਸਲ ਜੈਪੁਰ ਰਾਜਸਥਾਨ ਤੋਂ ਪਨਬਸ ਦੀਆਂ ਬੱਸਾਂ ਦੀ ਬਾਡੀ ਲਗਾਉਣ ਦੇ ਮਾਮਲੇ ’ਚ ਸਾਬਕਾ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ‘ਆਪ’ ਸਰਕਾਰ ਦੇ ਨਿਸ਼ਾਨੇ ’ਤੇ ਆ ਗਏ ਹਨ। ਵੜਿੰਗ ਦੇ ਕਾਰਜਕਾਲ ਦੌਰਾਨ ਜਿਸ ਕੰਪਨੀ ਤੋਂ ਪਨਬਸ ਦੀਆਂ 842 ਬੱਸਾਂ ’ਤੇ ਬਾਡੀ ਲਗਾਈ ਗਈ ਸੀ, ਉਸੇ ਕੰਪਨੀ ਨੇ ਉਤਰ ਪ੍ਰਦੇਸ਼ ਦੀਆਂ 148 ਬੱਸਾਂ ’ਤੇ ਬਾਡੀ ਲਗਾਈ ਸੀ। ਵਿਵਾਦ ਦਰਅਸਲ ਇਸ ਗੱਲ ਦਾ ਹੈ ਕਿ ਉਕਤ ਕੰਪਨੀ ਨੇ ਉਤਰ ਪ੍ਰਦੇਸ਼ ਨਾਲੋਂ ਪੰਜਾਬ ਤੋਂ ਪ੍ਰਤੀ ਬਸ ਬਾਡੀ ਦੇ ਲਗਭਗ ਦੋ ਲੱਖ ਰੁਪਏ ਜ਼ਿਆਦਾ ਵਸੂਲੇ ਹਨ। ਇਸ ਨਾਲ ਪੰਜਾਬ ਦੇ ਖਜ਼ਾਨੇ ਨੂੰ ਲਗਭਗ 16.84 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਅਖ਼ਬਾਰੀ ਰਿਪੋਰਟਾਂ ਮੁਤਾਬਕ ਸਰਕਾਰ ਮਾਮਲੇ ਦੀ ਵਿਭਾਗੀ ਜਾਂਚ ਕਰਵਾਉਣ ਜਾਂ ਵਿਜੀਲੈਂਸ ਮਾਮਲਾ ਸੌੰਪਣ ’ਤੇ ਵਿਚਾਰ ਕਰ ਰਹੀ ਹੈ। ਜੇ ਸਰਕਾਰ ਵਿਜੀਲੈਂਸ ਨੂੰ ਜਾਂਚ ਸੌਂਪਦੀ ਹੈ ਤਾਂ ਵੜਿੰਗ ਦੇ ਨਾਲ-ਨਾਲ ਕਾਂਗਰਸ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਹਨ ਕਿਉਂਕਿ ਸਾਬਕਾ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸਾਬਕਾ ਮੰਤਰੀ ਓ. ਪੀ. ਸੋਨੀ ਵੀ ਵਿਜੀਲੈਂਸ ਦੀ ਰਡਾਰ ’ਤੇ ਹਨ।

ਅਪਰ ਇੰਡੀਆ ਕੋਚ ਬਿਲਡਰਸ ਐਸੋਸੀਏਸ਼ਨ ਪੰਜਾਬ ਨੇ ਪ੍ਰਮੁੱਖ ਸਕੱਤਰ ਟ੍ਰਾਂਸਪੋਰਟ ਨਾਲ ਪਨਬਸ ’ਤੇ ਫੈਬਰੀਕੇਡੇਟ ਬਾਡੀ ਲਗਾਉਣ ਲਈ ਲਿਖਾ ਪੜ੍ਹੀ ਕੀਤੀ ਪਰ ਟ੍ਰਾਂਸਪੋਰਟ ਵਿਭਾਗ ਨੇ ਏ. ਆਈ. ਐੱਸ. 052 ਦੇ ਨਿਯਮ ਦਾ ਹਵਾਲਾ ਦਿੰਦੇ ਹੋਏ ਬੀ. ਬੀ. ਐੱਮ. ਐੱਸ. ਫੈਬ੍ਰੀਕੇਸ਼ਨ ਕੰਪਨੀ, ਜੈਪੁਰ ਨੂੰ ਟੈਂਡਰ ਦੇ ਦਿੱਤੇ। ਦੋਸ਼ ਹੈ ਕਿ ਵਿਭਾਗ ਨੇ ਜੈਪੁਰ ਦੀ ਕੰਪਨੀ ਨੂੰ ਟੈਂਡਰ ਦੇਣ ਲਈ ਅਜਿਹਾ ਕੀਤਾ ਸੀ। ਬੀ. ਐੱਮ. ਐੱਮ. ਐੱਸ. ਫੈਬਰਿਕ ਕੰਪਨੀ ਨੇ ਪਨਬਸ ਦੀਆਂ 842 ਬੱਸਾਂ ’ਤੇ 10,16,000 ਰੁਪਏ ਅਤੇ ਉਤਰ ਪ੍ਰਦੇਸ਼ ਦੀਆਂ 148 ਬੱਸਾਂ ’ਤੇ 8,41000 ਰੁਪਏ ਖਰਚ ਕੀਤੇ ਹਨ। ਦਿਲਚਸਪ ਗੱਲ ਇਹ ਹੈ ਕਿ ਕੰਪਨੀ ਨੇ ਪੰਜਾਬ ਤੋਂ ਪ੍ਰਤੀ ਬਸ 2 ਲੱਖ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ। ਇਥੇ ਹੀ ਬਸ ਨਹੀਂ ਉਤਰ ਪ੍ਰਦੇਸ਼ ਦੀਆਂ ਬੱਸਾਂ ਦੇ ਮੁਕਾਬਲੇ ਪਨਬਸ ਦੀਆਂ ਬੱਸਾਂ ਵਿਚ ਮਾੜਾ ਮਟੀਰੀਅਲ ਵਰਤਣ ਦਾ ਵੀ ਦੋਸ਼ ਲੱਗਾ ਹੈ।

Credit : www.jagbani.com

  • TODAY TOP NEWS