ਦੁਬਈ ’ਚ ਇੰਨਾ ਭਿਆਨਕ ਮੀਂਹ ਕਿਉਂ ਪਿਆ? ਕੀ ‘ਕਲਾਊਡ ਸੀਡਿੰਗ’ ਬਣਿਆ ਤਬਾਹੀ ਦਾ ਕਾਰਨ?

ਦੁਬਈ ’ਚ ਇੰਨਾ ਭਿਆਨਕ ਮੀਂਹ ਕਿਉਂ ਪਿਆ? ਕੀ ‘ਕਲਾਊਡ ਸੀਡਿੰਗ’ ਬਣਿਆ ਤਬਾਹੀ ਦਾ ਕਾਰਨ?

ਇੰਟਰਨੈਸ਼ਨਲ ਡੈਸਕ– ਮਾਰੂਥਲੀ ਦੇਸ਼ ਸੰਯੁਕਤ ਅਰਬ ਅਮੀਰਾਤ ਨੂੰ ਹੁਣ ਤੱਕ ਦੇ ਸਭ ਤੋਂ ਭਾਰੀ ਮੀਂਹ ਤੋਂ ਉੱਭਰਨ ਲਈ ਵੀਰਵਾਰ ਨੂੰ ਭਾਰੀ ਸੰਘਰਸ਼ ਕਰਨਾ ਪਿਆ। ਅੰਤਰਰਾਸ਼ਟਰੀ ਯਾਤਰਾ ਲਈ ਦੁਨੀਆ ਦੇ ਸਭ ਤੋਂ ਰੁੱਝੇ ਰਹਿਣ ਵਾਲੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਵੀਰਵਾਰ ਸਵੇਰੇ ਵਿਦੇਸ਼ਾਂ ਤੋਂ ਆਉਣ ਵਾਲੇ ਜਹਾਜ਼ਾਂ ਨੂੰ ਸਿਰਫ਼ ਹਵਾਈ ਖ਼ੇਤਰ ਦੇ ਟਰਮੀਨਲ 1 ’ਚ ਉਤਰਨ ਦੀ ਇਜਾਜ਼ਤ ਦਿੱਤੀ। ਵੀਰਵਾਰ ਨੂੰ ਜਦੋਂ ਮੁੱਖ ਹਵਾਈ ਅੱਡੇ ਦੇ ਅੰਦਰ ਆਮ ਕੰਮਕਾਜ ਬਹਾਲ ਕਰਨ ਦਾ ਕੰਮ ਚੱਲ ਰਿਹਾ ਸੀ ਤਾਂ ਹਵਾਈ ਅੱਡੇ ਦੇ ਬਾਹਰ ਮੁੱਖ ਮਾਰਗਾਂ ਤੇ ਸੜਕਾਂ ’ਤੇ ਹੜ੍ਹ ਦਾ ਪਾਣੀ ਭਰਿਆ ਹੋਇਆ ਸੀ। ਪਾਣੀ ਭਰੀਆਂ ਸੜਕਾਂ ਕਾਰਨ ਪਾਇਲਟਾਂ ਤੇ ਜਹਾਜ਼ ਦੇ ਅਮਲੇ ਨੂੰ ਹਵਾਈ ਅੱਡੇ ਤੱਕ ਪਹੁੰਚਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹਵਾਈ ਅੱਡੇ ’ਤੇ ਪਹੁੰਚੇ ਮੁਸਾਫਿਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣਾ ਸਾਮਾਨ ਲੈਣ ਲਈ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ, ਜਦਕਿ ਕੁਝ ਨੇ ਘਰ ਜਾਂ ਹੋਟਲ ਜਾਣ ਲਈ ਜਲਦਬਾਜ਼ੀ ਨਹੀਂ ਕੀਤੀ ਤੇ ਉਥੇ ਹੀ ਰੁਕੇ ਰਹੇ।

PunjabKesari

ਔਸਤ ਨਾਲੋਂ ਲਗਭਗ ਦੁੱਗਣਾ ਪਿਆ ਮੀਂਹ, ਸਕੂਲ ਅਗਲੇ ਹਫ਼ਤੇ ਤੱਕ ਬੰਦ
ਸੰਯੁਕਤ ਅਰਬ ਅਮੀਰਾਤ ’ਚ ਆਮ ਤੌਰ ’ਤੇ ਖੁਸ਼ਕ ਮਾਰੂਥਲ ਜਲਵਾਯੂ ’ਚ ਬੜਾ ਘੱਟ ਮੀਂਹ ਪੈਂਦਾ ਹੈ। ਮੰਗਲਵਾਰ ਨੂੰ 24 ਘੰਟਿਆਂ ’ਚ 142 ਮਿਲੀਮੀਟਰ (5.59 ਇੰਚ) ਤੋਂ ਵੱਧ ਮੀਂਹ ਨੇ ਦੁਬਈ ਨੂੰ ਡੋਬ ਦਿੱਤਾ। ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਾਲ ’ਚ ਔਸਤਨ 94.7 ਮਿਲੀਮੀਟਰ (3.73 ਇੰਚ) ਮੀਂਹ ਪੈਂਦਾ ਹੈ। ਦੇਸ਼ ਦੇ ਹੋਰਨਾਂ ਇਲਾਕਿਆਂ ’ਚ ਹੋਰ ਵੀ ਵੱਧ ਮੀਂਹ ਪਿਆ ਹੈ। ਸਕੂਲ ਅਗਲੇ ਹਫ਼ਤੇ ਤੱਕ ਬੰਦ ਰਹਿਣਗੇ।

ਇਹ ਖ਼ਬਰ ਵੀ ਪੜ੍ਹੋ : ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਸੈਲੂਨ ਮਾਲਕ ਦਾ ਕਤਲ, ਹੱਥ ਵੱਢੇ ਤੇ ਸਿਰ ਕੀਤਾ ਖੋਖਲਾ

ਆਬੂਧਾਬੀ ਦੇ ਹਾਕਮ ਸ਼ੇਖ ਨਾਹਯਾਨ ਨੇ ਕਿਹਾ, ‘‘ਤੇਜ਼ੀ ਨਾਲ ਠੀਕ ਕੀਤੀ ਜਾ ਰਹੀ ਹੈ ਟੁੱਟੀ ਜਲ ਨਿਕਾਸੀ ਪ੍ਰਣਾਲੀ’’
ਯੂ. ਏ. ਈ. ਦੀ ਸਰਕਾਰੀ ਨਿਊਜ਼ ਏਜੰਸੀ ਨੇ ਮੀਂਹ ਨੂੰ ‘ਇਕ ਇਤਿਹਾਸਕ ਮੌਸਮੀ ਘਟਨਾ’ ਕਿਹਾ ਹੈ, ਜੋ 1949 ’ਚ ਡਾਟਾ ਇਕੱਠਾ ਕਰਨ ਦੀ ਸ਼ੁਰੂਅਾਤ ਹੋਣ ਤੋਂ ਬਾਅਦ ਦਰਜ ਕੀਤੇ ਗਏ ਕਿਸੇ ਵੀ ਅੰਕੜੇ ਤੋਂ ਵੱਧ ਹੈ। ਜਲ ਨਿਕਾਸੀ ਪ੍ਰਣਾਲੀਆਂ ਭਾਰੀ ਮੀਂਹ ’ਚ ਟੁੱਟ ਗਈਆਂ, ਜਿਸ ਨਾਲ ਆਂਢ-ਗਆਂਢ, ਵਪਾਰਕ ਜ਼ਿਲਿਆਂ ਤੇ ਇਥੋਂ ਤੱਕ ਕਿ ਦੁਬਈ ’ਚੋਂ ਲੰਘਣ ਵਾਲੇ 12 ਲੇਨ ਸ਼ੇਖ ਜ਼ਾਇਦ ਹਾਈਵੇ ਦੇ ਕੁਝ ਹਿੱਸਿਆਂ ’ਚ ਵੀ ਪਾਣੀ ਭਰ ਗਿਆ।

ਬੁੱਧਵਾਰ ਦੇਰ ਰਾਤ ਰਾਸ਼ਟਰ ਦੇ ਨਾਂ ਇਕ ਸੰਦੇਸ਼ ’ਚ ਅਮੀਰਾਤੀ ਨੇਤਾ ਤੇ ਅਬੂਧਾਬੀ ਦੇ ਹਾਕਮ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਕਿਹਾ ਕਿ ਅਧਿਕਾਰੀ ਸੰਯੁਕਤ ਅਰਬ ਅਮੀਰਾਤ ’ਚ ਬੁਨਿਆਦੀ ਢਾਂਚੇ ਦੀ ਸਥਿਤੀ ਦਾ ਅਧਿਐਨ ਕਰਨ ਤੇ ਹੋਏ ਨੁਕਸਾਨ ਨੂੰ ਸੀਮਤ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਨ।

PunjabKesari

ਇੰਨਾ ਭਿਆਨਕ ਮੀਂਹ ਕਿਉਂ ਪਿਆ?

ਇਕ ਪੱਖ : ਮੀਂਹ ਪੁਆਉਣ ਲਈ ‘ਕਲਾਊਡ ਸੀਡਿੰਗ’ ਦੇ ਕਾਰਨ ਮਚੀ ਤਬਾਹੀ
ਸੰਯੁਕਤ ਅਰਬ ਅਮੀਰਾਤ ’ਚ ਬੇਮਿਸਾਲ ਹੜ੍ਹਾਂ ਦੇ ਕਾਰਨ ਇਹ ਕਿਆਸ ਅਰਾਈਆਂ ਲਗਾਈਆਂ ਕਿ ਸੰਯੁਕਤ ਅਰਬ ਅਮੀਰਾਤ ਨੇ ਮੀਂਹ ਪੁਅਾਉਣ ਲਈ ‘ਕਲਾਊਡ ਸੀਡਿੰਗ’ ਵਿਧੀ ਅਪਣਾਈ, ਜੋ ਬੇਕਾਬੂ ਨਾਲ ਭਿਆਨਕ ਹੜ੍ਹ ਦਾ ਕਾਰਨ ਬਣੀ। ਸੰਯੁਕਤ ਅਰਬ ਅਮੀਰਾਤ ਵਲੋਂ ਮੀਂਹ ਪੁਆਉਣ ਲਈ ਇਹ ਤਰੀਕਾ ਅਕਸਰ ਵਰਤਿਆ ਜਾਂਦਾ ਹੈ। ‘ਕਲਾਊਡ ਸੀਡਿੰਗ’ ’ਚ ਮੀਂਹ ਵਧਾਉਣ ਲਈ ਬੱਦਲਾਂ ’ਚ ਰਸਾਇਣ ਪਾਇਆ ਜਾਂਦਾ ਹੈ, ਜੋ ਕਿ ਪਾਣੀ ਦੀ ਕਮੀ ਨਾਲ ਜੂਝ ਰਹੇ ਇਲਾਕਿਆਂ ’ਤੇ ਮੀਂਹ ਬਣ ਕੇ ਡਿੱਗਦੀ ਹੈ। ਕੁਝ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਬੱਦਲ ਬਣਾਉਣ ਲਈ ‘ਸੀਡਿੰਗ’ ਜਹਾਜ਼ਾਂ ਨੂੰ ਭੇਜਿਆ ਗਿਆ ਸੀ, ਜਿਸ ਕਾਰਨ ਇਹ ਸਵਾਲ ਉੱਠਣ ਲੱਗਾ ਹੈ ਕਿ ਕੀ ਮੀਂਹ ਪੁਆਉਣ ਲਈ ਮਨੁੱਖੀ ਦਖ਼ਲ ਅੰਦਾਜ਼ੀ ਕੀਤੀ ਜਾਣੀ ਚਾਹੀਦੀ ਹੈ?

PunjabKesari

ਦੂਸਰਾ ਪੱਖ : ਘੱਟ ਦਬਾਅ ਪ੍ਰਣਾਲੀ, ਤਾਪਮਾਨ ਅੰਤਰ ਤੇ ਜਲਵਾਯੂ ਤਬਦੀਲੀ ਨੇ ਹਾਲਾਤ ਵਿਗਾੜੇ
ਮਾਹਿਰ ਭਾਰੀ ਮੀਂਹ ਦਾ ਕਾਰਨ ਵਾਯੂਮੰਡਲ ਦੀਆਂ ਸਥਿਤੀਆਂ ਦੇ ‘ਸੰਗਮ’ ਨੂੰ ਮੰਨਦੇ ਹਨ, ਜਿਸ ’ਚ ‘ਘੱਟ ਦਬਾਅ ਪ੍ਰਣਾਲੀ’ ਤੇ ‘ਤਾਪਮਾਨ ਦਾ ਅੰਤਰ’ ਨਾਲ ਬਣੇ ਹਾਲਾਤ ’ਚ ‘ਜਲਵਾਯੂ ਤਬਦੀਲੀ’ ਨੇ ਹਾਲਾਤ ਨੂੰ ਹੋਰ ਵਿਗਾੜਨ ਦਾ ਕੰਮ ਕੀਤਾ। ਯੂ. ਏ. ਈ. ਸਰਕਾਰ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਦੇ ਇਕ ਸੀਨੀਅਰ ਸੀਨੀਅਰ ਪੂਰਵ ਅਨੁਮਾਨ ਕਰਤਾ ਐਸਰਾ ਅਲਨਾਕਬੀ ਨੇ ਦੱਸਿਆ ਕਿ ਉੱਪਰਲੇ ਵਾਯੂਮੰਡਲ ’ਚ ਇਕ ਘੱਟ ਦਬਾਅ ਪ੍ਰਣਾਲੀ ਘੱਟ ਸਤ੍ਹਾ ਦੇ ਦਬਾਅ ਨਾਲ ਹਵਾ ਨੂੰ ਸੰਕੁਚਿਤ ਕਰਦੀ ਹੈ, ਜਿਸ ਨਾਲ ਦਬਾਅ ‘ਨਿਚੋੜ’ ਪੈਦਾ ਹੁੰਦਾ ਹੈ। ਜ਼ਮੀਨੀ ਪੱਧਰ ਤੇ ਵੱਧ ਉਚਾਈ ਦੇ ਦਰਮਿਆਨ ਤਾਪਮਾਨ ਦੇ ਅੰਤਰ ਦੇ ਕਾਰਨ ਤੇਜ਼ ਹੋ ਗਿਆ, ਨਤੀਜੇ ਵਜੋਂ ਇਕ ਸ਼ਕਤੀਸ਼ਾਲੀ ਤੂਫ਼ਾਨ ਆਇਆ। ਅਲਨਾਕਬੀ ਨੇ ਕਿਹਾ ਕਿ ਅਪ੍ਰੈਲ ’ਚ ਅਜਿਹੀ ਅਸਾਧਾਰਨ ਘਟਨਾ ਹੈਰਾਨੀਜਨਕ ਨਹੀਂ ਸੀ ਕਿਉਂਕਿ ਮੌਸਮੀ ਤਬਦੀਲੀਆਂ ਦਬਾਅ ’ਚ ਤੇਜ਼ੀ ਨਾਲ ਤਬਦੀਲੀਆਂ ਲਿਆਉਂਦੀਆਂ ਹਨ, ਜੋ ਸੰਭਾਵਿਤ ਤੌਰ ’ਤੇ ਜਲਵਾਯੂ ਤਬਦੀਲੀ ਕਾਰਨ ਵੱਧ ਜਾਂਦਾ ਹੈ। ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਦੇ ਅਧਿਕਾਰੀਆਂ ਨੇ ‘ਕਲਾਊਡ ਸੀਡਿੰਗ’ ਸਰਗਰਮੀਆਂ ਕਰਨ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤੇਜ਼ ਤੂਫ਼ਾਨ ਦੀ ਚਿਤਾਵਨੀ ਪਹਿਲਾਂ ਤੋਂ ਹੀ ਜਾਰੀ ਕਰ ਦਿੱਤੀ ਗਈ ਸੀ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS