CM ਮਾਨ ਨੇ ਜਲੰਧਰ 'ਚ ਪਵਨ ਟੀਨੂੰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ, ਪਾਰਟੀ ਛੱਡਣ ਵਾਲਿਆਂ ਲਈ ਆਖੀਆਂ ਵੱਡੀਆਂ ਗੱਲਾਂ

CM ਮਾਨ ਨੇ ਜਲੰਧਰ 'ਚ ਪਵਨ ਟੀਨੂੰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ, ਪਾਰਟੀ ਛੱਡਣ ਵਾਲਿਆਂ ਲਈ ਆਖੀਆਂ ਵੱਡੀਆਂ ਗੱਲਾਂ

ਜਲੰਧਰ/ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਸ਼ਾਮ ਜਲੰਧਰ 'ਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਭਗਵੰਤ ਮਾਨ ਨੇ ਜਲੰਧਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰੋਡ ਸ਼ੋਅ ਕੀਤੇ ਅਤੇ ਲੋਕਾਂ ਨੂੰ ਪਵਨ ਕੁਮਾਰ ਟੀਨੂੰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ 'ਆਪ' ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸੰਸਦ ਮੈਂਬਰ ਸੁਸ਼ੀਲ ਰਿੰਕੂ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਸੰਸਦ ਮੈਂਬਰ ਬਣਾ ਕੇ ਰਾਸ਼ਟਰੀ ਪੱਧਰ 'ਤੇ ਪਛਾਣ ਦਿਵਾਈ ਪਰ ਲਾਲਚ ਅਤੇ ਸਵਾਰਥ ਕਾਰਨ ਉਨ੍ਹਾਂ ਨੇ ਪਾਰਟੀ ਅਤੇ ਜਲੰਧਰ ਦੇ ਲੋਕਾਂ ਨਾਲ ਧੋਖਾ ਕੀਤਾ। ਮਾਨ ਨੇ ਜਲੰਧਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨਾਲ ਧੋਖਾ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਅਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਕਰਵਾਉਣ।

PunjabKesari

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਇਹ ਪਾਰਟੀ ਸਾਧਾਰਨ ਘਰਾਂ ਦੇ ਲੋਕਾਂ ਨੂੰ ਐੱਮ. ਪੀ., ਐੱਮ.ਐੱਲ.ਏ., ਮੰਤਰੀ ਅਤੇ ਮੁੱਖ ਮੰਤਰੀ ਬਣਨ ਦਾ ਮੌਕਾ ਦਿੰਦੀ ਹੈ। ਅਸੀਂ ਵੀ ਤੁਹਾਡੇ ਵਰਗੇ ਆਮ ਲੋਕ ਹਾਂ। ਤੁਹਾਡੇ ਦੁੱਖ਼-ਦਰਦ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਇਸ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਓ। ਮਾਨ ਨੇ ਕਿਹਾ ਕਿ ਅਸੀਂ ਪਿਛਲੇ ਦੋ ਸਾਲਾਂ ਵਿਚ ਕੀਤੇ ਕੰਮਾਂ ਦੇ ਆਧਾਰ 'ਤੇ ਇਸ ਚੋਣ ਵਿਚ ਤੁਹਾਡੀਆਂ ਵੋਟਾਂ ਮੰਗ ਰਹੇ ਹਾਂ। ਜੇਕਰ ਤੁਹਾਨੂੰ ਸਾਡਾ ਕੰਮ ਪਸੰਦ ਹੈ ਤਾਂ ਸਾਨੂੰ ਵੋਟ ਦਿਓ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਦੋ ਸਾਲਾਂ ਵਿਚ ਪੰਜਾਬ ਵਿਚ ਇੰਨਾ ਕੰਮ ਕਰ ਦਿੱਤਾ ਹੈ ਜੋ ਪਿਛਲੀਆਂ ਸਰਕਾਰਾਂ ਨੇ 70 ਸਾਲਾਂ ਵਿੱਚ ਨਹੀਂ ਕੀਤਾ।

PunjabKesari

ਅਸੀਂ ਪੰਜਾਬ ਦੇ ਆਮ ਲੋਕਾਂ ਲਈ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦਾ ਪ੍ਰਬੰਧ ਕੀਤਾ ਹੈ। ਅੱਜ ਪੰਜਾਬ ਦੇ 90 ਫ਼ੀਸਦੀ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਇਸ ਦੇ ਨਾਲ ਹੀ ਆਮ ਲੋਕਾਂ ਦੇ ਇਲਾਜ ਲਈ 850 ਆਮ ਆਦਮੀ ਕਲੀਨਿਕ ਖੋਲ੍ਹੇ ਅਤੇ ਆਮ ਘਰਾਂ ਦੇ 43000 ਨੌਜਵਾਨਾਂ ਨੂੰ ਯੋਗਤਾ ਦੇ ਆਧਾਰ 'ਤੇ ਸਰਕਾਰੀ ਨੌਕਰੀ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਹਰ ਰੋਜ਼ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੈਂ ਅਜਿਹੀ ਕਿਸੇ ਫਾਈਲ 'ਤੇ ਦਸਤਖ਼ਤ ਨਾ ਕਰਾਂ ਜਿਸ ਨਾਲ ਪੰਜਾਬ ਦੇ ਕਿਸੇ ਵੀ ਘਰ ਦਾ ਚੁੱਲ੍ਹਾ ਬੁਝ ਜਾਵੇ।

PunjabKesari

ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਵਾਲੇ ਦੇਸ਼ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਪੰਜਾਬ ਆਪਸੀ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਕਦੇ ਵੀ ਨਫ਼ਰਤ ਦੀ ਰਾਜਨੀਤੀ ਨੂੰ ਸਵੀਕਾਰ ਨਹੀਂ ਕਰਨਗੇ। ਇਸ ਵਾਰ ਵੀ ਅਸੀਂ ਇਕੱਠੇ ਹੋ ਕੇ ਨਫ਼ਰਤ ਦੀ ਰਾਜਨੀਤੀ ਨੂੰ ਹਰਾਵਾਂਗੇ। ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਸਬੰਧ ਵਿਚ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ (ਟੀਨੂੰ) ਨੇ ਅਕਾਲੀ ਦਲ ਨੂੰ ਨਹੀਂ ਛੱਡਿਆ, ਸਗੋਂ ਅਕਾਲੀ ਦਲ ਨੇ ਹੀ ਇਨ੍ਹਾਂ ਨੂੰ ਛੱਡਿਆ ਹੈ, ਕਿਉਂਕਿ ਜਦੋਂ ਕੰਮ ਦੀ ਗੱਲ ਆਈ ਤਾਂ ਪਾਰਟੀ ਨੇ ਇਨ੍ਹਾਂ ਨੂੰ ਵਰਤਿਆ ਅਤੇ ਜਦੋਂ ਮਿਹਨਤ ਦਾ ਫਲ ਦੇਣ ਦੀ ਗੱਲ ਆਉਂਦੀ ਹੈ ਤਾਂ ਚਾਚਾ, ਭਤੀਜੇ, ਜੀਜੇ ਅਤੇ ਸਾਲੇ ਅੱਗੇ ਹੋ ਫਲ ਲੈ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪਵਨ ਕੁਮਾਰ ਟੀਨੂੰ ਨੇ ਵੀ ਇਕ ਆਮ ਪਰਿਵਾਰ ਵਿਚੋਂ ਸਿਆਸਤ ਵਿਚ ਆ ਕੇ ਆਪਣੀ ਪਛਾਣ ਬਣਾਈ ਹੈ।

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS