ਚਾਂਦੀ ਨੇ ਮਾਰੀ ਬਾਜ਼ੀ, ਸੋਨੇ ਅਤੇ ਸ਼ੇਅਰ ਬਾਜ਼ਾਰ ਨੂੰ ਵੀ ਛੱਡਿਆ ਪਿੱਛੇ

ਚਾਂਦੀ ਨੇ ਮਾਰੀ ਬਾਜ਼ੀ, ਸੋਨੇ ਅਤੇ ਸ਼ੇਅਰ ਬਾਜ਼ਾਰ ਨੂੰ ਵੀ ਛੱਡਿਆ ਪਿੱਛੇ

ਨਵੀਂ ਦਿੱਲੀ- ਆਮ ਨਿਵੇਸ਼ਕਾਂ ਵਿਚਾਲੇ ਸੋਨਾ ਅਤੇ ਸ਼ੇਅਰ ਸਭ ਤੋਂ ਪਾਪੁਲਰ ਹਨ। ਜ਼ਿਆਦਾਤਰ ਨਿਵੇਸ਼ਕ ਸੋਨੇ ’ਚ ਨਿਵੇਸ਼ ਕਰਦੇ ਹਨ ਜਾਂ ਸ਼ੇਅਰਾਂ ’ਚ ਪੈਸਾ ਲਾਉਂਦੇ ਹਨ। ਮਿਊਚੁਅਲ ਫੰਡ ’ਚ ਨਿਵੇਸ਼ ਕਰਨ ਵਾਲੇ ਨਿਵੇਸ਼ਕ ਵੀ ਸਿਪ ਦੇ ਜ਼ਰੀਏ ਸਟਾਕ ’ਚ ਹੀ ਨਿਵੇਸ਼ ਕਰਦੇ ਹਨ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸਾਲ ਹੁਣ ਤੱਕ ਸੋਨਾ ਜਾਂ ਸ਼ੇਅਰ ਨਹੀਂ, ਸਗੋਂ ਚਾਂਦੀ ਨੇ ਆਪਣੇ ਨਿਵੇਸ਼ਕਾਂ ਨੂੰ ਚੋਖਾ ਰਿਟਰਨ ਦਿੱਤਾ ਹੈ। ਦੱਸ ਦੇਈਏ ਕਿ ਜਨਵਰੀ ਤੋਂ 11 ਜੁਲਾਈ ਤੱਕ ਸੋਨੇ ਨੇ 27.45 ਫ਼ੀਸਦੀ, ਨਿਫਟੀ-50 ਨੇ 6.37 ਫ਼ੀਸਦੀ ਅਤੇ ਬੈਂਕ ਨਿਫਟੀ ਨੇ 11.59 ਫ਼ੀਸਦੀ ਦਾ ਰਿਟਰਨ ਦਿੱਤਾ ਹੈ। ਉੱਥੇ ਹੀ, ਇਸ ਸਾਲ ਹੁਣ ਤੱਕ ਚਾਂਦੀ ਨੇ ਆਪਣੇ ਨਿਵੇਸ਼ਕਾਂ ਨੂੰ ਸਭ ਤੋਂ ਜ਼ਿਆਦਾ 29.54 ਫ਼ੀਸਦੀ ਦਾ ਬੰਪਰ ਰਿਟਰਨ ਦਿੱਤਾ ਹੈ।

ਚਾਂਦੀ ਦੀ ਕੀਮਤ 1.11 ਲੱਖ ਤੋਂ ਪਾਰ ਨਿਕਲੀ

ਭਾਰਤ ’ਚ ਚਾਂਦੀ ਦੀ ਕੀਮਤ ਇਤਿਹਾਸ ’ਚ ਪਹਿਲੀ ਵਾਰ 1.11 ਲੱਖ ਰੁਪਏ ਪ੍ਰਤੀ ਕਿੱਲੋ ਤੋਂ ਪਾਰ ਚਲੀ ਗਈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ’ਤੇ ਸ਼ੁੱਕਰਵਾਰ ਨੂੰ ਚਾਂਦੀ ਨੇ 1,11,750 ਰੁਪਏ ਪ੍ਰਤੀ ਕਿੱਲੋ ਦਾ ਰਿਕਾਰਡ ਉੱਚਾ ਪੱਧਰ ਛੂਹ ਲਿਆ। ਉੱਥੇ ਹੀ, ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ ਸ਼ੁੱਕਰਵਾਰ ਨੂੰ 600 ਰੁਪਏ ਵਧ ਕੇ 1,00,600 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਮਾਹਰਾਂ ਦਾ ਕਹਿਣਾ ਹੈ ਕਿ ਚਾਂਦੀ ਦੀ ਕੀਮਤ ’ਚ ਅੱਗੇ ਵੀ ਤੇਜ਼ੀ ਜਾਰੀ ਰਹਿਣ ਦੀ ਪੂਰੀ ਉਮੀਦ ਹੈ। ਇਸ ਸਾਲ ਚਾਂਦੀ ਦੀ ਕੀਮਤ 1.25 ਲੱਖ ਰੁਪਏ ਪ੍ਰਤੀ ਕਿੱਲੋਗ੍ਰਾਮ ਤੱਕ ਪਹੁੰਚ ਸਕਦੀ ਹੈ।

ਚਾਂਦੀ ਦੀ ਵਧੀ ਤੇਜ਼ੀ ਦੀ ਵਜ੍ਹਾ

ਵਾਈ. ਏ. ਵੈਲਥ ਗਲੋਬਲ ਰਿਸਰਚ ਦੇ ਨਿਰਦੇਸ਼ਕ ਅਨੁਜ ਗੁਪਤਾ ਨੇ ਦੱਸਿਆ ਕਿ ਚਾਂਦੀ ’ਚ ਵੱਡੀ ਤੇਜ਼ੀ ਦੀ ਵਜ੍ਹਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਵੀਂ ਟੈਰਿਫ ਨੀਤੀ ਹੈ। ਟਰੰਪ ਨੇ ਤਾਂਬੇ ਦੀ ਦਰਾਮਦ ’ਤੇ 50 ਫ਼ੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ, ਬ੍ਰਾਜ਼ੀਲ ’ਤੇ 50 ਫ਼ੀਸਦੀ ਅਤੇ ਬ੍ਰਿਕਸ ਦੇਸ਼ਾਂ ’ਤੇ 10 ਫ਼ੀਸਦੀ ਵਾਧੂ ਟੈਰਿਫ ਵੀ ਲਾਇਆ ਹੈ। ਕੈਨੇਡਾ ਤੋਂ ਦਰਾਮਦ ’ਤੇ 35 ਫ਼ੀਸਦੀ ਡਿਊਟੀ ਦਾ ਐਲਾਨ ਕੀਤਾ ਹੈ। ਇਸ ਨਾਲ ਗਲੋਬਲ ਬਾਜ਼ਾਰ ’ਚ ਬੇਭਰੋਸਗੀ ਤੇ ਚਿੰਤਾ ਵਧੀ ਹੈ, ਜਿਸ ਨਾਲ ਨਿਵੇਸ਼ਕ ਸੇਫ-ਹੈਵਨ (ਸੁਰੱਖਿਅਤ ਨਿਵੇਸ਼) ਵਜੋਂ ਚਾਂਦੀ ਵੱਲ ਰੁਖ਼ ਕਰ ਰਹੇ ਹਨ। ਕੌਮਾਂਤਰੀ ਬਾਜ਼ਾਰਾਂ ’ਚ ਚਾਂਦੀ ਦੀ ਕੀਮਤ 37 ਡਾਲਰ ਪ੍ਰਤੀ ਔਂਸ ਨੂੰ ਪਾਰ ਕਰ ਗਈ, ਜੋ ਪਿਛਲੇ 13 ਸਾਲਾਂ ਦਾ ਸਭ ਤੋਂ ਉੱਚਾ ਪੱਧਰ ਹੈ। ਚਾਂਦੀ ’ਚ ਇਹ ਉਛਾਲ ਮੁੱਖ ਤੌਰ ’ਤੇ ਟ੍ਰੇਡਰਜ਼ ਦੀ ਨਵੀਂ ਖਰੀਦਦਾਰੀ, ਗਲੋਬਲ ਨੀਤੀਗਤ ਬੇਭਰੋਸਗੀ ਅਤੇ ਸੁਰੱਖਿਅਤ ਨਿਵੇਸ਼ ਦੀ ਵਧਦੀ ਮੰਗ ਤੋਂ ਪ੍ਰੇਰਿਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS