ਚੰਡੀਗੜ੍ਹ : ਪੰਜਾਬ ਸਰਕਾਰ ਸੂਬੇ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਦੇ ਕੈਸ਼ਲੈੱਸ ਇਲਾਜ ਦੀ ਸਹੂਲਤ 2 ਅਕਤੂਬਰ ਤੋਂ ਦੇਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ। ਦਰਅਸਲ ਕੇਂਦਰ ਸਰਕਾਰ ਦੀ ਇਕ ਰਿਪੋਰਟ ਨੇ ਹੈਰਾਨ ਕਰ ਦਿੱਤਾ ਹੈ। ਇਸ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਲੋਕ ਇਲਾਜ ਲਈ ਰਾਸ਼ਟਰੀ ਦਰ ਤੋਂ ਜ਼ਿਆਦਾ ਖ਼ਰਚਾ ਕਰ ਰਹੇ ਹਨ। ਪੰਜਾਬ 'ਚ ਇਲਾਜ ਲਈ ਲੋਕਾਂ ਨੂੰ ਆਪਣੀ ਜੇਬ ਕਾਫੀ ਢਿੱਲੀ ਕਰਨੀ ਪੈ ਰਹੀ ਹੈ ਕਿਉਂਕਿ ਸਿਹਤ ਸੇਵਾਵਾਂ 'ਤੇ ਜ਼ਿਆਦਾ ਖ਼ਰਚ ਹੋ ਰਿਹਾ ਹੈ।
ਪਿੰਡਾਂ 'ਚ ਸਾਲ 'ਚ ਹਰ ਪਰਿਵਾਰ ਹਸਪਤਾਲ 'ਚ ਇਲਾਜ ਲਈ ਔਸਤ 7,374 ਰੁਪਏ ਖ਼ਰਚ ਕਰ ਰਿਹਾ ਹੈ, ਜੋ ਰਾਸ਼ਟਰੀ ਦਰ ਤੋਂ ਵੀ ਜ਼ਿਆਦਾ ਹੈ, ਜਦੋਂ ਕਿ ਰਾਸ਼ਟਰੀ ਪੱਧਰ 'ਤੇ ਪੇਂਡੂ ਪਰਿਵਾਰ ਸਿਰਫ 4,129 ਰੁਪਏ ਖ਼ਰਚ ਕਰ ਰਹੇ ਹਨ। ਸਿਹਤ ਸੇਵਾਵਾਂ 'ਤੇ ਜ਼ਿਆਦਾ ਖ਼ਰਚ 'ਚ ਕੇਰਲ ਅਤੇ ਹਰਿਆਣਾ ਤੋਂ ਬਾਅਦ ਪੰਜਾਬ ਤੀਜੇ ਨੰਬਰ 'ਤੇ ਹੈ। ਪੰਜਾਬ ਦੇ ਸ਼ਹਿਰੀ ਪਰਿਵਾਰਾਂ ਨੂੰ ਹਸਪਤਾਲਾਂ 'ਚ ਇਲਾਜ ਲਈ 6,963 ਰੁਪਏ ਹਰ ਸਾਲ ਔਸਤ ਖ਼ਰਚ ਕਰਨੇ ਪੈ ਰਹੇ ਹਨ।
ਇਲਾਜ 'ਤੇ ਜੇਬ ਖ਼ਰਚ ਜ਼ਿਆਦਾ ਹੋਣ ਦਾ ਕਾਰਨ ਨਿੱਜੀ ਹਸਪਤਲਾਂ 'ਚ ਇਲਾਜ ਮਹਿੰਗਾ ਹੋਣਾ ਹੈ ਅਤੇ ਕਈ ਵਾਰ ਬੀਮਾ ਪਾਲਿਸੀ 'ਚ ਵੀ ਇਹ ਕਵਰ ਨਹੀਂ ਹੁੰਦਾ। ਪਿੰਡਾਂ ਦੇ ਨਾਲ ਹੀ ਸ਼ਹਿਰਾਂ 'ਚ ਵੀ ਲੋਕਾਂ ਕੋਲ ਜ਼ਿਆਦਾਤਰ ਸਿਹਤ ਬੀਮਾ ਨਹੀਂ ਹੈ, ਜਿਸ ਕਾਰਨ ਲੋਕਾਂ ਨੂੰ ਆਪਣੀ ਜੇਬ ਤੋਂ ਜ਼ਿਆਦਾ ਰਕਮ ਦਾ ਭੁਗਤਾਨ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਪਿੰਡਾਂ 'ਚ ਹੁਣ ਵੀ ਸਿਹਤ ਸੇਵਾਵਾਂ ਦੀ ਕਮੀ ਹੈ ਅਤੇ ਲੋਕਾਂ ਨੂੰ ਸ਼ਹਿਰਾਂ 'ਚ ਇਲਾਜ ਲਈ ਆਉਣਾ ਪੈਂਦਾ ਹੈ, ਜਿਸ ਕਾਰਨ ਖ਼ਰਚਾ ਵੱਧ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com