ਐਂਟਰਟੇਨਮੈਂਟ ਡੈਸਕ- ਮਸ਼ਹੂਰ ਹਰਿਆਣਵੀ ਅਤੇ ਬਾਲੀਵੁੱਡ ਗਾਇਕ ਰਾਹੁਲ ਫਾਜ਼ਿਲਪੁਰੀਆ 'ਤੇ ਗੋਲੀਬਾਰੀ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ, ਗੁਰੂਗ੍ਰਾਮ ਦੇ ਐੱਸਪੀਆਰ ਰੋਡ 'ਤੇ ਅਣਪਛਾਤੇ ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਜਾਨਲੇਵਾ ਹਮਲੇ 'ਚ ਰਾਹੁਲ ਵਾਲ-ਵਾਲ ਬਚ ਗਏ ਹਨ। ਪੁਲਸ ਜਾਂਚ 'ਚ ਜੁਟ ਗਈ ਹੈ।
ਇੱਕ ਕਾਰੋਬਾਰੀ ਪਰਿਵਾਰ ਨਾਲ ਸਬੰਧਤ ਫਾਜ਼ਿਲਪੁਰੀਆ ਗਾਇਕ ਦੇ ਨਾਲ-ਨਾਲ ਇੱਕ ਰੈਪਰ ਵੀ ਹੈ। ਉਹ ਹਰਿਆਣਵੀ ਗੀਤ ਗਾਉਣ ਲਈ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਹਿੰਦੀ ਫਿਲਮਾਂ ਵਿੱਚ ਵੀ ਗੀਤ ਗਾਏ ਹਨ। ਉਨ੍ਹਾਂ ਨੂੰ ਫਿਲਮ 'ਕਪੂਰ ਐਂਡ ਸੰਨਜ਼' ਦੇ ਗੀਤ 'ਲੜਕੀ ਬਿਊਟੀਫੁੱਲ' ਨਾਲ ਬਾਲੀਵੁੱਡ ਵਿੱਚ ਬਹੁਤ ਪਛਾਣ ਮਿਲੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਲਾਲਾ ਲੋਰੀ', 'ਬਿੱਲੀ ਬਿੱਲੀ', '32 ਬੋਰ', 'ਹਰਿਆਣਾ ਰੋਡਵੇਜ਼' ਸਮੇਤ ਕਈ ਮਸ਼ਹੂਰ ਗੀਤ ਗਾਏ ਹਨ। ਉਹ 32 ਬੋਰ ਗੀਤ ਵਿੱਚ ਐਲਵਿਸ਼ ਯਾਦਵ ਨਾਲ ਨਜ਼ਰ ਆਏ ਸਨ।
2024 'ਚ ਲੜੀਆਂ ਸਨ ਲੋਕ ਸਭਾ ਚੋਣਾਂ
ਦੱਸ ਦੇਈਏ ਕਿ ਗਾਇਕ ਦਾ ਅਸਲੀ ਨਾਂ ਰਾਹੁਲ ਯਾਦਵ ਹੈ, ਜੋ ਗੁਰੂਗ੍ਰਾਮ ਦੇ ਇੱਕ ਛੋਟੇ ਜਿਹੇ ਪਿੰਡ ਫਾਜ਼ਿਲਪੁਰ ਝਾਰਸਾ ਦੇ ਰਹਿਣ ਵਾਲਾ ਹੈ। ਗਾਇਕ ਨੇ 2024 ਦੀਆਂ ਲੋਕ ਸਭਾ ਚੋਣਾਂ ਵੀ ਲੜੀਆਂ ਸਨ। ਉਨ੍ਹਾਂ ਨੇ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੀ ਟਿਕਟ 'ਤੇ ਗੁਰੂਗ੍ਰਾਮ ਤੋਂ ਚੋਣ ਲੜੀ ਸੀ। ਹਾਲਾਂਕਿ, ਉਹ ਇਹ ਚੋਣ ਹਾਰ ਗਏ।
Credit : www.jagbani.com