ਸ੍ਰੀ ਦਰਬਾਰ ਸਾਹਿਬ ਤੋਂ ਚੁੱਕੇ ਭਿਖਾਰੀ ਬੱਚੇ ਪਿੰਗਲਵਾੜਾ ਦੇ ਚਾਈਲਡ ਕੇਅਰ ਸੈਂਟਰ ਤੋਂ ਫਰਾਰ

ਸ੍ਰੀ ਦਰਬਾਰ ਸਾਹਿਬ ਤੋਂ ਚੁੱਕੇ ਭਿਖਾਰੀ ਬੱਚੇ ਪਿੰਗਲਵਾੜਾ ਦੇ ਚਾਈਲਡ ਕੇਅਰ ਸੈਂਟਰ ਤੋਂ ਫਰਾਰ

ਅੰਮ੍ਰਿਤਸਰ - ਜ਼ਿਲਾ ਪ੍ਰਸ਼ਾਸਨ ਵਲੋਂ ਬਾਲ ਸੁਰੱਖਿਆ ਵਿਭਾਗ ਨੇ ਇਕ ਹਫ਼ਤਾ ਪਹਿਲਾਂ ਸ੍ਰੀ ਦਰਬਾਰ ਸਾਹਿਬ ਤੋਂ ਚੁੱਕੇ ਗਏ 4 ਭਿਖਾਰੀ ਬੱਚੇ, ਜਿਨ੍ਹਾਂ ਨੂੰ ਚਾਈਲਡ ਕੇਅਰ ਸੈਂਟਰ ਪਿੰਗਲਵਾੜਾ ਵਿਚ ਰੱਖਿਆ ਗਿਆ ਸੀ, ਉਨ੍ਹਾਂ ਵਿਚੋਂ 3 ਬੱਚੇ ਪਿੰਗਲਵਾੜਾ ਨੂੰ ਚਕਮਾ ਦਿੰਦੇ ਹੋਏ ਫਰਾਰ ਹੋ ਗਏ ਹਨ।

ਜਾਣਕਾਰੀ ਅਨੁਸਾਰ ਜਦੋਂ ਬਾਲ ਸੁਰੱਖਿਆ ਵਿਭਾਗ ਵਲੋਂ ਚਾਰ ਬੱਚਿਆਂ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਚੁੱਕਿਆ ਗਿਆ ਸੀ, ਤਾਂ ਉਨ੍ਹਾਂ ਨੂੰ ਪਿੰਗਲਵਾੜੇ ਦੇ ਚਾਈਲਡ ਕੇਅਰ ਸੈਂਟਰ ਵਿਚ ਭੇਜ ਦਿੱਤਾ ਗਿਆ ਸੀ, ਜਿੱਥੇ ਪੁਲਸ ਵਲੋਂ ਪੁਲਸ ਕਮਿਸ਼ਨਰ ਦਫ਼ਤਰ ਤੋਂ ਦੋ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਪਰ ਜਿਸ ਤਰ੍ਹਾਂ ਬੱਚੇ ਪਿੰਗਲਵਾੜੇ ਤੋਂ ਫਰਾਰ ਹੋ ਗਏ ਹਨ, ਉਸ ਨੇ ਪਿੰਗਲਵਾੜੇ ਦੀ ਮੈਨੇਜਮੈਂਟ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਇਸ ਸਬੰਧੀ ਜ਼ਿਲਾ ਬਾਲ ਸੁਰੱਖਿਆ ਵਿਭਾਗ ਵਲੋਂ ਪੁਲਸ ਥਾਣਾ ਰਾਮਬਾਗ ਵਿਚ ਵੀ ਡੀ. ਡੀ. ਆਰ ਕਟਵਾ ਦਿੱਤੀ ਗਈ ਅਤੇ ਪੁਲਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਯਾਦ ਰਹੇ ਕਿ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸਾਸ਼ਨ ਵਲੋਂ ਗੁਰੂ ਕੀ ਨਗਰੀ ਨੂੰ ਭਿਖਾਰੀ ਮੁਕਤ ਕਰਨ ਲਈ ਪ੍ਰਾਜੈਕਟ ਜੀਵਨਜੋਤ ਤਹਿਤ ਧਾਰਮਿਕ ਸਥਾਨਾਂ ਅਤੇ ਮੁੱਖ ਚੌਕ-ਚੌਰਾਹਿਆਂ ’ਤੇ ਭੀਖ ਮੰਗਣ ਵਾਲੇ ਭਿਖਾਰੀ ਅਤੇ ਭਿਖਾਰੀ ਬੱਚਿਆਂ ਨੂੰ ਫੜ ਕੇ ਉਨ੍ਹਾਂ ਦਾ ਪੁਨਰਵਾਸ ਕੀਤਾ ਜਾ ਰਿਹਾ ਹੈ, ਜਿਹੜੇ ਸੂਬਿਆਂ ਤੋਂ ਭਿਖਾਰੀ ਗੁਰੂ ਕੀ ਨਗਰੀ ਵਿਚ ਭੀਖ ਮੰਗਣ ਲਈ ਆਏ ਹੁੰਦੇ ਹਨ, ਉਨ੍ਹਾਂ ਨੂੰ ਵਾਪਸ ਸਬੰਧਤ ਸੂਬਿਆਂ ਵਿਚ ਭੇਜ ਦਿੱਤਾ ਜਾਂਦਾ ਹੈ।

ਇਸ ਤੋਂ ਪਹਿਲਾਂ ਰਾਜਸਥਾਨ ਤੋਂ ਆਏ ਕੁਝ ਬੱਚਿਆਂ ਨੂੰ ਪ੍ਰਸ਼ਾਸਨ ਵਲੋਂ ਰੈਸਕਿਊ ਕੀਤਾ ਗਿਆ ਸੀ ਅਤੇ ਰਣਜੀਤ ਐਵੀਨਿਊ ਪੁਲਸ ਥਾਣੇ ਵਿਚ ਨਿਰਮਲਾ ਨਾਂ ਦੀ ਇਕ ਵੀ ਭਿਖਾਰਨ ਖਿਲਾਫ ਐੱਫ. ਆਈ. ਆਰ. ਵੀ ਦਰਜ ਕਰਵਾਈ ਗਈ ਸੀ, ਜੋ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਰਣਜੀਤ ਐਵੀਨਿਊ ਦੇ ਇਲਾਕੇ ਵਿਚ ਭੀਖ ਮੰਗਣ ਦਾ ਕੰਮ ਕਰ ਰਹੀ ਸੀ।

ਜ਼ਿਲਾ ਪ੍ਰਸ਼ਾਸਨ ਨੇ ਭਿਖਾਰੀਆਂ ਲਈ ਰਾਮਬਾਗ ’ਚ ਬਣਾਇਆ ਰੈਣ ਬਸੇਰਾ : ਗੁਰੂ ਕੀ ਨਗਰੀ ਨੂੰ ਭਿਖਾਰੀਆਂ ਤੋਂ ਮੁਕਤ ਬਣਾਉਣ ਲਈ ਡੀ. ਸੀ. ਨੇ ਭਿਖਾਰੀਆਂ ਲਈ ਇਕ ਰੈਣ ਬਸੇਰਾ ਸ਼ੁਰੂ ਕੀਤਾ ਹੈ। ਡੀ. ਸੀ. ਸਾਕਸ਼ੀ ਸਾਹਨੀ ਦੀ ਪਹਿਲਕਦਮੀ ’ਤੇ ਜ਼ਿਲਾ ਪ੍ਰਸ਼ਾਸਨ ਨੇ ਸਥਾਨਕ ਰਾਮਬਾਗ ਖੇਤਰ ਵਿਚ ਇਕ ਰੈਣ ਬਸੇਰਾ ਸਥਾਪਤ ਕੀਤਾ ਹੈ, ਜਿੱਥੇ ਭਿਖਾਰੀਆਂ ਦੇ ਰਹਿਣ, ਖਾਣ-ਪੀਣ ਤੇ ਦਵਾਈ ਆਦਿ ਦੇ ਪੂਰੇ ਪ੍ਰਬੰਧ ਕੀਤੇ ਜਾਣਗੇ।

ਇੱਥੇ ਭਿਖਾਰੀਆਂ ਦੀ ਕੌਂਸਲਿੰਗ ਕਰਨ ਤੋਂ ਬਾਅਦ ਉਨ੍ਹਾਂ ਭਿਖਾਰੀਆਂ ਨੂੰ ਭੇਜਿਆ ਜਾਵੇਗਾ, ਜੋ ਆਪਣੇ-ਆਪਣੇ ਸੂਬੇ ਵਿਚ ਜਾਣਾ ਚਾਹੁੰਦੇ ਹਨ, ਜਿਨ੍ਹਾਂ ਦਾ ਸਾਰਾ ਖਰਚਾ ਸਰਕਾਰ ਵਲੋਂ ਚੁੱਕਿਆ ਜਾਵੇਗਾ। ਜਿਹੜੇ ਭਿਖਾਰੀ ਇੱਥੇ ਰਹਿਣਾ ਅਤੇ ਕੰਮ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਨਰੇਗਾ ਜਾਂ ਹੋਰ ਕੰਮ ਕਰਨ ਦੀ ਸਹੂਲਤ ਦਿੱਤੀ ਜਾਵੇਗੀ। ਰੈਣ ਬਸੇਰੇ ਦੀ ਗੱਲ ਕਰੀਏ ਤਾਂ ਪਿਛਲੀ ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਸਾਲ ਦੌਰਾਨ ਤਤਕਾਲੀ ਡੀ. ਸੀ ਕਾਹਨ ਸਿੰਘ ਪੰਨੂ ਨੇ ਇਕ ਭਿਖਾਰੀ ਪੁਨਰਵਾਸ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਦੇ ਤਹਿਤ ਭਿਖਾਰੀਆਂ ਨੂੰ ਸਥਾਨਕ ਕਰਮ ਸਿੰਘ ਵਾਰਡ ਵਿਚ ਬਣੇ ਰੈਣ ਬਸੇਰੇ ਵਿਚ ਰੱਖਿਆ ਗਿਆ ਸੀ।

ਕਾਹਨ ਸਿੰਘ ਪੰਨੂ ਦੇ ਜਾਣ ਤੋਂ ਬਾਅਦ ਇਹ ਮੁਹਿੰਮ ਹੌਲੀ-ਹੌਲੀ ਠੱਪ ਹੋ ਗਈ, ਜੋ ਕਿ ਡੀ. ਸੀ. ਦੀ ਪਹਿਲਕਦਮੀ ’ਤੇ ਇਕ ਵਾਰ ਫਿਰ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰ ਨੇ ਭਿਖਾਰੀ ਬੱਚਿਆਂ ਦੇ ਪੁਨਰਵਾਸ ਲਈ ਆਪ੍ਰੇਸ਼ਨ ਜੀਵਨ ਜੋਤ ਸ਼ੁਰੂ ਕੀਤਾ ਹੈ, ਜਿਸ ਦੇ ਤਹਿਤ ਬੱਚਿਆਂ ਦੀ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਦੇ ਡੀ. ਐੱਨ. ਏ. ਟੈਸਟ ਵੀ ਕੀਤੇ ਜਾਣਗੇ ਅਤੇ ਸਰਕਾਰ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਹਵਾਲੇ ਕਰਨ ਦੀ ਕੋਸ਼ਿਸ਼ ਕਰੇਗੀ ਜੇਕਰ ਉਨ੍ਹਾਂ ਨੂੰ ਅਗਵਾ ਕਰ ਕੇ ਭੀਖ ਮੰਗਣ ਲਈ ਮਜਬੂਰ ਕੀਤਾ ਗਿਆ ਹੈ। ਭਾਵੇਂ ਇਹ ਕੰਮ ਇੰਨਾ ਸੌਖਾ ਨਹੀਂ ਹੈ ਫਿਰ ਵੀ ਸਰਕਾਰ ਵਲੋਂ ਇਕ ਵੱਡੀ ਹਾਂ-ਪੱਖੀ ਪਹਿਲ ਕੀਤੀ ਗਈ ਹੈ।

ਭਿਖਾਰੀ ਬੱਚਿਆਂ ਦੀ ਵੀਡੀਓ ਦੇਖ ਕੇ ਦਿੱਲੀ ਤੋਂ ਆਏ ਮਾਤਾ-ਪਿਤਾ : ਸ੍ਰੀ ਦਰਬਾਰ ਸਾਹਿਬ ਵਿਚ ਜਦੋਂ ਪ੍ਰਸ਼ਾਸਨ ਨੇ ਭਿਖਾਰੀ ਬੱਚਿਆਂ ਨੂੰ ਚੁੱਕਿਆ ਤਾਂ ਦਿੱਲੀ ਵਿਚ ਰਹਿਣ ਵਾਲੇ ਇਕ ਮਾਪੇ ਨੂੰ ਆਪਣੇ ਬੱਚਿਆਂ ਬਾਰੇ ਜਾਣਕਾਰੀ ਮਿਲੀ, ਜਦੋਂ ਇਸ ਨਾਲ ਸਬੰਧਤ ਇਕ ਵੀਡੀਓ ਵਾਇਰਲ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਜ਼ਿਲਾ ਬਾਲ ਸੁਰੱਖਿਆ ਵਿਭਾਗ ਨਾਲ ਸੰਪਰਕ ਕੀਤਾ ਅਤੇ ਵਿਭਾਗ ਵਲੋਂ ਸਾਰੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਇਹ ਵੀ ਇਕ ਬਹੁਤ ਹੀ ਹੈਰਾਨੀਜਨਕ ਪਹਿਲੂ ਹੈ ਕਿ ਬੱਚੇ ਆਪਣੇ ਮਾਪਿਆਂ ਨੂੰ ਛੱਡ ਕੇ ਭੀਖ ਮੰਗਣ ਲਈ ਅੰਮ੍ਰਿਤਸਰ ਆਏ ਹੋਏ ਸਨ।

ਪਿੰਗਲਵਾੜਾ ਦਾ ਅਕਸ ਵੀ ਹੋਇਆ ਖਰਾਬ : ਲਵਾਰਿਸ, ਬੇਸਹਾਰਾ, ਅਨਾਥ ਅਤੇ ਮੱਧਬੁਧੀ ਬੱਚਿਆਂ ਲਈ ਕੰਮ ਕਰਨ ਵਾਲੀ ਵਿਸ਼ਵ ਪ੍ਰਸਿੱਧ ਸੰਸਥਾ ਪਿੰਗਲਵਾੜਾ, ਜਿਸ ਨੂੰ ਭਗਤ ਪੂਰਨਿ ਸਿੰਘ ਜੀ ਨੇ ਸ਼ੁਰੂ ਕੀਤਾ ਸੀ, ਦਾ ਇਸ ਘਟਨਾ ਤੋਂ ਬਾਅਦ ਅਕਸ ਖਰਾਬ ਹੋਇਆ ਹੈ ਕਿਉਂਕਿ ਪਿੰਗਲਵਾੜਾ ਵਿਚ ਸੈਂਕੜੇ ਅਨਾਥ ਅਤੇ ਬੇਸਹਾਰਾ ਬੱਚੇ ਰਹਿੰਦੇ ਹਨ।

ਮਾਮਲੇ ਦੀ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਜਾਂਚ : ਪਿੰਗਲਵਾੜਾ ਤੋਂ ਭਿਖਾਰੀ ਬੱਚਿਆਂ ਦੇ ਫਰਾਰ ਹੋਣ ਦੇ ਮਾਮਲੇ ਵਿਚ ਡੀ. ਸੀ. ਨੇ ਕਿਹਾ ਕਿ ਪ੍ਰਸ਼ਾਸਨ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਿਹਾ ਹੈ। ਬੱਚਿਆਂ ਦੀ ਸੁਰੱਖਿਆ ਲਈ ਪੁਲਸ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਬੱਚੇ ਕਿਵੇਂ ਫਰਾਰ ਹੋ ਗਏ।
 

Credit : www.jagbani.com

  • TODAY TOP NEWS