ਬਠਿੰਡਾ : ਦਿਹਾੜੀ-ਮਜ਼ਦੂਰੀ ਕਰਕੇ ਘਰ ਚਲਾਉਣ ਵਾਲੀ ਮਾਂ ਅਤੇ ਗੁਰਦੁਆਰੇ 'ਚ ਗ੍ਰੰਥੀ ਦੀ ਸੇਵਾ ਨਿਭਾਉਣ ਵਾਲੇ ਪਿਓ ਦੀਆਂ ਤਿੰਨ ਧੀਆਂ ਨੇ ਵੱਡੀਆਂ ਮੁਸ਼ਕਲਾਂ ਦੇ ਬਾਵਜੂਦ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ-ਨੈਸ਼ਨਲ ਐਲਿਜੀਬਿਲਟੀ ਟੈਸਟ (UGC-NET) ਪਾਸ ਕਰਕੇ ਇਕ ਮਿਸਾਲ ਕਾਇਮ ਕੀਤੀ ਹੈ। ਇਹ ਤਿੰਨੇ ਭੈਣਾਂ ਰਿੰਪੀ ਕੌਰ (28), ਬੇਅੰਤ ਕੌਰ (26) ਅਤੇ ਹਰਦੀਪ ਕੌਰ (23) ਪੰਜਾਬ ਦੇ ਸਭ ਤੋਂ ਘੱਟ ਸਾਖਰਤਾ ਦਰ ਵਾਲੇ ਜ਼ਿਲ੍ਹੇ ਮਾਨਸਾ ਦੇ ਬੁਢਲਾਡਾ ਸ਼ਹਿਰ ਦੀ ਰਹਿਣ ਵਾਲੀਆਂ ਹਨ। ਇਨ੍ਹਾਂ ਤਿੰਨਾਂ ਨੇ ਵੱਖ-ਵੱਖ ਵਿਸ਼ਿਆਂ 'ਚ ਨੈੱਟ ਪਾਸ ਕੀਤਾ ਹੈ। ਇਹ ਇਮਤਿਹਾਨ ਹਾਲ ਹੀ 'ਚ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਲਿਆ ਗਿਆ ਸੀ। ਬੇਅੰਤ ਕੌਰ ਨੇ ਦੱਸਿਆ ਕਿ ਮੇਰੀ ਵੱਡੀ ਭੈਣ ਕੰਪਿਊਟਰ ਸਾਇੰਸ ਦੀ ਪ੍ਰੋਫੈਸਰ ਬਣਨਾ ਚਾਹੁੰਦੀ ਹੈ, ਜਦਕਿ ਮੈਂ ਅਤੇ ਮੇਰੀ ਛੋਟੀ ਭੈਣ ਹਰਦੀਪ ਕੌਰ ਜੇ. ਆਰ. ਐੱਫ. ਲਈ ਮਿਹਨਤ ਕਰ ਰਹੀਆਂ ਹਾਂ।
ਸਾਨੂੰ ਪੂਰਾ ਯਕੀਨ ਹੈ ਕਿ ਅਸੀਂ ਆਪਣਾ ਟੀਚਾ ਪੂਰਾ ਕਰਾਂਗੀਆਂ। ਉਸਨੇ ਆਪਣੀ ਸਫ਼ਲਤਾ ਦਾ ਸਿਰਜਣਹਾਰ ਆਪਣੀ ਮਿਹਨਤ ਅਤੇ ਪੱਕੇ ਹੌਂਸਲੇ ਨੂੰ ਦੱਸਦੇ ਹੋਏ ਕਿਹਾ ਕਿ ਸਾਨੂੰ ਪਤਾ ਹੈ ਕਿ ਸਿਰਫ਼ ਪੜ੍ਹਾਈ ਹੀ ਸਾਡੀ ਗਰੀਬੀ ਦੂਰ ਕਰ ਸਕਦੀ ਹੈ। ਇਨ੍ਹਾਂ ਭੈਣਾਂ ਦਾ ਇਕ ਭਰਾ ਵੀ ਹੈ, ਜੋ ਪਿਛਲੇ ਕੁੱਝ ਸਮੇਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਸਭ ਤੋਂ ਛੋਟੀ ਭੈਣ ਹਰਦੀਪ ਨੇ ਦੂਜੀ ਵਾਰੀ ਲਗਾਤਾਰ ਯੂ. ਜੀ. ਸੀ.-ਨੈੱਟ ਪਾਸ ਕੀਤਾ ਹੈ ਅਤੇ ਹੁਣ ਉਹ ਪੰਜਾਬੀ ਵਿਸ਼ੇ 'ਚ ਜੇ. ਆਰ. ਐੱਫ. ਲਈ ਤਿਆਰੀ ਕਰ ਰਹੀ ਹੈ।
ਉਨ੍ਹਾਂ ਦੇ ਪਿਤਾ ਬਿਕਰ ਸਿੰਘ ਨੇ ਕਿਹਾ ਕਿ ਉਹ ਆਪਣੀਆਂ ਧੀਆਂ ਦੀਆਂ ਕਾਮਯਾਬੀਆਂ ਨੂੰ ਦੇਖ ਕੇ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਇਹ ਸਾਰਾ ਸਿਰਫ਼ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਦੀ ਲਗਨ ਨੇ ਹੀ ਇਹ ਸਫ਼ਲਤਾ ਦਿਵਾਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਤਿੰਨੋਂ ਧੀਆਂ ਨੇ ਆਪਣੇ ਖ਼ਰਚੇ ਚਲਾਉਣ ਲਈ ਇੱਕ ਨਿੱਜੀ ਸਕੂਲ 'ਚ ਵੀ ਕੁੱਝ ਸਮਾਂ ਕੰਮ ਕੀਤਾ ਸੀ। ਯੂ. ਜੀ. ਸੀ.-ਨੈੱਟ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਸਹਾਇਕ ਪ੍ਰੋਫੈਸਰ ਦੇ ਅਹੁਦੇ ਲਈ ਅਰਜ਼ੀ ਦੇ ਸਕਦੇ ਹਨ, ਜਦਕਿ ਜੇ. ਆਰ. ਐੱਫ. ਲਈ ਯੋਗ ਵਿਦਿਆਰਥੀਆਂ ਨੂੰ ਪੀ. ਐੱਚ. ਡੀ. ਅਤੇ ਰਿਸਰਚ ਲਈ ਮਹੀਨਾਵਾਰ ਵਜ਼ੀਫ਼ਾ ਵੀ ਮਿਲ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com