ਬਲਰਾਮਪੁਰ/ਲਖਨਊ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਟੀਮ ਹੁਣ ਜਮਾਲੂਦੀਨ ਉਰਫ਼ ਛਾਂਗੁਰ ਬਾਬਾ ਤੋਂ ਉਸ ਬੇਸ਼ੁਮਾਰ ਦੌਲਤ ਦਾ ਹਿਸਾਬ ਲਵੇਗੀ, ਜਿਸ ਨੇ ਗੈਰ-ਮੁਸਲਮਾਨਾਂ ਦੀ ਧਰਮ ਤਬਦੀਲੀ ਲਈ ਇਕ ਵੱਡਾ ਗਿਰੋਹ ਚਲਾਇਆ ਤੇ 100 ਕਰੋੜ ਤੋਂ ਵੱਧ ਦੀ ਜਾਇਦਾਦ ਬਣਾਈ।
ਅਦਾਲਤ ਨੇ ਸੋਮਵਾਰ ਉਸ ਨੂੰ 5 ਦਿਨਾਂ ਦੇ ਹਿਰਾਸਤੀ ਰਿਮਾਂਡ ’ਤੇ ਈ. ਡੀ. ਦੇ ਹਵਾਲੇ ਕਰ ਦਿੱਤਾ। ਈ. ਡੀ. ਅਤੇ ਏ. ਟੀ. ਐੱਸ. ਦੀਆਂ ਟੀਮਾਂ ਨੇ ਛਾਂਗੁਰ ਨਾਲ ਸਬੰਧਤ ਇਕ ਦਰਜਨ ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕੀਤੀ। ਨਾਲ ਹੀ ਕਈ ਅਹਿਮ ਦਸਤਾਵੇਜ਼ ਤੇ ਡਿਜੀਟਲ ਸਬੂਤ ਬਰਾਮਦ ਕੀਤੇ।
ਇਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਛਾਂਗੁਰ ਨੂੰ ਧਰਮ ਤਬਦੀਲੀ ਲਈ ਮੁਸਲਿਮ ਦੇਸ਼ਾਂ ਤੋਂ ਭਾਰੀ ਗਿਣਤੀ ’ਚ ਫੰਡਿੰਗ ਮਿਲਦੀ ਰਹੀ। ਬਲਰਾਮਪੁਰ ਦੇ ਉਤਰੌਲਾ ਸਮੇਤ ਕਈ ਖੇਤਰਾਂ ’ਚ ਲਗਭਗ 75 ਕਰੋੜ ਰੁਪਏ ਦੀਆਂ ਜਾਇਦਾਦਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ’ਚ ਜ਼ਮੀਨ, ਪਲਾਟ, ਸ਼ੋਅਰੂਮ ਆਦਿ ਸ਼ਾਮਲ ਹਨ।
ਸੂਤਰਾਂ ਅਨੁਸਾਰ ਇਨ੍ਹਾਂ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਢਾਹੁਣ ਦੀ ਕਾਰਵਾਈ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਛਾਂਗੁਰ ਦੇ ਭਤੀਜੇ ਸਬਰੋਜ਼ ਦੇ ਘਰ ’ਤੇ ਬੁਲਡੋਜ਼ਰ ਚਲਾਇਆ ਜਾ ਚੁੱਕਾ ਹੈ।
ਦੱਸਿਆ ਜਾਂਦਾ ਹੈ ਕਿ ਸਬਰੋਜ਼ ਨਵੇਂ ਲੋਕਾਂ ਨੂੰ ਧਰਮ ਬਦਲਣ ਲਈ ਛਾਂਗੁਰ ਨਾਲ ਮਿਲਾਉਂਦਾ ਸੀ ਅਤੇ ਕਵਾਲੀ ਟੀਮ ਰਾਹੀਂ ਨੌਜਵਾਨਾਂ ਨੂੰ ਗੁੰਮਰਾਹ ਕਰਦਾ ਸੀ। ਐੱਸ. ਟੀ. ਐਫ. ਅਤੇ ਈ. ਡੀ. ਦਾ ਮੰਨਣਾ ਹੈ ਕਿ ਇਹ ਗਿਰੋਹ ਸਾਲਾਂ ਤੋਂ ਯੋਜਨਾਬੱਧ ਢੰਗ ਨਾਲ ਬਹੁ-ਪੱਧਰੀ ਨੈੱਟਵਰਕ ਅਧੀਨ ਕੰਮ ਕਰ ਰਿਹਾ ਸੀ।
ਹੁਣ ਜਦੋਂ ਕੇਂਦਰੀ ਏਜੰਸੀਆਂ ਸਰਗਰਮ ਹੋ ਗਈਆਂ ਹਨ ਤਾਂ ਪੂਰਾ ਸਿੰਡੀਕੇਟ ਹੌਲੀ-ਹੌਲੀ 'ਬੇਨਕਾਬ' ਅਤੇ ਨਸ਼ਟ ਹੋ ਰਿਹਾ ਹੈ।
3 ਹਜ਼ਾਰ ਤੋਂ ਵੱਧ ਸਹਿਯੋਗੀਆਂ ’ਤੇ ਅਧਾਰਤ ਸੀ ਛਾਂਗੁਰ ਦਾ ਨੈੱਟਵਰਕ
ਈ. ਡੀ. ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਛਾਂਗੁਰ ਦਾ ਨੈੱਟਵਰਕ 3 ਹਜ਼ਾਰ ਤੋਂ ਵੱਧ ਸਹਿਯੋਗੀਆਂ ’ਤੇ ਅਧਾਰਤ ਸੀ। ਇਨ੍ਹਾਂ ’ਚੋਂ ਵਧੇਰੇ ਲੋਕਾਂ ਨੂੰ ਫਸਾਉਣ, ਉਨ੍ਹਾਂ ਦਾ ਧਰਮ ਤਬਦੀਲ ਕਰਵਾਉਣ ਤੇ ਪੈਸਿਆਂ ਦੇ ਲੈਣ-ਦੇਣ ’ਚ ਸਰਗਰਮ ਭੂਮਿਕਾ ਨਿਭਾਉਂਦੇ ਸਨ।
ਇਨ੍ਹਾਂ ਸਾਰੇ ਵਿਅਕਤੀਆਂ ਦੀ 'ਕੁੰਡਲੀ' ਦੀ ਜਾਂਚ ਕੀਤੀ ਜਾ ਰਹੀ ਹੈ। ਔਰਤਾਂ ਦੀ ਸ਼ਮੂਲੀਅਤ ਵੀ ਜਾਂਚ ਏਜੰਸੀਆਂ ਦੇ ਰਾਡਾਰ ’ਤੇ ਹੈ। ਏ. ਟੀ. ਐੱਸ. ਅਨੁਸਾਰ ਬਹੁਤ ਸਾਰੀਆਂ ਔਰਤਾਂ ਅਤੇ ਨੌਜਵਾਨ ਕੁੜੀਆਂ ਇਸ ਗਿਰੋਹ ਦਾ ਹਿੱਸਾ ਸਨ।
ਉਨ੍ਹਾਂ ’ਚੋਂ ਕੁਝ ਦੇ ਖਾਤਿਆਂ ’ਚ ਵਿਦੇਸ਼ੀ ਫੰਡ ਵੀ ਭੇਜੇ ਗਏ ਸਨ। ਛਾਂਗੁਰ ਬਾਬਾ ਨਾਲ ਗ੍ਰਿਫ਼ਤਾਰ ਕੀਤੇ ਗਏ ਨੀਤੂ ਉਰਫ਼ ਨਸਰੀਨ ਤੇ ਨਵੀਨ ਸਮੇਤ ਕਈ ਨਾਮਜ਼ਦ ਲੋਕਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।
Credit : www.jagbani.com