ਬੰਦ ਖਿੜਕੀ ਤੇ ਏਅਰ ਫਿਲਟਰ ਵੀ ਨਹੀਂ ਰੋਕ ਸਕਦੇ 'ਗੰਦੀ ਹਵਾ' ! ਜਾਣੋ ਫ਼ਿਰ ਕਿਵੇਂ ਕਰੀਏ ਬਚਾਅ

ਬੰਦ ਖਿੜਕੀ ਤੇ ਏਅਰ ਫਿਲਟਰ ਵੀ ਨਹੀਂ ਰੋਕ ਸਕਦੇ 'ਗੰਦੀ ਹਵਾ' ! ਜਾਣੋ ਫ਼ਿਰ ਕਿਵੇਂ ਕਰੀਏ ਬਚਾਅ

ਲੰਡਨ- ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਵਧਦਾ ਪ੍ਰਦੂਸ਼ਣ ਚਿੰਤਾ ਦਾ ਕਾਰਨ ਹੈ। ਖਾਸ ਕਰ ਕੇ ਹਵਾ ਪ੍ਰਦੂਸ਼ਣ ਜਿਸ ਕਾਰਨ ਫੇਫੜਿਆਂ ਦੀ ਬੀਮਾਰੀ ਦਾ ਖ਼ਤਰਾ ਸਭ ਤੋਂ ਵੱਧ ਦੱਸਿਆ ਗਿਆ ਹੈ। ਇਕ ਨਵੇਂ ਅਧਿਐਨ ਅਨੁਸਾਰ ਸੈਂਸਰ ਜਾਂ ਫਿਲਟਰ ਲਾ ਕੇ ਵੀ ਹਵਾ ਵਿਚ ਮੌਜੂਦ ਪ੍ਰਦੂਸ਼ਿਤ ਕਣਾਂ ’ਚੋਂ ਸਿਰਫ 29 ਫੀਸਦੀ ਨੂੰ ਹੀ ਘਟਾਇਆ ਜਾ ਸਕਦਾ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਸਕੂਲਾਂ ਦੇ ਕਮਰਿਆਂ ਦੀਆਂ ਖਿੜਕੀਆਂ ਬੰਦ ਕਰਨ ਤੋਂ ਬਾਅਦ ਵੀ ਵਿਦਿਆਰਥੀਆਂ ਨੂੰ ਪ੍ਰਦੂਸ਼ਿਤ ਹਵਾ ਤੋਂ ਨਹੀਂ ਬਚਾਇਆ ਜਾ ਸਕਦਾ।

ਲੰਡਨ ਦੇ ਸਕੂਲਾਂ ’ਚ ਕੀਤਾ ਗਿਆ ਅਧਿਐਨ

ਬ੍ਰਿਟੇਨ ਦੇ ਇੰਪੀਰੀਅਲ ਕਾਲਜ ਦੇ ਖੋਜਕਾਰਾਂ ਨੇ ਲੰਡਨ ਦੇ ਸਕੂਲਾਂ ਵਿਚ ਕਲਾਸਰੂਮਾਂ ਦੀ ਨਿਗਰਾਨੀ ਕੀਤੀ। ਖੋਜਕਾਰਾਂ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਤੋਂ ਵਿਦਿਆਰਥੀਆਂ ਨੂੰ ਬਚਾਉਣ ਲਈ ਜਿਨ੍ਹਾਂ ਸਕੂਲਾਂ ’ਚ ਖਿੜਕੀਆਂ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਸੀ, ਉਥੇ 6 ਫੀਸਦੀ ਕਲਾਸਰੂਮਾਂ ਵਿਚ ਪ੍ਰਦੂਸ਼ਣ ਦਾ ਪੱਧਰ ਵਿਸ਼ਵ ਸਿਹਤ ਸੰਗਠਨ ਵੱਲੋਂ ਨਿਰਧਾਰਤ ਮਾਪਦੰਡਾਂ ਤੋਂ ਵੱਧ ਸੀ। ਉੱਥੇ ਵੀ ਕੋਈ ਖਾਸ ਫਰਕ ਨਹੀਂ ਨਜ਼ਰ ਆਇਆ। ਖੋਜਕਾਰਾਂ ਨੇ ਦਾਅਵਾ ਕੀਤਾ ਕਿ ਬੰਦ ਕਲਾਸਰੂਮਾਂ ਵਿਚ ਕਾਰਬਨ ਡਾਈਆਕਸਾਈਡ (ਸੀ.ਓ.2) ਦੀ ਮਾਤਰਾ ਵਿਚ ਵਾਧਾ ਦੇਖਿਆ ਗਿਆ। ਇਹ ਅਧਿਐਨ ਇੰਪੀਰੀਅਲ ਕਾਲਜ ਲੰਡਨ ਦੀ ਅਗਵਾਈ ਹੇਠ ਚਲਾਏ ਜਾ ਰਹੇ ਪ੍ਰਾਜੈਕਟ ਐੱਸ.ਏ.ਐੱਮ.ਐੱਚ.ਈ. (ਸਕੂਲ ਏਅਰ ਕੁਆਲਿਟੀ ਮਾਨੀਟਰਿੰਗ ਫਾਰ ਹੈਲਥ ਐਂਡ ਐਜੂਕੇਸ਼ਨ) ਦੇ ਤਹਿਤ ਕੀਤਾ ਗਿਆ। ਅਧਿਐਨ ਦੇ ਲੇਖਕ ਡਾ. ਐਲਿਸ ਹੈਂਡੀ ਨੇ ਕਿਹਾ ਕਿ ਸਿਰਫ਼ ਵੈਂਟੀਲੇਸ਼ਨ ਬੰਦ ਕਰਨ ਨਾਲ ਪ੍ਰਦੂਸ਼ਿਤ ਕਣਾਂ (ਪੀ.ਐੱਮ.2.5) ਨੂੰ ਕਲਾਸਰੂਮ ਵਿਚ ਦਾਖਲ ਹੋਣ ਤੋਂ ਨਹੀਂ ਰੋਕਿਆ ਜਾ ਸਕਦਾ।

ਭਾਰਤੀ ਸਕੂਲਾਂ ’ਚ ਕੀਤੇ ਜਾਂਦੇ ਹਨ ਇਹ ਉਪਾਅ

ਸਰਦੀ ਦੇ ਸਮੇਂ ਦੌਰਾਨ, ਜਦੋਂ ਸਮੋਗ ਵਧ ਜਾਂਦੀ ਹੈ ਤਾਂ ਉਦੋਂ ਭਾਰਤ ਸਰਕਾਰ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਲਈ ਖਾਸ ਤੌਰ ’ ਤੇ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ। ਏ. ਕਿਊ. ਆਈ. 400 ਜਾਂ ਉਸ ਤੋਂ ਵੱਧ ਹੋਣ ’ਤੇ ਸਾਰੇ ਸਕੂਲਾਂ ਲਈ ਸਾਵਧਾਨੀ ਨਿਰਦੇਸ਼ ਵੀ ਜਾਰੀ ਕੀਤੇ ਜਾਂਦੇ ਹਨ।

  • ਸਕੂਲ ਬੰਦ ਕਰ ਦਿੱਤੇ ਜਾਂਦੇ ਹਨ ਜਾਂ ਆਨਲਾਈਨ ਪੜ੍ਹਾਈ ਕਰਵਾਈ ਜਾਂਦੀ ਹੈ।
  • ਬੱਚਿਆਂ ਨੂੰ ਐੱਨ-95 ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ।
  • ਸਕੂਲਾਂ ’ਚ ਵਿਦਿਆਰਥੀਆਂ ਦੀ ਸੁਰੱਖਿਆ ਲਈ ਏਅਰ ਪਿਊਰੀਫਾਇਰ ਲਾਏ ਜਾਂਦੇ ਹਨ।
  • ਬੱਚਿਆਂ ਦੀ ਆਊਟ ਡੋਰ ਐਕਟੀਵਿਟੀ ’ਤੇ ਰੋਕ ਲਾ ਦਿੱਤੀ ਜਾਂਦੀ ਹੈ।
  • ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬੱਚਿਆਂ ਨੂੰ ਬਾਹਰ ਖੇਡਣ ਲਈ ਨਾ ਭੇਜਣ ਅਤੇ ਘਰ ਦੇ ਅੰਦਰ ਸਹੀ ਵੈਂਟੀਲੇਸ਼ਨ ਸਹੀ ਰੱਖਣ।
     

Credit : www.jagbani.com

  • TODAY TOP NEWS