ਕਰਜ਼ੇ ਦੇ ਜਾਲ 'ਚ ਫਸ ਰਹੇ ਭਾਰਤੀ, ਰਕਮ 44% ਵਧ ਕੇ ਪਹੁੰਚੀ 33,886 ਕਰੋੜ ਰੁਪਏ ਦੇ ਪਾਰ

ਕਰਜ਼ੇ ਦੇ ਜਾਲ 'ਚ ਫਸ ਰਹੇ ਭਾਰਤੀ, ਰਕਮ 44% ਵਧ ਕੇ ਪਹੁੰਚੀ 33,886 ਕਰੋੜ ਰੁਪਏ ਦੇ ਪਾਰ

ਬਿਜ਼ਨੈੱਸ ਡੈਸਕ - ਹਰ ਕੋਈ ਕ੍ਰੈਡਿਟ ਕਾਰਡ ਰੱਖਣਾ ਚਾਹੁੰਦਾ ਹੈ, ਜਿਸਦੀ ਲਿਮਟ ਵੀ ਬਹੁਤ ਜ਼ਿਆਦਾ ਹੋਵੇ। ਜਦੋਂ ਕ੍ਰੈਡਿਟ ਕਾਰਡ ਹੱਥ ਵਿੱਚ ਆਉਂਦਾ ਹੈ, ਤਾਂ ਬਹੁਤ ਸਾਰੇ ਲੋਕ ਇਸਦੇ ਬਿੱਲਾਂ ਬਾਰੇ ਸੋਚੇ ਬਿਨਾਂ ਬਹੁਤ ਜ਼ਿਆਦਾ ਖਰੀਦਦਾਰੀ ਕਰ ਲੈਂਦੇ ਹਨ। ਨਤੀਜੇ ਵਜੋਂ, ਨਿਰਧਾਰਤ ਮਿਆਦ ਤੋਂ ਬਾਅਦ, ਇੱਕ ਵੱਡਾ ਬਿੱਲ ਸਾਹਮਣੇ ਆ ਜਾਂਦਾ ਹੈ। CRIF ਹਾਈ ਮਾਰਕ ਰਿਪੋਰਟ ਅਨੁਸਾਰ, ਪਿਛਲੇ ਇੱਕ ਸਾਲ ਵਿੱਚ ਕ੍ਰੈਡਿਟ ਕਾਰਡਾਂ ਦੀ ਬਕਾਇਆ ਰਕਮ ਵਿੱਚ 44% ਵਾਧਾ ਹੋਇਆ ਹੈ। ਮਾਰਚ 2025 ਤੱਕ, ਬਕਾਇਆ ਰਕਮ 33,886.5 ਕਰੋੜ ਰੁਪਏ ਤੱਕ ਪਹੁੰਚ ਗਈ।

ਅੱਜਕੱਲ੍ਹ ਕਿਸੇ ਕੋਲ ਕ੍ਰੈਡਿਟ ਕਾਰਡ ਹੋਣਾ ਬਹੁਤ ਆਮ ਹੋ ਗਿਆ ਹੈ। ਜਿੰਨੀ ਤੇਜ਼ੀ ਨਾਲ ਕ੍ਰੈਡਿਟ ਕਾਰਡਾਂ ਦੀ ਵਰਤੋਂ ਵਧ ਰਹੀ ਹੈ, ਉਸਦੀ ਬਕਾਇਆ ਰਕਮ ਵੀ ਉਸੇ ਰਫ਼ਤਾਰ ਨਾਲ ਵਧ ਰਹੀ ਹੈ। ਯਾਨੀ ਕਿ ਲੋਕ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰ ਰਹੇ ਹਨ ਪਰ ਇਸਦੇ ਬਿੱਲਾਂ ਦਾ ਭੁਗਤਾਨ ਕਰਨ ਦੇ ਯੋਗ ਨਹੀਂ ਹਨ। ਇਹ ਸਮੱਸਿਆ ਮੁੱਖ ਤੌਰ 'ਤੇ ਮੱਧ ਵਰਗ ਨੂੰ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ।

91-360 ਦਿਨਾਂ ਦੀ ਸ਼੍ਰੇਣੀ ਵਿੱਚ ਕ੍ਰੈਡਿਟ ਕਾਰਡ ਦੀ ਬਕਾਇਆ ਰਕਮ ਦੀ ਸਮੱਸਿਆ ਵਧ ਰਹੀ ਹੈ। ਮਾਰਚ 2024 ਵਿੱਚ, ਇਹ ਅੰਕੜਾ 2347 5.6 ਕਰੋੜ ਰੁਪਏ ਸੀ। ਜੋ ਮਾਰਚ 2025 ਤੱਕ ਵਧ ਕੇ 33,886.5 ਕਰੋੜ ਰੁਪਏ ਹੋ ਗਿਆ।

ਇਸ ਤੋਂ ਇਲਾਵਾ, 91-180 ਦਿਨਾਂ ਦੀ ਸ਼੍ਰੇਣੀ ਵਿੱਚ ਬਕਾਇਆ ਵੀ ਵਧ ਰਿਹਾ ਹੈ। ਇਸ ਵਿੱਚ, ਇਹ ਰਕਮ ਪਿਛਲੇ ਸਾਲ 20,872.6 ਕਰੋੜ ਰੁਪਏ ਤੋਂ ਵੱਧ ਸੀ, ਜੋ ਇਸ ਸਾਲ ਵਧ ਕੇ 29,983.6 ਕਰੋੜ ਰੁਪਏ ਹੋ ਗਈ ਹੈ।
181-360 ਦਿਨਾਂ ਦੀ ਸ਼੍ਰੇਣੀ ਦੀ ਗੱਲ ਕਰੀਏ ਤਾਂ, ਇਸ ਨੇ ਬਕਾਇਆ ਰਕਮ ਵਿੱਚ 1.1% ਦਾ ਵਾਧਾ ਦਰਜ ਕੀਤਾ ਹੈ।

ਕ੍ਰੈਡਿਟ ਕਾਰਡ ਦੀ ਵਰਤੋਂ

 ਭਾਰਤੀ ਲੋਕ ਹੁਣ ਕਰੈਡਿਟ ਕਾਰਡ ਵੱਲ ਤੇਜ਼ੀ ਨਾਲ ਆਕਰਸ਼ਿਤ ਹੋ ਰਹੇ ਹਨ। ਖਰੀਦਦਾਰੀ, ਯਾਤਰਾ ਤੇ ਰਿਵਾਰਡ ਪੌਇੰਟਸ ਜਾਂ ਕੈਸ਼ਬੈਕ ਵਾਲੇ ਆਫਰ ਇਸ ਵਾਧੂ ਰੁਝਾਨ ਦੇ ਮੁੱਖ ਕਾਰਨ ਹਨ।

ਆਰਬੀਆਈ ਦੇ ਅੰਕੜਿਆਂ ਅਨੁਸਾਰ, ਮਈ 2025 ਤੱਕ 11.11 ਕਰੋੜ ਕ੍ਰੈਡਿਟ ਕਾਰਡ ਜਾਰੀ ਕੀਤੇ ਗਏ ਹਨ। ਜਨਵਰੀ 2021 ਵਿੱਚ ਸਿਰਫ 6.10 ਕਰੋੜ ਸਨ। ਯਾਨੀ ਕਿ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਬਹੁਤ ਸਾਰੇ ਅਜਿਹੇ ਕ੍ਰੈਡਿਟ ਕਾਰਡ ਹਨ ਜੋ ਗਾਹਕਾਂ ਨੂੰ ਵਿਆਜ ਮੁਕਤ ਈਐਮਆਈ ਵਰਗੀਆਂ ਪੇਸ਼ਕਸ਼ਾਂ ਦੇ ਕੇ ਲੁਭਾਉਂਦੇ ਹਨ। ਅਜਿਹੀਆਂ ਕਈ ਲੁਭਾਉਣ ਵਾਲੀਆਂ ਪੇਸ਼ਕਸ਼ਾਂ ਕਾਰਨ, ਕ੍ਰੈਡਿਟ ਕਾਰਡ ਲੈਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ, ਪਰ ਸਮੇਂ ਸਿਰ ਬਿੱਲਾਂ ਦਾ ਭੁਗਤਾਨ ਨਾ ਕਰਨ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ ਹੈ।

ਮਿਡਲ ਕਲਾਸ ਲਈ ਖਤਰਨਾਕ ਸਾਬਤ ਹੋ ਰਿਹਾ ਹੈ ਕਰੈਡਿਟ ਕਾਰਡ ਦਾ ਲਾਲਚ

ਕਈ ਕਾਰਡ ਇੰਟਰੈਸਟ ਫ੍ਰੀ EMI ਜਾਂ ਵਧੀਆ ਡਿਸਕਾਊਂਟ ਦੇ ਵਾਅਦੇ ਕਰਦੇ ਹਨ। ਪਰ ਇਹ ਆਸਾਨ ਲਾਭ ਕਈ ਵਾਰ ਮਿਡਲ ਕਲਾਸ ਪਰਿਵਾਰਾਂ ਲਈ ਜਾਲ ਸਾਬਤ ਹੋ ਰਹੇ ਹਨ। ਜਿੰਨਾ ਦੀ ਆਮਦਨ ਘੱਟ ਹੈ, ਉਹ ਵੀ ਲੁਭਾਵਨੇ ਆਫਰ ਦੇ ਚੱਕਰ 'ਚ ਆ ਕੇ ਕਾਰਡ ਲੈ ਲੈਂਦੇ ਹਨ। ਪਰ ਜਦੋਂ ਬਿੱਲ ਭਰਨ ਦੀ ਵਾਰੀ ਆਉਂਦੀ ਹੈ ਤਾਂ ਉਨ੍ਹਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਨ੍ਹਾਂ ਕਰਕੇ ਨਾ ਸਿਰਫ਼ ਉਨ੍ਹਾਂ ਦਾ ਕਰਜ਼ਾ ਵੱਧਦਾ ਹੈ, ਸਗੋਂ ਉਨ੍ਹਾਂ ਦੀ ਉੱਚੀਆਂ ਵਿਆਜ ਦਰਾਂ ਕਾਰਨ ਆਮਦਨ 'ਤੇ ਵੀ ਸਿੱਧਾ ਅਸਰ ਪੈਂਦਾ ਹੈ।

ਬੈਂਕਾਂ ਅਤੇ NBFCs ਲਈ ਵੀ ਚਿੰਤਾ ਦਾ ਵਿਸ਼ਾ

ਕਰੈਡਿਟ ਕਾਰਡ ਧਾਰਕਾਂ ਵੱਲੋਂ ਸਮੇਂ 'ਤੇ ਭੁਗਤਾਨ ਨਾ ਕਰਨ ਕਾਰਨ ਬੈਂਕਾਂ ਤੇ ਗੈਰ-ਬੈਂਕਿੰਗ ਵਿੱਤੀ ਸੰਸਥਾਵਾਂ (NBFCs) ਨੂੰ ਵੀ ਬਾਅਦ ਵਿੱਚ ਨੁਕਸਾਨ ਝੱਲਣਾ ਪੈਂਦਾ ਹੈ। ਨੋਨ-ਪਰਫਾਰਮਿੰਗ ਐਸੈਟਸ (NPA) ਵਧਣ ਦੀ ਸੰਭਾਵਨਾ ਨਾਲ ਨਾਲ ਲੋਨ ਰਿਕਵਰੀ ਦੀ ਪ੍ਰਕਿਰਿਆ ਵੀ ਮੁਸ਼ਕਲ ਹੋ ਜਾਂਦੀ ਹੈ।

ਖਰਚ ਸਮਝਦਾਰੀ ਨਾਲ ਕਰੋ

ਵਿੱਤ ਮਾਹਰਾਂ ਅਨੁਸਾਰ, ਜੇਕਰ ਤੁਸੀਂ ਕਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਇਹ ਯਕੀਨੀ ਬਣਾਓ ਕਿ ਤੁਸੀਂ ਉਤਨਾ ਹੀ ਖਰਚ ਕਰੋ ਜਿੰਨਾ ਤੁਸੀਂ ਆਸਾਨੀ ਨਾਲ ਅਗਲੇ ਮਹੀਨੇ ਭਰ ਸਕੋ। ਨਹੀਂ ਤਾਂ, ਇਹ ਕਾਰਡ ਆਰਥਿਕ ਆਜ਼ਾਦੀ ਦੀ ਥਾਂ ਕਰਜ਼ੇ ਦੀ ਜ਼ੰਜੀਰ ਬਣ ਸਕਦਾ ਹੈ।

ਲਾਭਦਾਇਕ ਲੱਗਣ ਵਾਲੇ ਕਰੈਡਿਟ ਕਾਰਡ ਆਫਰ ਦਰਅਸਲ ਇੱਕ "ਮੀਠਾ ਜਹਿਰ" ਸਾਬਤ ਹੋ ਸਕਦੇ ਹਨ। ਸਮਝਦਾਰੀ ਨਾਲ ਚੁਣੋ, ਸੋਚ-ਵਿਚਾਰ ਨਾਲ ਵਰਤੋ  ਨਹੀਂ ਤਾਂ ਖਰੀਦਦਾਰੀ ਦੀ ਖੁਸ਼ੀ ਕਰਜ਼ੇ ਦੀ ਚਿੰਤਾ ਵਿੱਚ ਬਦਲ ਜਾਂਦੀ ਹੈ।

Credit : www.jagbani.com

  • TODAY TOP NEWS