ਪੱਟੀ—ਤਰਨਤਾਰ ਦੇ ਪੱਟੀ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਨਵ-ਵਿਆਹੀ ਕੁੜੀ ਦਾਜ ਦੀ ਬਲੀ ਚੜ੍ਹ ਗਈ। ਪੁਲਸ ਥਾਣਾ ਸਿਟੀ ਪੱਟੀ ਅਧੀਨ ਪੈਂਦੇ ਪਿੰਡ ਸਰਾਲੀ ਮੰਡ ਵਿਖੇ ਨਵ-ਵਿਆਹੀ ਕੁੜੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਸਹੁਰੇ ਪਰਿਵਾਰ 'ਤੇ ਨਵ-ਵਿਆਹੀ ਕੁੜੀ ਨੂੰ ਫਾਹਾ ਦੇ ਕੇ ਮਾਰਨ ਦੇ ਦੋਸ਼ ਲਗਾਏ ਗਏ ਹਨ।
ਮ੍ਰਿਤਕਾ ਦੀ ਪਛਾਣ ਨਵਨੀਤ ਕੌਰ ਪੁੱਤਰੀ ਮਹਿੰਗਾ ਸਿੰਘ ਵਾਸੀ ਕੋਟ ਦੁਸੰਦੀ ਮੱਲ ਝਬਾਲ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ ਕਰ ਦਿੱਤੀ ਹੈ। ਪੁਲਸ ਥਾਣਾ ਸਿਟੀ ਪੱਟੀ ਦੇ ਮੁਖੀ ਇੰਸ. ਕਵਲਜੀਤ ਰਾਏ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ੍ਹਾਂ ਵਿੱਚ ਮਹਿੰਗਾ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਕੋਟ ਦੁਸੰਦੀ ਮੱਲ ਨੇ ਦੱਸਿਆ ਕਿ ਕਰੀਬ 7 ਮਹੀਨੇ ਪਹਿਲਾਂ ਉਸ ਦੀ ਕੁੜੀ ਦਾ ਵਿਆਹ ਹਰਵਿੰਦਰ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਸਰਾਲੀ ਮੰਡ ਨਾਲ ਹੋਇਆ ਸੀ। ਕਰੀਬ 7 ਮਹੀਨੇ ਬਾਅਦ 01 ਅਗਸਤ ਨੂੰ ਦਿਲਬਾਗ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਸਰਾਲੀ ਮੰਡ ਦਾ ਫੋਨ ਆਇਆ ਕਿ ਨਵਨੀਤ ਕੌਰ ਨੀਤੂ ਤੇ ਹਰਵਿੰਦਰ ਸਿੰਘ ਆਪਸ ਵਿੱਚ ਲੜਦੇ-ਝਗੜਦੇ ਰਹਿੰਦੇ ਹਨ।
ਦੋ ਅਗਸਤ ਨੂੰ ਕੁੜੀ ਨਵਨੀਤ ਕੌਰ ਨੇ ਦੱਸਿਆ ਕਿ ਉਸ ਦਾ ਚਾਚਾ ਸਹੁਰਾ ਦਿਲਬਾਗ ਸਿੰਘ ਅਤੇ ਉਸ ਦਾ ਪਤੀ ਹਰਵਿੰਦਰ ਸਿੰਘ ਨਵਨੀਤ ਦੀ ਕੁੱਟਮਾਰ ਕਰਦੇ ਹਨ। ਮੈਨੂੰ ਲੈ ਜਾਓ ਅਤੇ ਉਸ ਨੇ ਕਿਹਾ ਕਿ ਮੈਂ ਆ ਕੇ ਦੱਸਾਂਗੀ ਜਿਸ 'ਤੇ ਮੈਂ ਕਿਹਾ ਕਿ ਕੱਲ੍ਹ ਆ ਕੇ ਤੈਨੂੰ ਲੈ ਜਾਵਾਂਗਾ। ਇਸ ਦੇ ਬਾਅਦ ਪਤਾ ਲੱਗਾ ਕਿ ਕੁੜੀ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਦਾਜ ਖਾਤਰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਦੋ ਅਗਸਤ ਨੂੰ ਨਵਨੀਤ ਕੌਰ ਦੇ ਸਹੁਰੇ ਪਰਿਵਾਰ ਵੱਲੋਂ ਫੋਨ ਆਇਆ ਕਿ ਨਵਨੀਤ ਦੀ ਫਾਹਾ ਲੈਣ ਨਾਲ ਮੌਤ ਹੋ ਗਈ ਹੈ।
ਮਹਿੰਗਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਚਾਚੇ ਦੇ ਮੁੰਡੇ ਗੁਰਮੀਤ ਸਿੰਘ ਸਾਬਕਾ ਥਾਣੇਦਾਰ ਨੂੰ ਨਾਲ ਲੈ ਕੇ ਸਰਾਲੀ ਮੰਡ ਪਹੁੰਚੇ ਤਾਂ ਵੇਖਿਆ ਕਿ ਨਵਨੀਤ ਕੌਰ ਦੀ ਲਾਸ਼ ਕਮਰੇ ਵਿੱਚ ਬੈੱਡ 'ਤੇ ਪਈ ਸੀ। ਜਿਸ ਦੇ ਗਲ, ਖੱਬੇ ਡੌਲੇ ਅਤੇ ਲੱਕ ਵਿੱਚ ਨੀਲ ਦੇ ਨਿਸ਼ਾਨ ਪਏ ਸਨ ਅਤੇ ਲਾਸ਼ ਨੇੜੇ ਲਾਲ ਰੰਗ ਦਾ ਪਰਨਾ ਪਿਆ ਸੀ। ਮੁੱਦਈ ਨੇ ਕਿਹਾ ਕਿ ਇਸ ਸਾਰੀ ਘਟਨਾ ਨੂੰ ਨਵਨੀਤ ਕੌਰ ਦੇ ਪਤੀ ਹਰਵਿੰਦਰ ਸਿੰਘ ਅਤੇ ਉਸ ਦੇ ਚਾਚੇ ਸਹੁਰੇ ਦਿਲਬਾਗ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਸਰਾਲੀ ਮੰਡ ਨੇ ਅੰਜਾਮ ਦਿੱਤਾ ਹੈ। ਨਵਨੀਤ ਕੌਰ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਪੁਲਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਇਸ ਘਟਨਾ ਦੇ ਜਾਂਚ ਅਧਿਕਾਰੀ ਬਲਬੀਰ ਸਿੰਘ ਇੰਚਾਰਜ ਪੁਲਸ ਚੌਂਕੀ ਕੈਰੋ ਨੇ ਕਿਹਾ ਕਿ ਮੁੱਦਈ ਦੇ ਬਿਆਨ੍ਹਾਂ 'ਤੇ ਹਰਵਿੰਦਰ ਸਿੰਘ ਅਤੇ ਉਸ ਦੇ ਚਾਚੇ ਦਿਲਬਾਗ ਸਿੰਘ ਖ਼ਿਲ਼ਾਫ ਮਾਮਲਾ ਦਰਜ ਕਰਕੇ ਹਿਰਾਸਤ ਵਿੱਚ ਲੈਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com