ਉੱਤਰਕਾਸ਼ੀ- ਉੱਤਰਾਖੰਡ ਦੇ ਉੱਤਰਕਾਸ਼ੀ 'ਚ ਮੰਗਲਵਾਰ ਦੁਪਹਿਰ ਹਰਸ਼ਲ ਸਥਿਤ ਭਾਰਤੀ ਫੌਜ ਦੇ ਕੈਂਪ ਤੋਂ ਕਰੀਬ 4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਧਰਾਲੀ ਵਿੱਚ ਮੰਗਲਵਾਰ ਨੂੰ ਬੱਦਲ ਫਟ ਗਿਆ, ਜਿਸ ਕਾਰਨ ਇਲਾਕੇ 'ਚ ਹੜ੍ਹ ਆ ਗਿਆ। ਕੁਦਰਤ ਦਾ ਕਹਿਰ ਬਣੇ ਹੜ੍ਹ ਕਾਰਨ ਪਾਣੀ ਅਤੇ ਮਲਬੇ ਦੇ ਸੈਲਾਬ ਨਾਲ ਹਰ ਪਾਸੇ ਹਾਹਾਕਾਰ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਰੀਬ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਜ਼ਿਆਦਾ ਲੋਕ ਲਾਪਤਾ ਹਨ।
ਹੜ੍ਹ ਦੌਰਾਨ ਪਵਿੱਤਰ ਗੰਗੋਤਰੀ ਧਾਮ ਵੱਲ ਜਾਣ ਵਾਲੇ ਰਸਤਿਆਂ ਦੇ ਸੰਪਰਕ ਟੁੱਟ ਚੁਕੇ ਹਨ ਅਤੇ ਘਟਨਾ ਸਥਾਨ 'ਤੇ ਕਈ ਏਜੰਸੀਆਂ ਐਮਰਜੈਂਸੀ ਲਈ ਭੇਜੀਆਂ ਗਈਆਂ।
ਰਿਪੋਰਟਾਂ ਮੁਤਾਬਕ ਹਰੀ ਸ਼ਿਲਾ ਪਰਬਤ ਸਥਿਤ ਸਾਤ ਤਾਲ ਇਲਾਕੇ ਤੋਂ ਖੀਰ ਗੰਗਾ ਆਉਂਦੀ ਹੈ, ਜਿੱਥੋਂ ਬੱਦਲ ਫਟਿਆ ਹੈ। ਇਸ ਦੇ ਸੱਜੇ ਪਾਸੇ ਧਰਾਲੀ ਅਤੇ ਖੱਬੇ ਪਾਸੇ ਹਰਸ਼ਲ ਵਿੱਚ ਆਰਮੀ ਕੈਂਪ ਹੈ ਜੋ ਕਿ ਇਸ ਹੜ੍ਹ ਦੀ ਲਪੇਟ ਵਿਚ ਆਇਆ ਹੈ, ਇੱਥੇ ਆਰਮੀ ਮੈਸ ਤੇ ਕੈਫੇ ਹਨ। ਇਸ ਦੌਰਾਨ ਕਈ ਜਵਾਨਾਂ ਦੇ ਲਾਪਤਾ ਹੋਣ ਦੀ ਵੀ ਸੰਭਾਵਨਾ ਹੈ। ਇਸ ਹਾਦਸੇ ਮੌਕੇ ਧਰਾਲੀ ਦੇ ਸਥਾਨਕ ਲੋਕ ਅਤੇ ਯਾਤਰੀਆਂ ਨੂੰ ਮਿਲਾ ਕੇ ਤਕਰੀਬਨ 200 ਤੋਂ ਜ਼ਿਆਦਾ ਲੋਕ ਮੌਜੂਦ ਸਨ।
ਇਹ ਮੰਜਰ ਇੰਨਾ ਭਿਆਨਕ ਸੀ ਕਿ ਹਰਸ਼ਲ 'ਚ ਨਦੀ ਕਿਨਾਰੇ ਬਣਿਆ ਹੈਲੀਪੈਡ ਵੀ ਹੜ੍ਹ ਦੌਰਾਨ ਰੁੜ ਗਿਆ ਅਤੇ ਭਾਰੀ ਮੀਂਹ ਕਾਰਨ ਹੈਲੀਕਾਪਟਰ ਰਾਹੀਂ ਰਾਹਤ ਅਤੇ ਬਚਾਅ ਕਾਰਜ ਵੀ ਨਹੀਂ ਹੋ ਪਾ ਰਹੇ ਹਨ।
Credit : www.jagbani.com