ਜਲੰਧਰ- ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ ਜਦੋਂ ਨਿਹੰਗ ਬਾਣੇ ਵਿੱਚ ਆਏ ਕੁਝ ਨੌਜਵਾਨਾਂ ਨੇ ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਦੇ ਜਵਾਨਾਂ ਨਾਲ ਕੁੱਟਮਾਰ ਕੀਤੀ। ਇਸ ਦੇ ਨਾਲ ਹੀ ਹਥਿਆਰਾਂ ਨਾਲ ਆਰ. ਪੀ. ਐੱਫ਼. ਚੌਂਕੀ 'ਤੇ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਸਟੇਸ਼ਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ।

ਇਹ ਘਟਨਾ ਜੰਮੂਤਵੀ ਐਕਸਪ੍ਰੈਸ (19225) ਦੇ ਏ. ਸੀ. ਕੋਚ ਵਿੱਚ ਸ਼ੁਰੂ ਹੋਈ, ਜਿੱਥੇ ਕੁਝ ਨੌਜਵਾਨ ਵਾਰ-ਵਾਰ ਚੜ੍ਹ ਅਤੇ ਉਤਰ ਰਹੇ ਸਨ। ਉਨ੍ਹਾਂ ਦੀਆਂ ਸ਼ੱਕੀ ਗਤੀਵਿਧੀਆਂ ਨੂੰ ਵੇਖ ਕੇ ਜਦੋਂ ਆਰ. ਪੀ. ਐੱਫ਼. ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਰੋਹਿਲਾ ਨੇ ਉਨ੍ਹਾਂ ਨੂੰ ਆਪਣੀਆਂ ਟਿਕਟਾਂ ਵਿਖਾਉਣ ਲਈ ਕਿਹਾ ਤਾਂ ਨੌਜਵਾਨਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਝਗੜਾ ਸ਼ੁਰੂ ਹੋਇਆ ਤਾਂ ਦੋ ਨੌਜਵਾਨਾਂ ਨੂੰ ਆਰ. ਪੀ. ਐੱਫ਼ ਚੌਂਕੀ ਲਿਜਾਇਆ ਗਿਆ।

ਜਲਦੀ ਹੀ ਲਗਭਗ 8-10 ਨੌਜਵਾਨ ਹੱਥਾਂ ਵਿੱਚ ਤਲਵਾਰਾਂ ਅਤੇ ਤੇਜ਼ਧਾਰ ਹਥਿਆਰ ਲੈ ਕੇ ਸਟੇਸ਼ਨ 'ਤੇ ਪਹੁੰਚ ਗਏ ਅਤੇ ਸਿੱਧੇ ਆਰ. ਪੀ. ਐੱਫ਼. ਚੌਂਕੀ ਵੱਲ ਭੱਜੇ। ਉਨ੍ਹਾਂ ਨੇ ਚੌਂਕੀ ਦੇ ਗੇਟ 'ਤੇ ਹਮਲਾ ਕਰ ਦਿੱਤਾ ਅਤੇ ਸ਼ੀਸ਼ੇ ਤੋੜ ਦਿੱਤੇ। ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ ਅਤੇ ਸਟੇਸ਼ਨ 'ਤੇ ਹਫ਼ੜਾ-ਦਫ਼ੜੀ ਮਚ ਗਈ। ਲਗਭਗ 10 ਮਿੰਟ ਤੱਕ ਚੱਲੇ ਇਸ ਹੰਗਾਮੇ ਤੋਂ ਬਾਅਦ ਸਾਰੇ ਨੌਜਵਾਨ ਮੌਕੇ ਤੋਂ ਭੱਜ ਗਏ।

ਇਸ ਘਟਨਾ ਦੀ ਸੂਚਨਾ ਤੁਰੰਤ ਰੇਲਵੇ ਬੋਰਡ, ਫਿਰੋਜ਼ਪੁਰ ਡਿਵੀਜ਼ਨ ਅਤੇ ਜੀ. ਆਰ. ਪੀ. ਨੂੰ ਦਿੱਤੀ ਗਈ। ਫਿਲਹਾਲ ਆਰ. ਪੀ. ਐੱਫ਼ ਅਤੇ ਜੀ. ਆਰ. ਪੀ. ਵੱਲੋਂ ਸਾਂਝੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੀ. ਸੀ. ਟੀ. ਵੀ. ਫੁਟੇਜ਼ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਆਰ. ਪੀ. ਐੱਫ਼. ਇੰਚਾਰਜ ਰਾਜੇਸ਼ ਕੁਮਾਰ ਰੋਹਿਲਾ ਨੇ ਕਿਹਾ ਕਿ ਇਹ ਪੂਰੀ ਘਟਨਾ ਸ਼ੱਕੀ ਗਤੀਵਿਧੀ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਵਾਪਰੀ। ਅਧਿਕਾਰੀਆਂ ਨੇ ਇਸ ਨੂੰ ਇਕ ਵੱਡੀ ਸੁਰੱਖਿਆ ਕੁਤਾਹੀ ਦੱਸਿਆ ਹੈ ਅਤੇ ਕਿਹਾ ਹੈ ਕਿ ਰੇਲਵੇ ਸਟੇਸ਼ਨ ਵਰਗੀ ਸੰਵੇਦਨਸ਼ੀਲ ਜਗ੍ਹਾ 'ਤੇ ਹਥਿਆਰਾਂ ਨਾਲ ਪਹੁੰਚਣਾ ਕਾਨੂੰਨ ਦੀ ਗੰਭੀਰ ਉਲੰਘਣਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com