ਇੰਟਰਨੈਸ਼ਨਲ ਡੈਸਕ- ਬੀਤੇ ਹਫ਼ਤੇ ਸ਼ੁਰੂ ਹੋਈ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਾਂ ਦੀ ਹੜਤਾਲ ਆਖ਼ਿਰਕਾਰ ਅੱਜ ਖ਼ਤਮ ਹੋ ਗਈ ਹੈ। ਏਅਰ ਕੈਨੇਡਾ ਦੇ 10,000 ਦੇ ਕਰੀਬ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਨੇ ਮੰਗਲਵਾਰ ਸਵੇਰੇ ਐਲਾਨ ਕੀਤਾ ਕਿ ਉਨ੍ਹਾਂ ਦਾ ਏਅਰਲਾਈਨ ਨਾਲ ਇਕ ਸਮਝੌਤਾ ਹੋ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਬੀਤੇ ਹਫ਼ਤੇ ਤੋਂ ਚੱਲ ਰਹੀ ਇਸ ਹੜਤਾਲ ਕਾਰਨ ਹਰ ਰੋਜ਼ ਲਗਭਗ 1.3 ਲੱਖ ਯਾਤਰੀ ਪ੍ਰਭਾਵਿਤ ਹੋ ਰਹੇ ਸਨ। ਏਅਰ ਕੈਨੇਡਾ ਰੋਜ਼ਾਨਾ ਤਕਰੀਬਨ 700 ਉਡਾਣਾਂ ਚਲਾਉਂਦੀ ਹੈ, ਪਰ ਪਿਛਲੇ ਵੀਰਵਾਰ ਤੋਂ ਹੁਣ ਤੱਕ ਏਅਰਲਾਈਨ ਨੂੰ ਇਸ ਹੜਤਾਲ ਕਾਰਨ 2,500 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ ਹਨ।
ਇਸ ਤੋਂ ਪਹਿਲਾਂ ਕੈਨੇਡਾ ਇੰਡਸਟ੍ਰੀਅਲ ਰਿਲੇਸ਼ਨਜ਼ ਬੋਰਡ ਨੇ ਹੜਤਾਲ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ ਤੇ ਫਲਾਈਟ ਅਟੈਂਡੈਂਟਸ ਨੂੰ ਕੰਮ 'ਤੇ ਵਾਪਸ ਆਉਣ ਦਾ ਹੁਕਮ ਦਿੱਤਾ ਸੀ, ਪਰ ਯੂਨੀਅਨ ਨੇ ਹੁਕਮਾਂ ਨੂੰ ਨਹੀਂ ਮੰਨਿਆ ਤੇ ਆਪਣੀਆਂ ਮੰਗਾਂ ਲਈ ਹੜਤਾਲ ਜਾਰੀ ਰੱਖੀ। ਏਅਰ ਕੈਨੇਡਾ ਨੇ ਆਪਣੇ ਨਵੇਂ ਪ੍ਰਸਤਾਵ ‘ਚ 4 ਸਾਲਾਂ ਲਈ 38 ਫ਼ੀਸਦੀ ਕੁੱਲ ਪੈਕੇਜ (ਤਨਖਾਹ, ਪੈਨਸ਼ਨ, ਸੁਵਿਧਾਵਾਂ ਸਮੇਤ) ਦੇਣ ਦੀ ਗੱਲ ਕੀਤੀ ਸੀ, ਪਰ ਯੂਨੀਅਨ ਨੇ ਇਸ ਨੂੰ ਨਾਕਾਫ਼ੀ ਮੰਨਿਆ। ਖ਼ਾਸ ਕਰ ਕੇ ਪਹਿਲੇ ਸਾਲ ਲਈ 8 ਫ਼ੀਸਦੀ ਵਾਧੇ ਨੂੰ ਉਨ੍ਹਾਂ ਨੇ ਮਹਿੰਗਾਈ ਦੇ ਮੱਦੇਨਜ਼ਰ ਘੱਟ ਕਰਾਰ ਦਿੱਤਾ ਸੀ। ਹੁਣ ਯੂਨੀਅਨ ਮੈਂਬਰ ਇਸ ਅਸਥਾਈ ਸਮਝੌਤੇ 'ਤੇ ਵੋਟਿੰਗ ਕਰਨਗੇ। ਉਥੇ ਹੀ, ਜਿਨ੍ਹਾਂ ਯਾਤਰੀਆਂ ਦੀਆਂ ਉਡਾਣਾਂ ਰੱਦ ਹੋਈਆਂ ਹਨ, ਉਹ ਏਅਰ ਕੈਨੇਡਾ ਦੀ ਵੈਬਸਾਈਟ ਜਾਂ ਐਪ ਰਾਹੀਂ ਪੂਰਾ ਰਿਫੰਡ ਲੈ ਸਕਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com