ਪੰਜਾਬ 'ਚ ਢਾਬਾ ਮਾਲਕਾਂ ਲਈ ਜਾਰੀ ਹੋਏ ਨਵੇਂ ਹੁਕਮ, ਜੇਕਰ ਹਾਈਵੇਅ 'ਤੇ ...

ਪੰਜਾਬ 'ਚ ਢਾਬਾ ਮਾਲਕਾਂ ਲਈ ਜਾਰੀ ਹੋਏ ਨਵੇਂ ਹੁਕਮ, ਜੇਕਰ ਹਾਈਵੇਅ 'ਤੇ ...

ਜਲੰਧਰ- ਢਾਬੇ ਦਾ ਮਾਲਕਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸੜਕ ਹਾਦਸਿਆਂ ’ਤੇ ਰੋਕ ਲਾਉਣ ਲਈ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਹਰ ਵਾਰ ਵਾਂਗ ਇਕ ਵਾਰ ਫਿਰ ਤੋਂ ਸਖ਼ਤ ਕਦਮ ਉਠਾਉਣ ਸਬੰਧੀ ਨਿਰਦੇਸ਼ ਜਾਰੀ ਕੀਤਾ ਹੈ। ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ’ਚ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡੀ. ਸੀ. ਡਾ. ਹਿਮਾਂਸ਼ੂ ਅਗਰਵਾਲ ਨੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤਾ ਕਿ ਹਾਈਵੇਅ ਕੰਢੇ ਕਿਸੇ ਵੀ ਸਥਿਤੀ ਵਿਚ ਵਾਹਨ ਪਾਰਕ ਨਾ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਸ ਨਿਯਮ ਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਡੀ. ਸੀ. ਨੇ ਕਿਹਾ ਕਿ ਹਾਈਵੇਅ ਕੰਢੇ ਖੜ੍ਹੇ ਵਾਹਨਾਂ ਨਾਲ ਹਾਦਸਿਆਂ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ। ਉਨ੍ਹਾਂ ਆਰ. ਟੀ. ਏ., ਆਰ. ਟੀ. ਓ, ਪੁਲਸ ਅਤੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ’ਤੇ ਸਖ਼ਤੀ ਨਾਲ ਅਮਲ ਹੋਵੇ, ਨਾਲ ਹੀ ਉਨ੍ਹਾਂ ਹਾਈਵੇਅ ’ਤੇ ਬਣੇ ਢਾਬਿਆਂ ਦੇ ਮਾਲਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਵਾਹਨ ਸਿਰਫ਼ ਢਾਬੇ ਦੀ ਪਾਰਕਿੰਗ ਵਿਚ ਹੀ ਖੜ੍ਹੇ ਕਰਵਾਉਣ। ਜੇਕਰ ਢਾਬੇ ਦੇ ਬਾਹਰ ਖੜ੍ਹੇ ਵਾਹਨਾਂ ਕਾਰਨ ਕੋਈ ਹਾਦਸਾ ਹੁੰਦਾ ਹੈ ਤਾਂ ਢਾਬਾ ਮਾਲਕ ਵੀ ਜ਼ਿੰਮੇਵਾਰ ਹੋਣਗੇ।

ਮੀਟਿੰਗ ਵਿਚ ਐੱਸ. ਡੀ. ਐੱਮ.-ਕਮ-ਏ. ਡੀ. ਸੀ. (ਡੀ) ਵਿਵੇਕ ਕੁਮਾਰ ਮੋਦੀ, ਸਕੱਤਰ ਆਰ. ਟੀ. ਏ. ਬਲਬੀਰ ਰਾਜ ਸਿੰਘ, ਜੁਆਇੰਟ ਕਮਿਸ਼ਨਰ ਨਗਰ ਨਿਗਮ ਸੁਮਨਦੀਪ ਕੌਰ, ਏ. ਆਰ. ਟੀ. ਓ. ਵਿਸ਼ਾਲ ਗੋਇਲ, ਰੋਡ ਸੇਫ਼ਟੀ ਕਮੇਟੀ ਪੰਜਾਬ ਦੇ ਮੈਂਬਰ ਵਿਨੋਦ ਅਗਰਵਾਲ, ਜ਼ਿਲ੍ਹਾ ਰੋਡ ਸੇਫ਼ਟੀ ਕਮੇਟੀ ਦੇ ਮੈਂਬਰ ਤਰਸੇਮ ਕਪੂਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੈਂਬਰ ਹਾਜ਼ਰ ਰਹੇ।

PunjabKesari

ਪਿੰਡਾਂ ਅਤੇ ਹਾਈਵੇਅ ਨੂੰ ਜੋੜਨ ਵਾਲੀਆਂ ਰੋਡ ਪੁਆਇੰਟਸ ’ਤੇ ਸਾਈਨ ਬੋਰਡ, ਰੰਬਲ ਸਟ੍ਰਿਪ ਅਤੇ ਰੋਡ ਸਟੱਡ ਲਾਏ ਜਾਣ
ਡੀ. ਸੀ. ਨੇ ਕਿਹਾ ਕਿ ਜਿਥੇ ਵੀ ਪਿੰਡਾਂ ਦੀਆਂ ਸੜਕਾਂ ਹਾਈਵੇਅ ਨਾਲ ਮਿਲਦੀਆਂ ਹਨ, ਉਥੇ ਵਾਹਨਾਂ ਦੀ ਰਫ਼ਤਾਰ ਘੱਟ ਕਰਵਾਉਣ ਲਈ ਸਾਈਨ ਬੋਰਡ ਰੰਬਲ, ਸਟ੍ਰਿਪ ਅਤੇ ਰੋਡ ਸਟੱਡ ਲਾਏ ਜਾਣ। ਉਨ੍ਹਾਂ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਜਲਦ ਪ੍ਰਸਤਾਵ ਤਿਆਰ ਕਰ ਕੇ ਭੇਜਣ ਦੇ ਨਿਰਦੇਸ਼ ਦਿੱਤੇ, ਨਾਲ ਹੀ ਦਿਨ ਦੇ ਸਮੇਂ ਸ਼ਹਿਰ ਵਿਚ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਾਉਣ ਦੇ ਹੁਕਮ ਵੀ ਦਿੱਤੇ।

ਐਮਰਜੈਂਸੀ ਨੰਬਰ ਅਤੇ ਹੈਲਪਲਾਈਨ ਸਹੂਲਤ
ਡੀ. ਸੀ. ਨੇ ਦੱਸਿਆ ਕਿ ਹਾਈਵੇਅ ’ਤੇ ਵਾਹਨ ਖ਼ਰਾਬ ਹੋਣ ਜਾਂ ਕਿਸੇ ਹੋਰ ਮਦਦ ਲਈ ਲੋਕ ਰਾਸ਼ਟਰੀ ਰਾਜਮਾਰਗ ਹੈਲਪਲਾਈਨ ਨੰਬਰ 1033 ਜਾਂ ਐਮਰਜੈਂਸੀ ਨੰਬਰ 112 ’ਤੇ ਫੋਨ ਕਰ ਸਕਦੇ ਹਨ। ਦੂਜੇ ਪਾਸੇ ਟ੍ਰੈਫਿਕ ਜਾਮ, ਅਣਅਧਿਕਾਰਤ ਕੱਟ, ਟ੍ਰੈਫਿਕ ਲਾਈਟਸ ਸਮੱਸਿਆ ਜਾਂ ਹੋਰ ਸੁਝਾਵਾਂ ਲਈ ਜ਼ਿਲਾ ਪ੍ਰਸ਼ਾਸਨ ਨੇ ਵ੍ਹਟਸਐਪ ਹੈਲਪਲਾਈਨ 9646-222-555 ਜਾਰੀ ਕੀਤੀ ਹੈ। ਪ੍ਰਾਪਤ ਸ਼ਿਕਾਇਤਾਂ ਸਬੰਧਤ ਵਿਭਾਗ ਨੂੰ ਭੇਜੀਆਂ ਜਾਣਗੀਆਂ ਅਤੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ।

ਬਲੈਕ ਸਪਾਟਸ ਅਤੇ ਨਿਯਮ ਦੀ ਉਲੰਘਣਾ ’ਤੇ ਸਖ਼ਤੀ
ਮੀਟਿੰਗ ਵਿਚ ਐੱਸ. ਡੀ. ਐੱਮ. ਅਤੇ ਐੱਨ. ਐੱਚ. ਏ. ਆਈ. ਵੱਲੋਂ ਪੇਸ਼ ਬਲੈਕ ਸਪਾਟਸ ਦੀ ਸੂਚੀ ਦੀ ਸਮੀਖਿਆ ਕੀਤੀ ਗਈ। ਡੀ. ਸੀ. ਨੇ ਅਧਿਕਾਰੀਆਂ ਨੂੰ ਇਨ੍ਹਾਂ ਨੂੰ ਜਲਦ ਠੀਕ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸੇਫ਼ ਸਕੂਲ ਪਾਲਿਸੀ, ਓਵਰਲੋਡਿੰਗ, ਓਵਰ ਸਪੀਡਿੰਗ ਅਤੇ ਨਸ਼ੇ ਵਿਚ ਗੱਡੀ ਚਲਾਉਣ ਵਰਗੇ ਮਾਮਲਿਆਂ ’ਤੇ ਵੀ ਸਖ਼ਤੀ ਨਾਲ ਕਾਰਵਾਈ ਕਰਨ ਨੂੰ ਕਿਹਾ।

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS