ਸ੍ਰੀ ਅਨੰਦਪੁਰ ਸਾਹਿਬ-ਸ੍ਰੀ ਅਨੰਦਪੁਰ ਸਾਹਿਬ ਬੱਸ ਸਟੈਂਡ ਦੇ ਨਜ਼ਦੀਕ ਬੀਤੀ ਦੇਰ ਰਾਤ ਕੁਝ ਨੌਜਵਾਨਾਂ ਵੱਲੋਂ ਰੰਜਿਸ਼ਬਾਜ਼ੀ ਤਹਿਤ ਦੋ ਨੌਜਵਾਨਾਂ 'ਤੇ ਚਲਾਈਆਂ ਤਾਬੜ ਤੋੜ ਗੋਲ਼ੀਆਂ ਨਾਲ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦਹਿਲ ਉੱਠੀ। ਕੈਫੇ ਦੇ ਮਾਲਕ ਬਲਵੰਤ ਸਿੰਘ ਉਰਫ਼ ਲਵੀ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਚੱਕ ਹੋਲਗੜ੍ਹ ਤਹਿਸੀਲ ਥਾਣਾ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਗਿਆ ਕਿ ਮੈਂ ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ ਮਨਿਆਰੀ ਦੀ ਦੁਕਾਨ ਕਰਦਾ ਹਾਂ ਅਤੇ ਇਸ ਤੋਂ ਇਲਾਵਾ ਮੈਂ ਤੇਜਿੰਦਰ ਕੁਮਾਰ ਉਰਫ਼ ਰਵੀ ਪੁੱਤਰ ਮਦਨ ਲਾਲ ਵਾਸੀ ਵਾਰਡ ਨੰਬਰ 7 ਮੁਹੱਲਾ ਕੁਰਾਲੀ ਵਾਲਾ ਸ੍ਰੀ ਅਨੰਦਪੁਰ ਸਾਹਿਬ ਨਾਲ ਮਿਲਕੇ ਬੱਸ ਸਟੈਂਡ ਨੇੜੇ ਚਾਏ ਹੈਕਰ ਨਾਮ ਦਾ ਕੈਫੇ ਵੀ ਚਲਾਉਂਦਾ ਹਾਂ।

ਉਨ੍ਹਾਂ ਅੱਗੇ ਦੱਸਿਆ ਕਿ ਬੀਤੀ ਰਾਤ ਮੈਂ ਆਪਣੇ ਕੈਫੇ ਨੂੰ ਬੰਦ ਕਰਾਉਣ ਲਈ ਆਪਣੇ ਦੋਸਤ ਸੁਜੈਨ ਸ਼ਾਹ ਵਾਸੀ ਮਾਂਗੇਵਾਲ ਦੇ ਨਾਲ ਕੈਫੇ ’ਤੇ ਮੌਜੂਦ ਸੀ ਅਤੇ ਉਸ ਸਮੇਂ ਤਿੰਨ ਚਾਰ ਗਾਹਕ ਕੈਫੇ ਵਿਚ ਬੈਠੇ ਸਨੈਕਸ ਵਗੈਰਾ ਖਾ ਰਹੇ ਸਨ। ਤਕਰੀਬਨ 11:30 ਵਜੇ ਸਾਡੇ ਕੈਫੇ ਦੇ ਬਾਹਰ ਦੋ ਗੱਡੀਆਂ ਆਈਆਂ, ਜਿਸ ਵਿਚੋਂ ਚਾਰ ਪੰਜ ਨੌਜਵਾਨ ਉਤਰ ਕੇ ਕੈਫੇ ਦੇ ਅੰਦਰ ਆ ਗਏ।

ਅੰਦਰ ਆਏ ਨੌਜਵਾਨਾਂ ਵਿਚ ਅਰਸ਼ੀ ਵਾਸੀ ਮਟੋਰ, ਧਰਮਵੀਰ ਉਰਫ਼ ਰਾਜਾ, ਨੀਰਜ ਵਾਸੀ ਮੀਂਢਵਾਂ, ਮਨਿੰਦਰ ਉਰਫ਼ ਮਨੀ ਅਤੇ ਵਾਸੂ ਨੇ ਆਉਂਦਿਆਂ ਹੀ ਮੇਰੇ ’ਤੇ ਕਿਰਪਾਨ ਨਾਲ ਵਾਰ ਕੀਤਾ, ਜੋ ਮੇਰੀ ਸੱਜੀ ਬਾਂਹ ਦੇ ਗੁੱਟ ਤੋਂ ਥੋੜ੍ਹਾ ਅੱਗੇ ਵੱਜਿਆ। ਫਿਰ ਰਾਜੇ ਨੇ ਆਪਣੇ ਹੱਥ ਵਿਚ ਫੜੀ ਕਿਰਪਾਨ ਦਾ ਵਾਰ ਮੇਰੇ ’ਤੇ ਕੀਤਾ ਜੋ ਮੈਂ ਇਕਦਮ ਪਿੱਛੇ ਨੂੰ ਹੋ ਗਿਆ। ਬਾਹਰ ਗੱਡੀ ਕੋਲ ਖੜੇ ਵਿਕਾਸ ਸ਼ਰਮਾ ਉਰਫ਼ ਬਿੱਲਾ ਵਾਸੀ ਗੰਗੂਵਾਲ ਅਤੇ ਵਾਸੂ ਨੇ ਇਕ ਦਮ ਆਪਣੇ ਆਪਣੇ ਹੱਥਾਂ ਵਿਚ ਫੜੇ ਰਿਵਾਲਵਰਾਂ ਨਾਲ ਮੇਰੇ 'ਤੇ ਮਾਰਨ ਦੀ ਨੀਅਤ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਪਰ ਕਿਸਮਤ ਨਾਲ ਕੋਈ ਵੀ ਫਾਇਰ ਮੇਰੇ ਨਹੀਂ ਵੱਜਿਆ ਪਰ ਜਦੋਂ ਫਾਇਰ ਚੱਲਣ ਦੀ ਆਵਾਜ਼ ਆਈ ਤਾਂ ਸੜਕ ’ਤੇ ਕਾਫ਼ੀ ਲੋਕ ਇਕੱਠੇ ਹੋ ਗਏ, ਜਿਸ ਕਰਕੇ ਇਹ ਸਾਰੇ ਹਮਲਾਵਰ ਧਮਕੀਆਂ ਦਿੰਦੇ ਹੋਏ ਆਪਣੀਆਂ-ਆਪਣੀਆਂ ਗੱਡੀਆਂ ਵਿਚ ਬੈਠ ਕੇ ਮੌਕੇ ਤੋਂ ਭੱਜ ਗਏ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com