ਸਰਹੱਦੀ ਜ਼ਿਲ੍ਹਆਂ ਦੇ ਸਕੂਲਾਂ 'ਚ ਛੁੱਟੀਆਂ ਵਧਾਉਣ ਦੀ ਉੱਠੀ ਮੰਗ

ਸਰਹੱਦੀ ਜ਼ਿਲ੍ਹਆਂ ਦੇ ਸਕੂਲਾਂ 'ਚ ਛੁੱਟੀਆਂ ਵਧਾਉਣ ਦੀ ਉੱਠੀ ਮੰਗ

ਮਾਨਸਾ,- ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ 8 ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਮੁੜ ਛੁੱਟੀਆਂ ਵਧਾਉਣ ਦੀ ਮੰਗ ਜ਼ੋਰ ਫੜਣ ਲੱਗੀ ਹੈ। ਇਨ੍ਹਾਂ ਜ਼ਿਲ੍ਹਿਆਂ ਅੰਦਰ ਹੜ੍ਹ ਲਗਾਤਾਰ ਤਬਾਹੀ ਮਚਾ ਰਹੇ ਹਨ। ਪਿੰਡਾਂ ਦੇ ਪਿੰਡਾਂ ਵਿੱਚ ਹੜ੍ਹਾਂ ਦਾ ਪਾਣੀ ਭਰ ਗਿਆ ਹੈ। ਜਿਸ ਨਾਲ ਜ਼ਿੰਦਗੀ ਅਤੇ ਆਵਾਜਾਈ ਸਾਮਾਨ ਹੋਣ ਵਿੱਚ ਹਾਲੇ ਘੱਟੋ-ਘੱਟ 15-20 ਦਿਨ ਦਾ ਸਮਾਂ ਲੱਗੇਗਾ। 

ਸਾਬਕਾ ਸੰਸਦੀ ਸਕੱਤਰ ਅਤੇ ਭਾਜਪਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹਾਂ ਨੂੰ ਦੇਖਦੇ ਹੋਏ ਸੂਬੇ ਭਰ ਦੇ ਸਕੂਲਾਂ ਵਿੱਚ 30 ਅਗਸਤ ਤੱਕ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ ਜੋ ਕਿ ਸਰਕਾਰ ਦਾ ਇੱਕ ਚੰਗਾ ਫੈਸਲਾ ਹੈ। ਪਰ ਸਰਕਾਰ ਨੂੰ ਹੁਣ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਜਿਵੇਂ ਗੁਰਦਾਸਪੁਰ, ਪਠਾਨਕੋਟ, ਤਰਨ-ਤਾਰਨ, ਅਮ੍ਰਿਤਸਰ, ਫਿਰੋਜ਼ਪੁਰ, ਹੁਸ਼ਿਆਰਪੁਰ, ਫਾਜ਼ਿਲਕਾ, ਕਪੂਰਥਲਾ ਆਦਿ ਜ਼ਿਲ੍ਹਿਆਂ ਵਿੱਚ ਇਹ ਛੁੱਟੀਆਂ ਹੋਰ ਵਧਾਉਣੀਆਂ ਚਾਹੀਦੀਆਂ ਹਨ ਕਿਉਂਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਜ਼ਿਆਦਾਤਰ ਮਾਲਵੇ ਦੇ ਮੁੰਡੇ-ਕੁੜੀਆਂ ਹੀ ਅਧਿਆਪਕ ਹਨ। ਜਿਨ੍ਹਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। 

ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਵੱਡੀ ਮਾਰ ਹੈ। ਇਨ੍ਹਾਂ ਸਰਹੱਦੀ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਪੰਜਾਬ ਭਰ ਵਿੱਚੋਂ ਖਾਸ ਕਰਕੇ ਮਾਲਵਾ ਖੇਤਰ ਵਿੱਚੋਂ ਵੱਡੀ ਤਦਾਦ ਵਿੱਚ ਅਧਿਆਪਕ ਨੌਕਰੀਆਂ ਕਰ ਰਹੇ ਹਨ। ਹੜ੍ਹਾਂ ਕਾਰਨ ਕਈ ਅਧਿਆਪਕ ਉੱਥੇ ਹੀ ਘਿਰ ਗਏ ਜੋ ਵਾਪਸ ਨਹੀਂ ਪਰਤ ਸਕੇ। ਇਨ੍ਹਾਂ ਸਰਹੱਦੀ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਹਾਲਤ ਹੋਰ ਗੰਭੀਰ ਹੋ ਗਈ ਹੈ। ਮੌਸਮ ਵਿਭਾਗ ਅਤੇ ਮੌਸਮ ਵਿਗਿਆਨੀਆਂ ਦੀ ਮੰਨੀਏ ਤਾਂ ਹਾਲੇ ਹੜ੍ਹਾਂ ਦੇ ਪਾਣੀ ਤੋਂ ਇਨ੍ਹਾਂ ਜ਼ਿਲ੍ਹਿਆਂ ਨੂੰ ਰਾਹਤ ਨਹੀਂ ਮਿਲਣ ਵਾਲੀ। ਜੇਕਰ ਡਰੇਨਾਂ ਦਾ ਪਾਣੀ ਅੱਜ ਵੀ ਰੋਕ ਲਿਆ ਜਾਵੇ ਤਾਂ ਘੱਟੋ-ਘੱਟ 15-20 ਦਿਨ ਦਰਮਿਆਨ ਜਨ-ਜੀਵਨ ਆਮ ਵਾਂਗ ਹੋ ਸਕੇਗਾ।

ਉਨ੍ਹਾਂ ਮੰਗ ਕੀਤੀ ਕਿ ਸਰਕਾਰ ਘੱਟੋ-ਘੱਟ ਇਨ੍ਹਾਂ ਸਰਹੱਦੀ ਜ਼ਿਲ੍ਹਿਆਂ ਦੇ ਸਕੂਲਾਂ ਦੀਆਂ ਛੁੱਟੀਆਂ ਵਿੱਚ ਹੋਰ ਵਾਧਾ ਕਰੇ ਤਾਂ ਜੋ ਦੂਰ-ਦੁਰਾਂਢਿਆਂ ਤੋਂ ਆਉਂਦੇ ਅਧਿਆਪਕਾਂ ਅਤੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਲਦੀ ਹੀ ਇਹ ਫੈਸਲਾ ਕਰਕੇ ਇਨ੍ਹਾਂ ਛੁੱਟੀਆਂ ਵਿੱਚ ਹੜ੍ਹਾਂ ਨੂੰ ਦੇਖਦੇ ਹੋਏ ਫੋਰੀ ਵਾਧਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਹੜ੍ਹਾਂ ਨੂੰ ਲੈ ਕੇ ਸਮੁੱਚਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਸੰਜੀਦਾ ਅਤੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਮੁਸ਼ਤੈਦ ਨਜ਼ਰ ਆ ਰਿਹਾ ਹੈ। ਜਿਨ੍ਹਾਂ ਨੂੰ ਅਸੀਂ ਸ਼ੋਸ਼ਲ ਮੀਡੀਆ ਤੇ ਵੀਡਿਓਜ਼ ਵਿੱਚ ਦੇਖ ਰਹੇ ਹਾਂ। ਪਰ ਹੜ੍ਹਾਂ ਦੇ ਖਤਰੇ ਨੂੰ ਦੇਖਦਿਆਂ ਇਨ੍ਹਾਂ ਸਕੂਲਾਂ ਵਿੱਚ ਕੀਤੀਆਂ ਛੁੱਟੀਆਂ ਵਿੱਚ ਹੋਰ ਵਾਧਾ ਕੀਤਾ ਜਾਣਾ ਜ਼ਰੂਰੀ ਹੈ, ਜਿਸ ਨਾਲ ਬੱਚੇ ਤੇ ਅਧਿਆਪਕ ਸੁਰੱਖਿਅਤ ਰਹਿ ਸਕਣਗੇ ਅਤੇ ਪਾਣੀ ਦੀ ਸਥਿਤੀ ਆਮ ਵਾਂਗ ਹੋਣ ਤੋਂ ਬਾਅਦ ਹੀ ਪੂਰਾ ਜਨ-ਜੀਵਨ ਲਾਇਨ ਤੇ ਆਉਣ ਉਪਰੰਤ ਇਹ ਸਕੂਲ ਖੋਲ੍ਹੇ ਜਾਣ।

Credit : www.jagbani.com

  • TODAY TOP NEWS