Meta ਦੇ ਇਕ ਅਲਰਟ ਨੇ ਬਚਾਈ ਵਿਦਿਆਰਥਣ ਦੀ ਜਾਨ, ਪੁਲਸ ਨੇ 16 ਮਿੰਟਾਂ 'ਚ ਨਾਕਾਮ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

Meta ਦੇ ਇਕ ਅਲਰਟ ਨੇ ਬਚਾਈ ਵਿਦਿਆਰਥਣ ਦੀ ਜਾਨ, ਪੁਲਸ ਨੇ 16 ਮਿੰਟਾਂ 'ਚ ਨਾਕਾਮ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਲਖਨਊ- ਉੱਤਰ ਪ੍ਰਦੇਸ਼ ਪੁਲਸ ਨੇ ਸੋਸ਼ਲ ਮੀਡੀਆ ਕੰਪਨੀ 'ਮੈਟਾ ਅਲਰਟ' ਵੱਲੋਂ ਜਾਰੀ ਕੀਤੇ ਅਲਰਟ ਤੋਂ ਬਾਅਦ ਸਿਰਫ਼ 16 ਮਿੰਟਾਂ ਦੇ ਅੰਦਰ ਹੀ ਇਕ ਵਿਦਿਆਰਥਣ ਦੀ ਖੁਦਕੁਸ਼ੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਇਹ ਮਾਮਲਾ ਐਤਵਾਰ ਦਾ ਹੈ ਜਦੋਂ ਬਰੇਲੀ ਜ਼ਿਲ੍ਹੇ ਦੀ 20 ਸਾਲਾ ਬੀ.ਏ. ਪਹਿਲੇ ਸਾਲ ਦੀ ਵਿਦਿਆਰਥਣ ਨੇ ਇੰਸਟਾਗ੍ਰਾਮ ‘ਤੇ ਜ਼ਹਿਰ ਦੀਆਂ ਗੋਲੀਆਂ ਦਾ ਪੈਕਟ ਅਤੇ ਖੁਦਕੁਸ਼ੀ ਕਰਨ ਦੀ ਇੱਛਾ ਜ਼ਾਹਰ ਕਰਦੇ ਹੋਏ ਪੋਸਟ ਕੀਤੀ। ਇਸ ‘ਤੇ ਮੈਟਾ ਨੇ ਤੁਰੰਤ ਹੀ ਉੱਤਰ ਪ੍ਰਦੇਸ਼ ਪੁਲਸ ਦੇ ਸੋਸ਼ਲ ਮੀਡੀਆ ਸੈਂਟਰ ਨੂੰ ਅਲਰਟ ਭੇਜਿਆ।

ਅਲਰਟ ਮਿਲਦੇ ਹੀ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਰਾਜੀਵ ਕ੍ਰਿਸ਼ਨ ਨੇ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ। ਬਰੇਲੀ ਪੁਲਸ ਨੇ ਮੈਟਾ ਵੱਲੋਂ ਦਿੱਤੇ ਮੋਬਾਈਲ ਨੰਬਰ ਰਾਹੀਂ ਵਿਦਿਆਰਥਣ ਦਾ ਪਤਾ ਲਗਾਇਆ ਅਤੇ ਸੀਬੀਗੰਜ ਥਾਣਾ ਖੇਤਰ 'ਚ ਉਸ ਦੇ ਘਰ ਪਹੁੰਚ ਗਈ। ਸਿਰਫ਼ 16 ਮਿੰਟਾਂ 'ਚ ਪੁਲਸ ਦੀ ਟੀਮ ਉਸ ਦੇ ਘਰ ਪਹੁੰਚ ਗਈ, ਜਿੱਥੇ ਉਹ ਉਲਟੀਆਂ ਕਰਦੀ ਅਤੇ ਬੇਚੈਨ ਹਾਲਤ 'ਚ ਮਿਲੀ। ਪਰਿਵਾਰ ਦੀ ਮਦਦ ਨਾਲ ਉਸ ਨੂੰ ਤੁਰੰਤ ਮੁੱਢਲੀ ਮਦਦ ਦਿੱਤੀ ਗਈ।

ਹੋਸ਼ ਆਉਣ 'ਤੇ ਵਿਦਿਆਰਥਣ ਨੇ ਦੱਸਿਆ ਕਿ ਉਸ ਦੀ ਇੰਸਟਾਗ੍ਰਾਮ 'ਤੇ ਇਕ ਨੌਜਵਾਨ ਨਾਲ ਦੋਸਤੀ ਹੋਈ ਸੀ ਜੋ ਬਾਅਦ 'ਚ ਪਿਆਰ 'ਚ ਬਦਲ ਗਈ। ਕੁਝ ਦਿਨ ਪਹਿਲਾਂ ਹੋਈ ਤਕਰਾਰ ਤੋਂ ਬਾਅਦ ਉਸ ਨੇ ਵਿਦਿਆਰਥਣ ਦਾ ਨੰਬਰ ਬਲਾਕ ਕਰ ਦਿੱਤਾ, ਜਿਸ ਕਰਕੇ ਉਹ ਪਰੇਸ਼ਾਨ ਸੀ ਅਤੇ ਜ਼ਹਿਰ ਖਾ ਲਿਆ। ਬਿਆਨ ਅਨੁਸਾਰ, ਸਮਝਾਉਣ ਤੋਂ ਬਾਅਦ ਵਿਦਿਆਰਥਣ ਨੇ ਪੁਲਸ ਨੂੰ ਭਰੋਸਾ ਦਿੱਤਾ ਕਿ ਉਹ ਮੁੜ ਅਜਿਹਾ ਨਹੀਂ ਕਰੇਗੀ। ਉਸ ਦੇ ਪਰਿਵਾਰ ਨੇ ਸਥਾਨਕ ਪੁਲਸ ਨੂੰ ਉਨ੍ਹਾਂ ਦੀ ਤੁਰੰਤ ਪ੍ਰਤੀਕਿਰਿਆ ਲਈ ਧੰਨਵਾਦ ਕੀਤਾ। 

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਪੁਲਸ ਨੇ 2022 ਤੋਂ ਮੈਟਾ ਨਾਲ ਮਿਲ ਕੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਖੁਦਕੁਸ਼ੀ ਨਾਲ ਸੰਬੰਧਤ ਪੋਸਟਾਂ ਦੇ ਆਧਾਰ ‘ਤੇ ਅਲਰਟ ਜਾਰੀ ਕਰਨ ਦੀ ਪ੍ਰਣਾਲੀ ਬਣਾਈ ਹੈ। ਇਸ ਦੀ ਮਦਦ ਨਾਲ 1 ਜਨਵਰੀ 2023 ਤੋਂ 25 ਅਗਸਤ 2025 ਤੱਕ ਪੁਲਸ ਨੇ 1,315 ਲੋਕਾਂ ਦੀ ਜ਼ਿੰਦਗੀ ਬਚਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS