ਘੱਗਰ ਦਰਿਆ ਦਾ ਪਾਣੀ ਹੋ ਸਕਦੈ 'ਆਊਟ ਆਫ ਕੰਟਰੋਲ'! ਪੰਜਾਬੀਆਂ ਲਈ ਵੱਡੇ ਖ਼ਤਰੇ ਦੀ ਘੰਟੀ

ਘੱਗਰ ਦਰਿਆ ਦਾ ਪਾਣੀ ਹੋ ਸਕਦੈ 'ਆਊਟ ਆਫ ਕੰਟਰੋਲ'! ਪੰਜਾਬੀਆਂ ਲਈ ਵੱਡੇ ਖ਼ਤਰੇ ਦੀ ਘੰਟੀ

ਸਰਦੂਲਗੜ੍ਹ/ਮਾਨਸਾ : ਪਹਾੜਾਂ ’ਚੋਂ ਆਏ ਪਾਣੀ ਨੇ ਡੈਮਾਂ ਨੂੰ ਨੱਕੋ-ਨੱਕ ਭਰ ਦਿੱਤਾ ਹੈ, ਜਦੋਂ ਕਿ ਘੱਗਰ ਦਾ ਪਾਣੀ ਹੁਣ ‘ਆਊਟ ਆਫ਼ ਕੰਟਰੋਲ’ ਹੋ ਸਕਦਾ ਹੈ। ਪੌਂਗ ਡੈਮ ’ਚ ਲੰਘੀ ਰਾਤ ਤੋਂ ਵੱਧ ਤੋਂ ਵੱਧ ਪੌਣੇ ਤਿੰਨ ਲੱਖ ਕਿਊਸਿਕ ਪਾਣੀ ਆਇਆ ਹੈ ਅਤੇ ਪੌਂਗ ਡੈਮ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ ਚਾਰ ਫੁੱਟ ਉੱਪਰ ਚਲਾ ਗਿਆ ਹੈ। ਇਸੇ ਤਰ੍ਹਾਂ ਭਾਖੜਾ ਡੈਮ ’ਚ ਲੰਘੀ ਰਾਤ ਤੋਂ ਵੱਧ ਤੋਂ ਵੱਧ 1.15 ਲੱਖ ਕਿਊਸਿਕ ਪਾਣੀ ਆਇਆ ਹੈ ਅਤੇ ਖ਼ਤਰੇ ਦੇ ਨਿਸ਼ਾਨ ਤੋਂ ਭਾਖੜਾ ਡੈਮ ’ਚ ਪਾਣੀ ਦਾ ਪੱਧਰ 2 ਫੁੱਟ ਹੇਠਾਂ ਰਹਿ ਗਿਆ ਹੈ। ਰਣਜੀਤ ਸਾਗਰ ਡੈਮ ’ਚ ਵੀ ਪਹਾੜਾਂ ’ਚੋਂ ਪਾਣੀ ਇਕ ਲੱਖ ਕਿਊਸਿਕ ਤੋਂ ਜ਼ਿਆਦਾ ਆਉਣ ਲੱਗਿਆ ਹੈ। ਬੀਤੇ ਦਿਨ ਘੱਗਰ ’ਚ ਇਕਦਮ 35,208 ਕਿਊਸਿਕ ਪਾਣੀ ਹੋਰ ਆਇਆ ਹੈ। ਸਰਦੂਲਗੜ੍ਹ ਕੋਲ ਘੱਗਰ ’ਚ ਪਾਣੀ ਦਾ ਪੱਧਰ 21 ਫੁੱਟ ਦੇ ਕਰੀਬ ਚੱਲ ਰਿਹਾ ਹੈ। ਘੱਗਰ ’ਚ ਆਏ ਉਛਾਲ ਕਾਰਨ ਪਟਿਆਲਾ, ਸੰਗਰੂਰ ਤੇ ਮਾਨਸਾ ’ਚ ਅਲਰਟ ਜਾਰੀ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਸਰਦੂਲਗੜ੍ਹ ਵਿਚੋਂ ਦੀ ਲੰਘਦੇ ਘੱਗਰ ਦਰਿਆ ’ਚ ਪਾਣੀ ਵੱਧਣ ਕਾਰਨ ਇਸ ਵੇਲੇ ਲੋਕ ਡਰੇ ਅਤੇ ਸਹਿਮੇ ਹੋਏ ਹਨ। ਹਾਲਾਂਕਿ ਪ੍ਰਸ਼ਾਸ਼ਨ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਡਰ ਭੈਅ ਵਿਚ ਨਾ ਹੋਣ ਦੀ ਗੱਲ ਕਹਿ ਰਿਹਾ ਹੈ ਪਰ ਪਾਣੀ ਦਾ ਪੱਧਰ ਲੋਕਾਂ ਨੂੰ ਡਰਾ ਰਿਹਾ ਹੈ। 2 ਦਿਨਾਂ ਵਿਚ ਘੱਗਰ 3 ਫੁੱਟ ਚੜ੍ਹਿਆ ਹੈ। ਹੁਣ ਇਸ ਵੇਲੇ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ 4 ਫੁੱਟ ਥੱਲੇ ਹੈ। ਇਸ ਦੇ ਨਾਲ ਖਨੌਰੀ ਅਤੇ ਚਾਂਦਪੁਰਾ ਬੰਨ੍ਹ ’ਤੇ ਵੀ ਪਾਣੀ ਵਧਿਆ ਹੈ। ਤੇਜ਼ ਵਹਿ ਰਹੇ ਘੱਗਰ ਦੇ ਇਸ ਪਾਣੀ ਨੇ ਲੋਕਾਂ ਦੇ ਸਾਹ ਸੂਤ ਦਿੱਤੇ ਹਨ। ਪਹਾੜਾਂ ’ਚ ਪੈ ਰਹੇ ਮੀਂਹ ਦਾ ਪਾਣੀ ਦੂਜੇ ਦਿਨ ਘੱਗਰ ’ਚ ਚਾਂਦਪੁਰਾ ਬੰਨ੍ਹ ਤੇ ਸਰਦੂਲਗੜ੍ਹ ਪਹੁੰਚਦਾ ਹੈ।

ਪਹਾੜਾਂ ਵਿਚ ਬੀਤੇ ਦਿਨ ਪਏ ਮੀਂਹ ਦਾ ਪਾਣੀ ਅਜੇ ਘੱਗਰ ਦੇ ਪਾਣੀ ਨੂੰ ਹੋਰ ਚੜ੍ਹਾ ਸਕਦਾ ਹੈ। ਇਸ ਡਰ ਤੋਂ ਸਹਿਮੇ ਲੋਕ ਆਪਣੇ ਖੇਤ ਅਤੇ ਘਰ ਬਚਾਉਣ ਲਈ ਠੀਕਰੀ ਪਹਿਰੇ ’ਤੇ ਬੈਠੇ ਹਨ ਅਤੇ ਘੱਗਰ ਦੇ ਕਿਨਾਰੇ ਮਿੱਟੀ ਪਾ ਕੇ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ। ਉਧਰ ਮੌਸਮ ਵਿਗਿਆਨੀਆਂ ਅਨੁਸਾਰ ਭਾਵੇਂ 20 ਸਤੰਬਰ ਤੱਕ ਮੀਂਹ ਦਾ ਮੌਸਮ ਹੈ ਪਰ ਵੀਰਵਾਰ ਤੋਂ ਬਾਅਦ ਬਹੁਤੇ ਮੀਂਹ ਪੈਣੇ ਬੰਦ ਹੋ ਜਾਣਗੇ। ਜਿਸ ਨਾਲ ਘੱਗਰ ਅਤੇ ਹੋਰ ਥਾਵਾਂ ’ਤੇ ਭਰਿਆ ਪਾਣੀ ਘੱਟਣ ਦੀ ਸੰਭਾਵਨਾ ਹੈ। ਵਿਗਿਆਨੀਆਂ ਅਨੁਸਾਰ ਆਉਂਦੇ ਦਿਨਾਂ ’ਚ ਰੁਕ-ਰੁਕ ਕੇ ਮੌਸਮੀ ਵਰਖਾ ਹੁੰਦੀ ਰਹੇਗੀ ਪਰ ਮੋਹਲੇਧਾਰ ਵਰਖਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਸਰਦੂਲਗੜ੍ਹ, ਚਾਂਦਪੁਰਾ ਬੰਨ੍ਹ ਤੇ ਹੋਰ ਘੱਗਰ ਦੇ ਥਾਵਾਂ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਚੌਕਸੀ ਅਤੇ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਹੋਏ ਹਨ ਅਤੇ ਉਹ ਘੱਗਰ ਦੇ ਪਾਣੀ ਦੀ ਰਿਪੋਰਟ ਲਗਾਤਾਰ ਲੈ ਰਹੇ ਹਨ। ਘੱਗਰ ਬਚਾਓ ਸੰਘਰਸ਼ ਕਮੇਟੀ ਦੇ ਆਗੂ ਡਾ. ਬਿੱਕਰਜੀਤ ਸਿੰਘ ਸਾਧੂਵਾਲਾ ਨੇ ਦੱਸਿਆ ਕਿ ਮੀਂਹ ਪੈਣੇ ਲਗਭਗ ਬੰਦ ਹੋ ਜਾਣਗੇ ਅਤੇ ਇਸ ਤੋਂ ਬਾਅਦ ਮੌਸਮੀ ਵਰਖਾ ਹੀ ਹੋਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Credit : www.jagbani.com

  • TODAY TOP NEWS