ਚੰਡੀਗੜ੍ਹ: ਪੰਜਾਬ ਵਿਚ ਹੜ੍ਹਾਂ ਦੀ ਤਬਾਹੀ ਤੋਂ ਬਾਅਦ ਕੁਝ ਦਿਨ ਦੀ ਗਰਮੀ ਮਗਰੋਂ ਮੀਂਹ ਨੇ ਇਕ ਵਾਰ ਫ਼ਿਰ ਦਸਤਕ ਦਿੱਤੀ ਹੈ। ਪਿਛਲੇ 2 ਦਿਨ ਤੋਂ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਇਸ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਇਹ ਮੁਸੀਬਤ ਦਾ ਸਬੱਬ ਵੀ ਬਣਦੀ ਜਾ ਰਹੀ ਹੈ। ਮੌਸਮ ਵਿਭਾਗ ਦੀਆਂ ਭਵਿੱਖਬਾਣੀਆਂ ਅਤੇ ਤਾਜ਼ਾ ਹਾਲਾਤ ਦੇ ਮੱਦੇਨਜ਼ਰ ਡੈਮਾਂ ਵਿਚ ਪਾਣੀ ਦਾ ਪੱਧਰ ਕਾਬੂ ਵਿਚ ਰੱਖਣ ਲਈ ਉੱਥੋਂ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਕਈ ਇਲਾਕਿਆਂ ਵਿਚ ਫ਼ਿਰ ਤੋਂ ਪਾਣੀ ਖੇਤਾਂ ਅੰਦਰ ਦਾਖ਼ਲ ਹੋ ਗਿਆ ਹੈ। ਇੱਥੋਂ ਤਕ ਕਿ ਪੱਟੀ ਦੇ ਪਿੰਡ ਸਭਰਾਂ ਨੇੜੇ ਇਕ ਬੰਨ੍ਹ ਟੁੱਟਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ! ਬਿਮਾਰ ਮਾਪਿਆਂ ਲਈ ਫ਼ਿਕਰਮੰਦ ਕੁੜੀ ਨਾਲ ਹੋ ਗਈ ਜੱਗੋਂ-ਤੇਰ੍ਹਵੀਂ
ਇਸ ਸਾਲ ਪਹਿਲਾਂ ਹੜ੍ਹਾਂ ਨੇ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਕੀਤਾ, ਉਸ ਤੋਂ ਬਾਅਦ ਚਾਈਨੀਜ਼ ਵਾਇਰਸ ਨੇ ਫ਼ਸਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਤੇ ਹੁਣ ਬਰਸਾਤ ਨੇ ਅੰਨਦਾਤਾ ਨੂੰ ਇਕ ਵਾਰ ਫ਼ਿਰ ਫ਼ਿਕਰਾਂ ਵਿਚ ਪਾ ਦਿੱਤਾ ਹੈ। ਇਸ ਵੇਲੇ ਜਦੋਂ ਫ਼ਸਲਾਂ ਦੀ ਵਾਢੀ ਅਤੇ ਮੰਡੀਆਂ ਵਿਚ ਵੇਚਣ ਦਾ ਸੀਜ਼ਨ ਚੱਲ ਰਿਹਾ ਹੈ, ਉਸ ਵੇਲੇ ਬਾਰਿਸ਼ ਵੱਡੀਆਂ ਮੁਸੀਬਤਾਂ ਖੜ੍ਹੀਆਂ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਬਾਰਿਸ਼ ਕਾਰਨ ਮੁਕਤਸਰ, ਫ਼ਿਰੋਜ਼ਪੁਰ, ਅਤੇ ਫ਼ਾਜ਼ਿਲਕਾ ਵਿਚ ਕਈ ਥਾਵਾਂ 'ਤੇ ਫ਼ਸਲਾਂ ਵਿਛ ਗਈਆਂ ਹਨ। ਡੈਮਾਂ ਤੋਂ ਛੱਡੇ ਗਏ ਪਾਣੀ ਕਾਰਨ ਤਰਨਤਾਰਨ ਅਤੇ ਹੁਸ਼ਿਆਰਪੁਰ ਦੇ ਖੇਤਾਂ ਵਿਚ ਪਾਣੀ ਦਾਖਲ ਹੋ ਗਿਆ ਹੈ। ਇਸ ਦੇ ਨਾਲ ਹੀ ਸ੍ਰੀ ਹਰਗੋਬਿੰਦਪੁਰ ਵਿਚ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਇੱਕ ਵਾਰ ਫਿਰ ਵਧਣ ਕਾਰਨ ਤਲਵਾੜਾ ਪਿੰਡ ਦੇ ਖੇਤਾਂ ਵਿੱਚ ਵੀ ਪਾਣੀ ਭਰ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੁਲਸ ਵੱਲੋਂ ਐਨਕਾਊਂਟਰ ਕੀਤੇ ਵਿੱਕੀ ਨਿਹੰਗ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸੇ
ਦੂਜੇ ਪਾਸੇ ਮੰਡੀਆਂ ਵਿਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੀ ਸਥਿਤੀ ਵੀ ਚਿੰਤਾਜਨਕ ਹੈ। ਸੋਮਵਾਰ ਨੂੰ ਅਨਾਜ ਮੰਡੀਆਂ ਵਿਚ 61,553 ਮੀਟ੍ਰਿਕ ਟਨ ਝੋਨਾ ਆਇਆ। ਹੁਣ ਤੱਕ ਲਗਭਗ 8.24 ਲੱਖ ਮੀਟ੍ਰਿਕ ਟਨ ਝੋਨਾ ਮੰਡੀਆਂ ਵਿਚ ਪਹੁੰਚ ਚੁੱਕਿਆ ਹੈ, ਜਿਸ ਵਿੱਚੋਂ 7.72 ਲੱਖ ਮੀਟ੍ਰਿਕ ਟਨ ਦੀ ਖਰੀਦ ਹੋ ਚੁੱਕੀ ਹੈ, ਪਰ 4.41 ਲੱਖ ਮੀਟ੍ਰਿਕ ਟਨ ਝੋਨਾ ਅਜੇ ਵੀ ਖੁੱਲ੍ਹੇ ਵਿਚ ਹੀ ਪਿਆ ਹੈ। ਸਭ ਤੋਂ ਵੱਧ ਅਨਲਿਫਟਿੰਗ ਵਾਲੇ ਜ਼ਿਲ੍ਹਿਆਂ ਵਿਚ ਤਰਨਤਾਰਨ (59287.06 ਮੀਟ੍ਰਿਕ ਟਨ), ਕਪੂਰਥਲਾ (45649.72 ਮੀਟ੍ਰਿਕ ਟਨ), ਅੰਮ੍ਰਿਤਸਰ (42579.03 ਮੀਟ੍ਰਿਕ ਟਨ), ਫ਼ਤਹਿਗੜ੍ਹ ਸਾਹਿਬ (41205.87 ਮੀਟ੍ਰਿਕ ਟਨ) ਅਤੇ ਜਲੰਧਰ (36044.24 ਮੀਟ੍ਰਿਕ ਟਨ) ਸ਼ਾਮਲ ਹਨ। ਉੱਥੇ ਹੀ ਮੌਸਮ ਵਿਭਾਗ ਨੇ ਅੱਜ ਵੀ ਸੂਬੇ ਵਿਚ ਕਈ ਥਾਵਾਂ 'ਤੇ ਬਾਰਿਸ਼ ਹੋਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਆਸਾਰ ਪ੍ਰਗਟਾਏ ਹਨ, ਜਿਸ ਕਾਰਨ ਮੰਡੀਆਂ ਵਿਚ ਪਏ ਝੋਨੇ ਤੇ ਖੇਤਾਂ ਵਿਚ ਤਿਆਰ ਖੜ੍ਹੀ ਫ਼ਸਲ ਨੂੰ ਲੈ ਕੇ ਕਿਸਾਨ ਕਾਫ਼ੀ ਫ਼ਿਕਰਮੰਦ ਹਨ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
Credit : www.jagbani.com