ਕੋਲਕਾਤਾ,- ਦੇਸ਼ ਦੇ ਸਭ ਤੋਂ ਪੁਰਾਣੇ ਸਟਾਕ ਐਕਸਚੇਂਜ ’ਚੋਂ ਇਕ ਕਲਕੱਤਾ ਸਟਾਕ ਐਕਸਚੇਂਜ (ਸੀ. ਐੱਸ. ਈ.) ਇਸ ਸਾਲ 20 ਅਕਤੂਬਰ ਨੂੰ ਸੰਭਾਵੀ ਆਪਣੀ ਆਖਰੀ ‘ਕਾਲੀ ਪੂਜਾ’ ਅਤੇ ‘ਦੀਵਾਲੀ’ ਮਨਾਏਗਾ। ਇਕ ਦਹਾਕੇ ਚੱਲੀ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਐਕਸਚੇਂਜ ਦੀ ਸਵੈ-ਇੱਛੁਕ ਰੂਪ ਨਾਲ ਸੰਚਾਲਨ ਬੰਦ ਕਰਨ ਦੀ ਪ੍ਰਕਿਰਿਆ ਲੱਗਭਗ ਪੂਰੀ ਹੋਣ ਵਾਲੀ ਹੈ।
ਰੈਗੂਲੇਟਰੀ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਅਪ੍ਰੈਲ, 2013 ’ਚ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਸੀ. ਐੱਸ. ਈ. ’ਚ ਕਾਰੋਬਾਰ ਮੁਅੱਤਲ ਕਰ ਦਿੱਤਾ ਸੀ। ਸੰਚਾਲਨ ਨੂੰ ਫਿਰ ਸ਼ੁਰੂ ਕਰਨ ਅਤੇ ਅਦਾਲਤਾਂ ’ਚ ਸੇਬੀ ਦੇ ਨਿਰਦੇਸ਼ਾਂ ਦਾ ਵਿਰੋਧ ਕਰਨ ਦੀਆਂ ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ, ਐਕਸਚੇਂਜ ਨੇ ਹੁਣ ਕਾਰੋਬਾਰ ਤੋਂ ਹੱਟਣ ਅਤੇ ਆਪਣੇ ਸਟਾਕ ਐਕਸਚੇਂਜ ਲਾਇਸੈਂਸ ਨੂੰ ਸਵੈ-ਇੱਛੁਕ ਰੂਪ ਨਾਲ ਵਾਪਸ ਦੇਣ ਦਾ ਫੈਸਲਾ ਕੀਤਾ ਹੈ। ਸ਼ੇਅਰ ਬਾਜ਼ਾਰ ਕਾਰੋਬਾਰ ਤੋਂ ਹੱਟਣ ਦੇ ਸਬੰਧ ’ਚ 25 ਅਪ੍ਰੈਲ, 2025 ਦੀ ਗੈਰ-ਮਾਮੂਲੀ ਆਮ ਸਭਾ ਰਾਹੀਂ ਸ਼ੇਅਰਧਾਰਕਾਂ ਤੋਂ ਵੀ ਮਨਜ਼ੂਰੀ ਪ੍ਰਾਪਤ ਕਰ ਲਈ ਗਈ ਹੈ।
ਇਸ ਤੋਂ ਬਾਅਦ ਸੀ. ਐੱਸ. ਈ. ਨੇ ਸੇਬੀ ਨੂੰ ਕਾਰੋਬਾਰ ਤੋਂ ਹੱਟਣ ਦੀ ਅਪੀਲ ਕੀਤੀ ਹੈ। ਰੈਗੂਲੇਟਰੀ ਨੇ ਸਟਾਕ ਐਕਸਚੇਂਜ ਦੇ ਮੁਲਾਂਕਣ ਲਈ ਇਕ ਮੁਲਾਂਕਣ ਏਜੰਸੀ ਨਿਯੁਕਤ ਕੀਤੀ ਹੈ, ਜਿਸ ਦਾ ਕੰਮ ਅਜੇ ਚੱਲ ਰਿਹਾ ਹੈ।’’
ਸੀ. ਐੱਸ. ਈ. ਦੇ ਚੇਅਰਮੈਨ ਦੀਪਾਂਕਰ ਬੋਸ ਨੇ ਕਿਹਾ ਕਿ ਸੇਬੀ ਵੱਲੋਂ ਸਟਾਕ ਐਕਸਚੇਂਜ ਕਾਰੋਬਾਰ ਲਈ ਬਾਹਰ ਨਿਕਲਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸੀ. ਐੱਸ. ਈ. ਇਕ ਹੋਲਡਿੰਗ ਕੰਪਨੀ ਦੇ ਰੂਪ ’ਚ ਕਾਰਜ ਕਰੇਗਾ, ਜਦੋਂਕਿ ਇਸ ਦੀ 100 ਫੀਸਦੀ ਮਾਲਕੀ ਵਾਲੀ ਸਹਾਇਕ ਕੰਪਨੀ, ਸੀ. ਐੱਸ. ਈ. ਕੈਪੀਟਲ ਮਾਰਕੀਟਸ ਪ੍ਰਾਈਵੇਟ ਲਿਮਟਿਡ (ਸੀ. ਸੀ. ਐੱਮ. ਪੀ. ਐੱਲ.), ਐੱਨ. ਐੱਸ. ਈ. ਅਤੇ ਬੀ. ਐੱਸ. ਈ. ਦੇ ਮੈਂਬਰ ਦੇ ਰੂਪ ’ਚ ਬ੍ਰੋਕਿੰਗ ਜਾਰੀ ਰੱਖੇਗੀ।
Credit : www.jagbani.com