ਸਪੋਰਟਸ ਡੈਸਕ- ਬੀਤੇ ਦਿਨ ਜਿੱਥੇ ਭਾਰਤ ਨੂੰ ਆਸਟ੍ਰੇਲੀਆ ਹੱਥੋਂ ਵਨਡੇ ਲੜੀ ਦੇ ਪਹਿਲੇ ਮੁਕਾਬਲੇ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਭਾਰਤੀ ਟੀਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਾਰਤੀ ਕ੍ਰਿਕਟਰ ਪਰਵੇਜ਼ ਰਸੂਲ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਜੰਮੂ-ਕਸ਼ਮੀਰ ਤੋਂ ਇੰਟਰਨੈਸ਼ਨਲ ਕ੍ਰਿਕਟ ਖੇਡਣ ਵਾਲੇ ਅਤੇ IPL ਵਿੱਚ ਜਗ੍ਹਾ ਬਣਾਉਣ ਵਾਲੇ ਵੀ ਪਹਿਲੇ ਕ੍ਰਿਕਟਰ ਬਣੇ ਸਨ। 36 ਸਾਲਾ ਰਸੂਲ ਨੇ ਆਪਣੇ ਸੰਨਿਆਸ ਦੀ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਦੇ ਦਿੱਤੀ ਹੈ।
ਸਾਲ 2012-13 ਦੇ ਸੀਜ਼ਨ ਵਿੱਚ ਜੰਮੂ-ਕਸ਼ਮੀਰ ਲਈ ਉਨ੍ਹਾਂ ਦੇ ਪ੍ਰਦਰਸ਼ਨ (594 ਦੌੜਾਂ ਅਤੇ 33 ਵਿਕਟਾਂ) ਤੋਂ ਬਾਅਦ ਉਨ੍ਹਾਂ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। IPL ਵਿੱਚ ਉਨ੍ਹਾਂ ਨੂੰ ਪੁਣੇ ਵਾਰੀਅਰਜ਼ ਫ੍ਰੈਂਚਾਈਜ਼ੀ ਨਾਲ ਜੁੜਨ ਦਾ ਮੌਕਾ ਮਿਲਿਆ ਸੀ।
ਰਸੂਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਖੇਡਣਾ ਸ਼ੁਰੂ ਕੀਤਾ ਸੀ, ਤਾਂ ਬਹੁਤ ਸਾਰੇ ਲੋਕ ਜੰਮੂ-ਕਸ਼ਮੀਰ ਕ੍ਰਿਕਟ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਸਨ, ਪਰ ਉਨ੍ਹਾਂ ਨੇ ਵੱਡੀਆਂ-ਵੱਡੀਆਂ ਟੀਮਾਂ ਨੂੰ ਹਰਾਇਆ ਅਤੇ ਇਸ ਸਫਲਤਾ ਦੀ ਕਹਾਣੀ ਦਾ ਹਿੱਸਾ ਬਣਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਸੰਨਿਆਸ ਤੋਂ ਬਾਅਦ ਹੁਣ ਉਨ੍ਹਾਂ ਦਾ ਟੀਚਾ ਫੁੱਲ-ਟਾਈਮ ਕੋਚਿੰਗ ਦੇਣਾ ਹੈ। ਉਨ੍ਹਾਂ ਨੇ ਹਾਲ ਹੀ ਵਿੱਚ BCCI ਸੈਂਟਰ ਆਫ਼ ਐਕਸੀਲੈਂਸ ਤੋਂ ਲੈਵਲ-II ਕੋਚਿੰਗ ਸਰਟੀਫਿਕੇਟ ਪ੍ਰਾਪਤ ਕੀਤਾ ਹੈ, ਅਤੇ ਉਹ ਨੌਜਵਾਨ ਕ੍ਰਿਕਟਰਾਂ ਨੂੰ ਮਾਰਗਦਰਸ਼ਨ ਦੇਣ ਅਤੇ ਵਿਦੇਸ਼ੀ ਲੀਗਾਂ ਵਿੱਚ ਹਿੱਸਾ ਲੈਣ 'ਤੇ ਨਜ਼ਰ ਰੱਖ ਰਹੇ ਹਨ।
Credit : www.jagbani.com