ਰਾਜਸਥਾਨ — ਆਦਿਵਾਸੀ ਬਹੁਲ ਬਾਂਸਵਾੜਾ ਜ਼ਿਲ੍ਹੇ ‘ਚ ਇੱਕ ਵਾਰ ਫਿਰ ਸੋਨੇ ਦੀ ਖਾਨ ਮਿਲਣ ਦੀ ਪੁਸ਼ਟੀ ਹੋਈ ਹੈ। ਇਹ ਖ਼ਬਰ ਆਉਣ ਨਾਲ ਪੂਰਾ ਇਲਾਕਾ ਚਰਚਾ ‘ਚ ਹੈ ਅਤੇ ਬਾਂਸਵਾੜਾ ਹੁਣ ਦੇਸ਼ ਦਾ ‘ਸੋਨੇ ਦਾ ਗੜ੍ਹ’ (Gold Hub) ਬਣਦਾ ਜਾ ਰਿਹਾ ਹੈ।
ਘਾਟੋਲ ਖੇਤਰ ਦੇ ਕਾਂਕੜੀਆ ਪਿੰਡ ‘ਚ ਮਿਲੀ ਤੀਜੀ ਸੋਨੇ ਦੀ ਖਾਨ
ਭੂ-ਵਿਗਿਆਨਕ ਟੀਮ ਨੂੰ ਕਾਂਕੜੀਆ ਪਿੰਡ ਦੇ ਤਿੰਨ ਕਿਲੋਮੀਟਰ ਲੰਬੇ ਖੇਤਰ ‘ਚ ਸੋਨੇ ਦੇ ਸੰਭਾਵਿਤ ਭੰਡਾਰ ਦੇ ਪੱਕੇ ਸਬੂਤ ਮਿਲੇ ਹਨ। ਇਹ ਜ਼ਿਲ੍ਹੇ ਦੀ ਤੀਜੀ ਸੋਨੇ ਦੀ ਖਾਨ ਹੋਵੇਗੀ। ਜਲਦੀ ਹੀ ਮਾਈਨਿੰਗ ਲਾਇਸੈਂਸ ਜਾਰੀ ਹੋਣ ਤੋਂ ਬਾਅਦ ਮਾਈਨਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਬਾਂਸਵਾੜਾ ਦੇ ਘਾਟੋਲ ਖੇਤਰ ਦੇ ਜਗਪੁਰੀਆ ਤੇ ਭੂਕੀਆ ਖੇਤਰਾਂ ‘ਚ ਸੋਨੇ ਦੀਆਂ ਖਾਨਾਂ ਦੀ ਪੁਸ਼ਟੀ ਹੋ ਚੁੱਕੀ ਹੈ।
ਪਹਿਲਾਂ ਵੀ ਮਿਲ ਚੁੱਕਾ ਸੋਨਾ
ਰਾਜਸਥਾਨ ਸਰਕਾਰ ਨੇ ਪਿਛਲੇ ਸਾਲ ਭੂਕੀਆ-ਜਗਪੁਰਾ ਖਣਨ ਬਲਾਕ ਦੀ ਨਿਲਾਮੀ ਕੀਤੀ ਸੀ, ਜਿਸਦਾ ਲਾਇਸੈਂਸ ਰਤਲਾਮ ਦੀ ਇੱਕ ਫ਼ਰਮ ਨੂੰ ਮਿਲਿਆ ਸੀ। ਪਰ ਜਮਾਂ ਰਕਮ ਨਾ ਭਰਨ ਕਾਰਨ ਉਹ ਟੈਂਡਰ ਰੱਦ ਕਰ ਦਿੱਤਾ ਗਿਆ ਸੀ। ਹੁਣ ਸਰਕਾਰ ਨੇ ਦੁਬਾਰਾ ਨਵੇਂ ਟੈਂਡਰ ਜਾਰੀ ਕੀਤੇ ਹਨ। 3 ਨਵੰਬਰ ਨੂੰ ਇਨ੍ਹਾਂ ਟੈਂਡਰਾਂ ਦੀ ਬੋਲੀ ਖੋਲੀ ਜਾਵੇਗੀ ਅਤੇ ਜਿਸ ਕੰਪਨੀ ਵੱਲੋਂ ਸਭ ਤੋਂ ਵੱਧ ਰੈਵਨਿਊ ਦੀ ਪੇਸ਼ਕਸ਼ ਹੋਵੇਗੀ, ਉਸਨੂੰ ਮਾਈਨਿੰਗ ਦਾ ਲਾਇਸੈਂਸ ਜਾਰੀ ਕੀਤਾ ਜਾਵੇਗਾ।
ਬਾਂਸਵਾੜਾ ਬਣੇਗਾ ਸੋਨੇ ਦਾ ਕੇਂਦਰ
ਜਦੋਂ ਇਹ ਖਾਨਾਂ ਪੂਰੀ ਤਰ੍ਹਾਂ ਚਾਲੂ ਹੋਣਗੀਆਂ ਤਾਂ ਰਾਜਸਥਾਨ ਦਾ ਬਾਂਸਵਾੜਾ ਦੇਸ਼ ਦੇ ਉਹਨਾਂ ਚਾਰ ਸੂਬਿਆਂ ‘ਚ ਸ਼ਾਮਲ ਹੋ ਜਾਵੇਗਾ ਜਿੱਥੇ ਸੋਨੇ ਦੀ ਖਾਨ ਹੁੰਦੀ ਹੈ। ਅੰਦਾਜ਼ਾ ਹੈ ਕਿ ਇਹ ਜ਼ਿਲ੍ਹਾ ਦੇਸ਼ ਦੀ ਕੁੱਲ ਸੋਨੇ ਦੀ ਮੰਗ ਦਾ ਲਗਭਗ 25% ਹਿੱਸਾ ਪੂਰਾ ਕਰਨ ਦੀ ਸਮਰੱਥਾ ਰੱਖੇਗਾ।
ਕਿੰਨਾ ਸੋਨਾ ਮਿਲਣ ਦੀ ਉਮੀਦ?
ਭੂ-ਵਿਗਿਆਨਕ ਵਿਸ਼ਲੇਸ਼ਣ ਅਨੁਸਾਰ, 940 ਹੈਕਟੇਅਰ ਖੇਤਰ ਵਿੱਚ ਲਗਭਗ 113.52 ਮਿਲੀਅਨ ਟਨ ਸੋਨੇ ਦਾ ਅਯਸਕ (ore) ਮੌਜੂਦ ਹੈ, ਜਿਸ ਵਿੱਚ 222.39 ਟਨ ਸ਼ੁੱਧ ਸੋਨਾ ਹੋਣ ਦਾ ਅੰਦਾਜ਼ਾ ਹੈ। ਇਸ ਤੋਂ ਇਲਾਵਾ ਕਾਂਕੜੀਆ-ਗਾਰਾ ਖੇਤਰ ਵਿੱਚ ਵੀ 205 ਹੈਕਟੇਅਰ ‘ਚ 1.24 ਮਿਲੀਅਨ ਟਨ ਸੋਨੇ ਦਾ ਸੰਭਾਵਿਤ ਭੰਡਾਰ ਮੌਜੂਦ ਹੈ।
ਨਵੇਂ ਉਦਯੋਗ ਅਤੇ ਰੋਜ਼ਗਾਰ ਦੇ ਮੌਕੇ
ਬਾਂਸਵਾੜਾ ‘ਚ ਸੋਨੇ ਦੀ ਖਾਨ ਸ਼ੁਰੂ ਹੋਣ ਨਾਲ ਇਲੈਕਟ੍ਰਾਨਿਕਸ, ਪੈਟਰੋਲਿਅਮ, ਪੈਟ੍ਰੋਕੈਮਿਕਲ, ਬੈਟਰੀ ਤੇ ਏਅਰਬੈਗ ਉਦਯੋਗਾਂ ‘ਚ ਨਿਵੇਸ਼ ਵਧਣ ਦੀ ਉਮੀਦ ਹੈ। ਇਸ ਨਾਲ ਸੈਂਕੜਿਆਂ ਨੌਜਵਾਨਾਂ ਨੂੰ ਸਿੱਧਾ ਤੇ ਅਪਰੋਕਸ਼ ਰੂਪ ‘ਚ ਰੋਜ਼ਗਾਰ ਦੇ ਮੌਕੇ ਮਿਲਣਗੇ ਅਤੇ ਇਲਾਕੇ ਦੀ ਅਰਥਵਿਵਸਥਾ ਨੂੰ ਨਵੀਂ ਰਫ਼ਤਾਰ ਮਿਲੇਗੀ।
Credit : www.jagbani.com