ਜਲੰਧਰ: ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਦਾ ਦੌਰ ਸਿਖਰਾਂ 'ਤੇ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਜਿੱਤਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਇਸ ਦੌਰਾਨ ਇਕ ਦੂਜੇ ਖ਼ਿਲਾਫ਼ ਬਿਆਨਬਾਜ਼ੀਆਂ ਦਾ ਦੌਰ ਵੀ ਸਿਖਰਾਂ 'ਤੇ ਹੈ। ਇਸੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੱਜੇ-ਖੱਬੇ ਰਹਿਣ ਵਾਲਿਆਂ ਦੀ ਦਗ਼ਾ ਨੂੰ ਲੈ ਕੇ ਵੱਡੀਆਂ ਗੱਲਾਂ ਆਖ਼ੀਆਂ ਹਨ।
ਇਹ ਖ਼ਬਰ ਵੀ ਪੜ੍ਹੋ - 'ਧਰਮੀ ਫ਼ੌਜੀ' ਵਾਲੀ ਗੱਲ 'ਤੇ ਸੁਖਬੀਰ ਦਾ ਰਾਜਾ ਵੜਿੰਗ ਨੂੰ ਤਿੱਖਾ ਜਵਾਬ, ਆਖ਼ ਗਏ ਵੱਡੀਆਂ ਗੱਲਾਂ
'ਜਗ ਬਾਣੀ' ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਜਦੋਂ ਇਕ ਸਮੇਂ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਡਿੰਪੀ ਢਿੱਲੋਂ ਹਰਮੀਤ ਸਿੰਘ ਸੰਧੂ ਦੇ ਛੱਡ ਜਾਣ ਦੀ ਗੱਲ ਹੋਈ ਤਾਂ ਸੁਖਬੀਰ ਬਾਦਲ ਨੇ ਇਸ ਨੂੰ ਚੰਗੀ ਚੀਜ਼ ਹੀ ਦੱਸਿਆ। ਸੁਖਬੀਰ ਨੇ ਕਿਹਾ ਕਿ ਇਹ ਵੀ ਪਰਮਾਤਮਾ ਦੀ ਬਖ਼ਸ਼ਿਸ਼ ਹੈ। ਜਿਹੜੇ ਲੋਕਾਂ ਕਰ ਕੇ ਅਕਾਲੀ ਦਲ ਦਾ ਨੁਕਸਾਨ ਹੋਇਆ, ਰੱਬ ਆਪ ਹੀ ਉਨ੍ਹਾਂ ਨੂੰ ਬਾਹਰ ਭੇਜੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਕੰਮ ਮੈਂ ਨਹੀਂ ਕਰ ਸਕਦਾ ਸੀ, ਉਹ ਰੱਬ ਹੀ ਕਰੀ ਜਾਂਦਾ ਹੈ। ਜਦੋਂ ਦੇ ਉਹ ਲੋਕ ਗਏ ਹਨ, ਅਕਾਲੀ ਦਲ ਮਜ਼ਬੂਤ ਹੋਣ ਲੱਗ ਪਿਆ। ਉਨ੍ਹਾਂ ਲੋਕਾਂ ਦੀ ਸਾਖ਼ ਮਾੜੀ ਸੀ ਤੇ ਹੁਣ ਜਿਹੜੀਆਂ ਵੀ ਪਾਰਟੀਆਂ ਵਿਚ ਜਾਣਗੇ, ਉਨ੍ਹਾਂ ਪਾਰਟੀਆਂ ਨੂੰ ਖ਼ਤਮ ਕਰ ਦੇਣਗੇ।
ਇਹ ਖ਼ਬਰ ਵੀ ਪੜ੍ਹੋ - ਜਿੰਨੇ ਵੀ ਨਵੇਂ ਅਕਾਲੀ ਦਲ ਬਣਨਗੇ, ਸਾਰੇ ਹੀ ਨਕਾਰੇ ਜਾਣਗੇ: ਸੁਖਬੀਰ ਬਾਦਲ
ਹਰਮੀਤ ਸੰਧੂ ਵੱਲੋਂ ਸੁਖਬੀਰ 'ਤੇ ਸਿਰਫ਼ ਆਪਣੇ ਸੱਜੇ-ਖੱਬੇ ਰਹਿਣ ਵਾਲਿਆਂ ਦੀ ਗੱਲ ਸੁਣਨ ਦੇ ਲਾਏ ਦੋਸ਼ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਹਰਮੀਤ ਸੰਧੂ ਵੀ ਇਕ ਸਮੇਂ ਉਨ੍ਹਾਂ ਵਿਚੋਂ ਹੀ ਇਕ ਸੀ। ਉਨ੍ਹਾਂ ਕਿਹਾ ਕਿ ਉਸ ਨੂੰ ਮੈਂ ਕਦੇ ਕਿਸੇ ਕੰਮ ਲਈ ਨਾ ਨਹੀਂ ਕਹੀ, ਉਸ ਨੂੰ ਅਜਿਹੀ ਗੱਲ ਕਹਿਣ ਵਿਚ ਸ਼ਰਮ ਆਉਣੀ ਚਾਹੀਦੀ ਹੈ। ਜੋ ਹਰਮੀਤ ਸੰਧੂ ਨੇ ਆਪਣਾ ਅਕਸ ਬਣਾ ਲਿਆ ਕਿ ਉਹ ਅੱਜ ਕਿਤੇ ਹੋਰ ਤੇ ਕੱਲ ਕਿਤੇ ਹੋਰ, ਇਹੋ ਜਿਹੇ ਲੋਕਾਂ ਦਾ ਕੋਈ ਭਵਿੱਖ ਨਹੀਂ ਹੁੰਦਾ। ਉਸ ਨੇ ਇਹ ਚੋਣ ਵੀ ਹਾਰ ਜਾਣੀ ਹੈ। ਇਹ ਗਿਆ ਵੀ ਉਸ ਪਾਰਟੀ ਵਿਚ, ਜੋ ਖ਼ਤਮ ਹੋ ਚੁੱਕੀ ਹੈ। ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਚੱਲ ਰਹੇ ਹਨ, ਅਗਲੇ 6 ਮਹੀਨਿਆਂ ਵਿਚ ਕਿਸੇ ਨੇ ਨਹੀਂ ਰਹਿਣਾ। ਇਨ੍ਹਾਂ ਦੇ ਵਿਧਾਇਕਾਂ ਦਾ ਅਕਸ ਹੀ ਇੰਨਾ ਖ਼ਰਾਬ ਹੈ ਕਿ ਕਿਸੇ ਪਾਰਟੀ ਨੇ ਵੀ ਉਨ੍ਹਾਂ ਨੂੰ ਆਪਣੇ ’ਚ ਸ਼ਾਮਲ ਨਹੀਂ ਕਰਨਾ। ਸੁਖਬੀਰ ਨੇ ਇਹ ਵੀ ਦਾਅਵਾ ਕੀਤਾ ਕਿ ਹੁਣ ਵੀ ਬਹੁਤ ਸਾਰੇ ਵਿਧਾਇਕ ਉਨ੍ਹਾਂ ਨੂੰ ਅਕਾਲੀ ਦਲ ਵਿਚ ਆਉਣ ਦੀ ਪੇਸ਼ਕਸ਼ ਕਰਦੇ ਹਨ, ਪਰ ਉਹ ਉਨ੍ਹਾਂ ਨੂੰ ਸਾਫ਼ ਇਨਕਾਰ ਕਰ ਦਿੰਦੇ ਹਨ।
Credit : www.jagbani.com