ਨਿਊਯਾਰਕ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਮਈ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਫੌਜੀ ਸੰਘਰਸ਼ (military conflict) ਦੌਰਾਨ ਕੁੱਲ ਅੱਠ ਜਹਾਜ਼ ਢੇਰ ਕੀਤੇ ਗਏ ਸਨ। ਟਰੰਪ ਨੇ ਫਲੋਰੀਡਾ ਦੇ ਮਿਆਮੀ 'ਚ 'ਅਮਰੀਕਾ ਬਿਜ਼ਨਸ ਫੋਰਮ' ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸੰਘਰਸ਼ 'ਚ ਸੱਤ ਜਹਾਜ਼ ਮਾਰ ਗਿਰਾਏ ਗਏ ਤੇ ਇੱਕ ਅੱਠਵਾਂ ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਵਪਾਰ ਸਮਝੌਤੇ ਰੱਦ ਕਰਨ ਦੀ ਧਮਕੀ
ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਦੋਵਾਂ ਪ੍ਰਮਾਣੂ ਸ਼ਕਤੀਆਂ ਵਿਚਕਾਰ ਮਈ ਵਿੱਚ ਉਦੋਂ ‘ਸ਼ਾਂਤੀ ਸਥਾਪਤ’ ਹੋਈ ਜਦੋਂ ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇ ਉਹ ਆਪਣਾ ਫੌਜੀ ਸੰਘਰਸ਼ ਜਾਰੀ ਰੱਖਦੇ ਹਨ ਤਾਂ ਉਹ ਉਨ੍ਹਾਂ ਨਾਲ ਵਪਾਰ ਸਮਝੌਤੇ ਰੱਦ ਕਰ ਦੇਣਗੇ। ਉਨ੍ਹਾਂ ਨੇ ਕਿਹਾ, ‘‘ਮੈਂ ਕਿਹਾ, ਇਹ ਯੁੱਧ ਹੈ... ‘ਜਦੋਂ ਤੱਕ ਤੁਸੀਂ ਸ਼ਾਂਤੀ ਲਈ ਸਹਿਮਤ ਨਹੀਂ ਹੁੰਦੇ, ਉਦੋਂ ਤੱਕ ਮੈਂ ਤੁਹਾਡੇ ਲੋਕਾਂ ਨਾਲ ਕੋਈ ਵਪਾਰ ਸਮਝੌਤਾ ਨਹੀਂ ਕਰਾਂਗਾ।’’’ ਟਰੰਪ ਦੇ ਅਨੁਸਾਰ, ਇਸ ਧਮਕੀ ਦੇ ਇੱਕ ਦਿਨ ਬਾਅਦ ਉਨ੍ਹਾਂ ਨੂੰ ਫ਼ੋਨ ਆਇਆ ਕਿ ‘ਅਸੀਂ ਸ਼ਾਂਤੀ ਸਥਾਪਤ ਕਰ ਲਈ ਹੈ’। ਟਰੰਪ ਨੇ ਇਸ ਸਫਲਤਾ ਦਾ ਸਿਹਰਾ 'ਡਿਊਟੀਆਂ (ਟੈਰਿਫ)' ਨੂੰ ਦਿੱਤਾ।
ਭਾਰਤ ਦਾ ਸਟੈਂਡ : ਵਿਚੋਲਗੀ ਤੋਂ ਹਮੇਸ਼ਾ ਇਨਕਾਰ
ਹਾਲਾਂਕਿ ਟਰੰਪ 10 ਮਈ ਨੂੰ ਸੋਸ਼ਲ ਮੀਡੀਆ 'ਤੇ ਪੂਰਨ ਅਤੇ ਤੁਰੰਤ ਜੰਗਬੰਦੀ (ceasefire) ਦੀ ਘੋਸ਼ਣਾ ਕਰਨ ਤੋਂ ਬਾਅਦ 60 ਤੋਂ ਵੱਧ ਵਾਰ ਇਹ ਦਾਅਵਾ ਦੁਹਰਾ ਚੁੱਕੇ ਹਨ, ਪਰ ਭਾਰਤ ਨੇ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਤੋਂ ਹਮੇਸ਼ਾ ਇਨਕਾਰ ਕੀਤਾ ਹੈ।
ਟਰੰਪ ਨੇ ਮਿਆਮੀ ਵਿੱਚ ਆਪਣੇ ਭਾਸ਼ਣ ਦੌਰਾਨ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਅੱਠ ਮਹੀਨਿਆਂ ਵਿੱਚ ਕੋਸੋਵੋ ਅਤੇ ਸਰਬੀਆ, ਕਾਂਗੋ ਅਤੇ ਰਵਾਂਡਾ ਸਮੇਤ ਅੱਠ ਲੰਬੇ ਸਮੇਂ ਤੋਂ ਚੱਲ ਰਹੇ ਯੁੱਧਾਂ ਨੂੰ ਖਤਮ ਕਰ ਦਿੱਤਾ। ਉਨ੍ਹਾਂ ਨੇ ਇਜ਼ਰਾਈਲ ਅਤੇ ਈਰਾਨ, ਮਿਸਰ ਅਤੇ ਇਥੋਪੀਆ, ਆਰਮੇਨੀਆ ਅਤੇ ਅਜ਼ਰਬਾਈਜਾਨ ਅਤੇ ਕੰਬੋਡੀਆ ਤੇ ਥਾਈਲੈਂਡ ਵਿਚਾਲੇ ਵੀ ਸੰਘਰਸ਼ਾਂ ਨੂੰ ਸੁਲਝਾਉਣ 'ਚ ਮਦਦ ਕਰਨ ਦਾ ਜ਼ਿਕਰ ਕੀਤਾ।
Credit : www.jagbani.com