ਕਾਗੋਸ਼ੀਮਾ (ਜਾਪਾਨ) : ਜਾਪਾਨ ਦੇ ਦੱਖਣ-ਪੱਛਮੀ ਕਾਗੋਸ਼ੀਮਾ ਪ੍ਰੀਫੈਕਚਰ 'ਚ ਸਥਿਤ ਸਕੁਰਾਜੀਮਾ ਜਵਾਲਾਮੁਖੀ 'ਚ ਐਤਵਾਰ ਤੜਕੇ ਇੱਕ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ ਕਾਰਨ ਅਸਮਾਨ 'ਚ ਸੁਆਹ ਅਤੇ ਧੂੰਏਂ ਦਾ ਇੱਕ ਵਿਸ਼ਾਲ ਗੁਬਾਰਾ 4,400 ਮੀਟਰ (4.4 ਕਿਲੋਮੀਟਰ) ਦੀ ਉਚਾਈ ਤੱਕ ਉੱਠ ਗਿਆ।
ਕਿਓਡੋ ਨਿਊਜ਼ ਦੇ ਅਨੁਸਾਰ, ਇਹ ਜ਼ੋਰਦਾਰ ਧਮਾਕਾ ਸਥਾਨਕ ਸਮੇਂ ਅਨੁਸਾਰ 12:57 ਵਜੇ ਮਿਨਾਮੀਡਾਕੇ ਕ੍ਰੇਟਰ 'ਤੇ ਹੋਇਆ। ਇਹ ਅਕਤੂਬਰ 2024 ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਸੁਆਹ ਦਾ ਪੱਧਰ 4,000 ਮੀਟਰ ਤੋਂ ਉੱਪਰ ਗਿਆ ਹੈ।
ਹਵਾਈ ਸੇਵਾਵਾਂ ਪ੍ਰਭਾਵਿਤ, ਕਈ ਫਲਾਈਟਾਂ ਰੱਦ
ਧਮਾਕੇ ਦਾ ਸਿੱਧਾ ਅਸਰ ਹਵਾਈ ਆਵਾਜਾਈ 'ਤੇ ਪਿਆ ਹੈ। ਸੁਆਹ ਦੇ ਜਮ੍ਹਾ ਹੋਣ ਅਤੇ ਘੱਟ ਦ੍ਰਿਸ਼ਗੋਚਰਤਾ ਕਾਰਨ ਕਾਗੋਸ਼ੀਮਾ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਲਗਭਗ 30 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਏਅਰਲਾਈਨਾਂ ਹਾਲਾਤਾਂ ਦੀ ਨਿਗਰਾਨੀ ਕਰ ਰਹੀਆਂ ਹਨ ਜਦੋਂਕਿ ਸਫਾਈ ਦਾ ਕੰਮ ਜਾਰੀ ਹੈ।
ਜਾਪਾਨ ਮੌਸਮ ਵਿਗਿਆਨ ਏਜੰਸੀ (JMA) ਨੇ ਤੁਰੰਤ ਕਾਗੋਸ਼ੀਮਾ, ਕੁਮਾਮੋਟੋ ਅਤੇ ਮੀਆਜ਼ਾਕੀ ਪ੍ਰੀਫੈਕਚਰਾਂ ਸਮੇਤ ਕਈ ਖੇਤਰਾਂ ਲਈ ਸੁਆਹ ਡਿੱਗਣ (ashfall) ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਏਜੰਸੀ ਨੇ ਚੇਤਾਵਨੀ ਦਿੱਤੀ ਕਿ ਜੁਆਲਾਮੁਖੀ ਦੀ ਸੁਆਹ ਉੱਤਰ-ਪੂਰਬ ਵੱਲ ਵਹਿ ਗਈ ਹੈ ਅਤੇ ਨਿਵਾਸੀਆਂ ਨੂੰ ਸਾਰਾ ਦਿਨ ਸੰਭਾਵਿਤ ਵਿਘਨਾਂ ਕਾਰਨ ਚੌਕਸ ਰਹਿਣ ਲਈ ਕਿਹਾ ਗਿਆ ਹੈ।
ਵੱਡੀਆਂ ਚੱਟਾਨਾਂ ਡਿੱਗੀਆਂ, ਕੋਈ ਜ਼ਖਮੀ ਨਹੀਂ
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਧਮਾਕੇ ਕਾਰਨ ਕੋਈ ਜਾਨੀ ਨੁਕਸਾਨ ਜਾਂ ਢਾਂਚਾਗਤ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਵੱਡੀਆਂ ਜਵਾਲਾਮੁਖੀ ਚੱਟਾਨਾਂ (volcanic rocks) ਜਵਾਲਾਮੁਖੀ ਦੇ ਪੰਜਵੇਂ ਸਟੇਸ਼ਨ ਤੱਕ ਡਿੱਗੀਆਂ, ਜੋ ਧਮਾਕੇ ਦੀ ਤਾਕਤ ਨੂੰ ਦਰਸਾਉਂਦਾ ਹੈ। ਇਸ ਦੌਰਾਨ, ਕੋਈ ਵੀ ਪਾਈਰੋਕਲਾਸਟਿਕ ਪ੍ਰਵਾਹ (pyroclastic flows) ਦਾ ਪਤਾ ਨਹੀਂ ਲੱਗਿਆ।
ਜਵਾਲਾਮੁਖੀ ਅਲਰਟ ਪੱਧਰ ਪੰਜ-ਪੁਆਇੰਟ ਸਕੇਲ 'ਤੇ ਲੈਵਲ 3 'ਤੇ ਬਰਕਰਾਰ ਰੱਖਿਆ ਗਿਆ ਹੈ, ਜਿਸ ਕਾਰਨ ਕ੍ਰੇਟਰ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਆਮ ਲੋਕਾਂ ਦੀ ਪਹੁੰਚ ਸੀਮਤ ਹੈ। ਸਕੁਰਾਜੀਮਾ ਜਾਪਾਨ ਦੇ ਸਭ ਤੋਂ ਵੱਧ ਸਰਗਰਮ ਜਵਾਲਾਮੁਖੀਆਂ ਵਿੱਚੋਂ ਇੱਕ ਹੈ। ਜ਼ਿਕਰਯੋਗ ਹੈ ਕਿ 2019 ਵਿੱਚ, ਇਸ ਜਵਾਲਾਮੁਖੀ ਵਿੱਚ ਇੱਕ ਵੱਡਾ ਧਮਾਕਾ ਹੋਇਆ ਸੀ, ਜਦੋਂ ਸੁਆਹ 5.5 ਕਿਲੋਮੀਟਰ ਦੀ ਉਚਾਈ ਤੱਕ ਉੱਠੀ ਸੀ।
Credit : www.jagbani.com