ਪੰਜਾਬ 'ਚ ਕੁੜੀ ਦੀ ਸ਼ੱਕੀ ਹਾਲਾਤ 'ਚ ਮੌਤ! ਵਕਾਲਤ ਕਰਦੀ ਸੀ ਦਿਲਜੋਤ; ਪਰਿਵਾਰ ਨੇ ਲਾਏ ਕਤਲ ਦੇ ਦੋਸ਼

ਪੰਜਾਬ 'ਚ ਕੁੜੀ ਦੀ ਸ਼ੱਕੀ ਹਾਲਾਤ 'ਚ ਮੌਤ! ਵਕਾਲਤ ਕਰਦੀ ਸੀ ਦਿਲਜੋਤ; ਪਰਿਵਾਰ ਨੇ ਲਾਏ ਕਤਲ ਦੇ ਦੋਸ਼

ਲੁਧਿਆਣਾ- ਈ. ਡਬਲਯੂ. ਐੱਸ. ਕਾਲੋਨੀ ਵਿਚ ਰਹਿਣ ਵਾਲੀ 25 ਸਾਲਾ ਨੌਜਵਾਨ ਐਡਵੋਕੇਟ ਦਿਲਜੋਤ ਸ਼ਰਮਾ ਦੀ ਸ਼ੱਕੀ ਹਾਲਾਤ ਵਿਚ ਹੋਈ ਮੌਤ ’ਤੇ ਬਵਾਲ ਹੋ ਗਿਆ ਹੈ। ਇਕ ਪਾਸੇ ਨਾਲ ਰਹਿਣ ਵਾਲੀ ਸਹੇਲੀ ਅਲਮਾਰੀ ਤੋਂ ਸੁਸਾਈਡ ਕੱਢ ਕੇ ਇਸ ਨੂੰ ਖੁਦਕੁਸ਼ੀ ਦੱਸ ਰਹੀ ਹੈ ਤੇ ਦੂਜੇ ਪਾਸੇ ਮਾਨਸਾ ਤੋਂ ਆਏ ਮ੍ਰਿਤਕਾ ਦੇ ਪਰਿਵਾਰ ਨੇ ਸਿੱਧੇ ਤੌਰ ’ਤੇ ਕਤਲ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਪੁਲਸ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਮੌਤ ਦਾ ਅਸਲ ਕਾਰਨ ਪਤਾ ਲੱਗ ਸਕੇਗਾ। ਹਾਲ ਦੀ ਘੜੀ ਪੁਲਸ ਨੇ ਸੁਸਾਈਡ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਮਾਨਸਾ ਦੀ ਰਹਿਣ ਵਾਲੀ ਦਿਲਜੋਤ ਸ਼ਰਮਾ ਆਪਣੀ ਸਹੇਲੀ ਰਵਿੰਦਰ ਕੌਰ ਨਾਲ ਕਿਰਾਏ ਦੇ ਕਮਰੇ ਵਿਚ ਰਹਿੰਦੀ ਸੀ ਅਤੇ ਲੇਬਰ ਕੋਰਟ ਵਿਚ ਵਕਾਲਤ ਕਰਦੀ ਸੀ। ਸੋਮਵਾਰ ਰਾਤ ਅਚਾਨਕ ਦਿਲਜੋਤ ਦੀ ਸਿਹਤ ਵਿਗੜੀ, ਉਸ ਨੂੰ ਉਲਟੀਆਂ ਲੱਗੀਆਂ ਅਤੇ ਉਹ ਜ਼ਮੀਨ ’ਤੇ ਡਿੱਗ ਪਈ। ਸਹੇਲੀਆਂ ਨੇ ਉਸ ਨੂੰ ਪਹਿਲਾਂ ਮੈਕਸ ਅਤੇ ਫਿਰ ਡੀ. ਐੱਮ. ਸੀ. ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਦਿਲਜੋਤ ਦੇ ਸਾਹ ਰੁਕ ਚੁੱਕੇ ਸਨ।

ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਸਹੇਲੀ ਰਵਿੰਦਰ ਕੌਰ ਨੇ ਅਲਮਾਰੀ ਤੋਂ ਇਕ ਸੋਸਾਈਡ ਬਰਾਮਦ ਹੋਣ ਦਾ ਦਾਅਵਾ ਕੀਤਾ। ਰਵਿੰਦਰ ਕੌਰ ਦਾ ਕਹਿਣਾ ਹੈ ਕਿ ਦਿਲਜੋਤ ਲੰਬੇ ਸਮੇਂ ਤੋਂ ਪੇਟ ਦੀ ਬੀਮਾਰੀ ਤੋਂ ਪ੍ਰੇਸ਼ਾਨ ਸੀ ਅਤੇ ਇਸੇ ਤਣਾਅ ਵਿਚ ਉਸ ਨੇ ਆਪਣੀ ਜਾਨ ਦੇ ਦਿੱਤੀ। ਸੁਸਾਈਡ ਵਿਚ ਲਿਖਿਆ ਹੈ ਕਿ ਉਹ ਖੁਦ ਆਪਣੀ ਮੌਤ ਦੀ ਜ਼ਿੰਮੇਵਾਰ ਹੈ।

ਦੂਜੇ ਪਾਸੇ ਮ੍ਰਿਤਕ ਦੀ ਮਾਂ ਵੀਰਪਾਲ ਕੌਰ ਨੇ ਸਹੇਲੀ ਰਵਿੰਦਰ ਕੌਰ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਮੇਰੀ ਬੇਟੀ ਬਹਾਦਰ ਸੀ, ਉਹ ਸੁਸਾਈਡ ਨਹੀਂ ਕਰ ਸਕਦੀ। ਇਹ ਸੁਸਾਈਡ ਫਰਜ਼ੀ ਹੈ ਅਤੇ ਲਿਖਾਵਟ ਦਿਲਜੋਤ ਦੀ ਨਹੀਂ ਹੈ। ਰਵਿੰਦਰ ਉਸ ਨੂੰ ਅਤੇ ਉਸ ਦੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੀ ਸੀ। ਮੇਰੀ ਬੇਟੀ ਨੇ ਕੋਈ ਸੁਸਾਈਡ ਨਹੀਂ ਕੀਤਾ, ਸਗੋਂ ਉਸ ਦਾ ਕਤਲ ਕੀਤਾ ਗਿਆ ਹੈ। ਮਾਂ ਨੇ ਇਹ ਵੀ ਸਾਫ ਕੀਤਾ ਕਿ ਦਿਲਜੋਤ ਦਾ ਇਲਾਜ ਪੀ. ਜੀ. ਆਈ. ਤੋਂ ਚੱਲ ਰਿਹਾ ਸੀ ਅਤੇ ਉਹ ਹੁਣ ਬਿਲਕੁਲ ਠੀਕ ਸੀ। ਫਿਰ ਅਚਾਨਕ ਮੌਤ ਕਿਵੇਂ ਹੋ ਗਈ?

ਉੱਧਰ ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 7 ਦੇ ਐੱਸ. ਐੱਚ. ਓ. ਇੰਸਪੈਕਟਰ ਗਗਨਦੀਪ ਨੇ ਦੱਸਿਆ ਕਿ ਪੁਲਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ। ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕੀਤਾ ਹੈ। ਬਿਸਰਾ ਰਿਪੋਰਟ ਜਾਂਚ ਲਈ ਖਰੜ ਲੈਬ ਵਿਖੇ ਭੇਜੀ ਜਾ ਰਹੀ ਹੈ। ਰਿਪੋਰਟ ਆਉਣ ਤੋਂ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋ ਸਕੇਗਾ। ਸਹੇਲੀ ਵਲੋਂ ਦਿੱਤੇ ਗਏ ਸੁਸਾਈਡ ਦੀ ਵੀ ਫੋਰੈਂਸਿਕ ਜਾਂਚ ਹੋਵੇਗੀ, ਤਾਂ ਕਿ ਪਤਾ ਲਗੱ ਸਕੇ ਕਿ ਮ੍ਰਿਤਕਾ ਨੇ ਲਿਖਿਆ ਹੈ ਜਾਂ ਇਸ ਦੇ ਪਿੱਛੇ ਕੋਈ ਗਹਿਰੀ ਸਾਜ਼ਿਸ਼ ਲੁਕੀ ਹੈ।
 

Credit : www.jagbani.com

  • TODAY TOP NEWS