ਜਲੰਧਰ/ਰੂਪਨਗਰ/ਲੁਧਿਆਣਾ/ਚੰਡੀਗੜ੍ਹ (ਵੈੱਬ ਡੈਸਕ, ਰਾਜ)- ਪੰਜਾਬ ਵਿਚ ਵੱਖ-ਵੱਖ ਜ਼ਿਲ੍ਹਿਆਂ 'ਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਦਾਲਤਾਂ 'ਚ ਬੰਬ ਨਾਲ ਉਡਾਉਣ ਦੀ ਧਮਕੀ ਭਰੇ ਈ-ਮੇਲ ਪਾਏ ਗਏ। ਦੱਸਣਯੋਗ ਹੈ ਕਿ ਹੁਣ ਤੱਕ ਫਿਰੋਜ਼ਪੁਰ, ਮੋਗਾ, ਰੂਪਨਗਰ, ਲੁਧਿਆਣਾ, ਫਰੀਦਕੋਟ, ਸ੍ਰੀ ਅਨੰਦਪੁਰ ਸਾਹਿਬ ਕੋਰਟ ਕੰਪਲੈਕਸ ਨੂੰ ਆਰ. ਡੀ. ਐਕਸ. ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ। ਅਣਪਛਾਤੇ ਵਿਅਕਤੀਆਂ ਵੱਲੋਂ ਭੇਜੇ ਗਏ ਧਮਕੀ ਭਰੇ ਈ-ਮੇਲ ਮਗਰੋਂ ਪੰਜਾਬ ਪੁਲਸ ਪੂਰੀ ਤਰ੍ਹਾਂ ਅਲਰਟ ਹੋ ਚੁੱਕੀ ਹੈ। ਕੋਰਟ ਕੰਪਲੈਕਸਾਂ ਨੂੰ ਖਾਲੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਕੋਰਟ ਕੰਪਲੈਕਸਾਂ ਵਿਚ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਜੱਜਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਰੂਪਨਗਰ ਕੋਰਟ ਕੰਪਲੈਕਸ ਤੋਂ ਪਹਿਲਾਂ ਜ਼ਿਲ੍ਹਾ ਕੋਰਟ ਕੰਪਲੈਕਸ ਫਿਰੋਜ਼ਪੁਰ ਨੂੰ ਆਰ. ਡੀ. ਐੱਕਸ. ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਕੋਰਟ ਕੰਪਲੈਕਸ ਵਿਚ ਹੜਕੰਪ ਮਚ ਗਿਆ ਅਤੇ ਕੋਰਟ ਕਪਲੈਕਸ ਦੇ ਗੇਟ ਬੰਦ ਕਰਵਾ ਦਿੱਤੇ ਗਏ ਹਨ। ਸਿਰਫ਼ ਫਿਰੋਜ਼ਪੁਰ ਹੀ ਨਹੀਂ ਮੋਗਾ ਅਦਾਲਤ ਨੂੰ ਵੀ ਆਰਡੀਐੱਕਸ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਦੋਵਾਂ ਕੋਰਟ ਕੰਪਲੈਕਸਾਂ ਨੂੰ ਖਾਲ੍ਹੀ ਕਰਵਾ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਦੁਆਰਾ ਮੇਲ ਭੇਜ ਕੇ ਇਹ ਧਮਕੀ ਦਿੱਤੀ ਗਈ ਹੈ ਕਿ ਕੋਰਟ ਕੰਪਲੈਕਸ ਨੂੰ ਆਰ. ਡੀ. ਐਕਸ. ਨਾਲ ਉਡਾ ਦਿੱਤਾ ਜਾਵੇਗਾ।
ਪੁਲਸ ਛਾਉਣੀ 'ਚ ਤਬਦੀਲ ਹੋਈਆਂ ਕੋਰਟ ਕੰਪਲੈਕਸਾਂ
ਫਿਰੋਜ਼ਪੁਰ, ਮੋਗਾ, ਰੂਪਨਗਰ, ਲੁਧਿਆਣਾ, ਫਰੀਦੋਕਟ, ਸ੍ਰੀ ਅਨੰਦਪੁਰ ਸਾਹਿਬ ਦੀਆਂ ਕੋਰਟ ਕੰਪਲੈਕਸਾਂ ਪੁਲਸ ਛਾਉਣੀ ਵਿਚ ਤਬਦੀਲ ਹੋ ਚੁੱਕੀਆਂ ਹਨ ਅਤੇ ਮੌਕੇ 'ਤੇ ਖਾਲੀ ਕਰਵਾਇਆ ਜਾ ਰਿਹਾ ਹੈ। ਵਕੀਲਾਂ, ਮੁਕੱਦਮੇਬਾਜ਼ਾਂ ਅਤੇ ਅਦਾਲਤੀ ਸਟਾਫ਼ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਬਿਨਾਂ ਕੋਈ ਸਪੱਸ਼ਟ ਕਾਰਨ ਦੱਸੇ, ਪੁਲਸ ਨੇ ਸਾਰੀਆਂ ਅਦਾਲਤਾਂ ਵਿੱਚੋਂ ਜਨਤਾ ਨੂੰ ਬਾਹਰ ਕੱਢਵਾਇਆ, ਜਿਸ ਨਾਲ ਪੂਰੇ ਕੰਪਲੈਕਸਾਂ ਵਿੱਚ ਦਹਿਸ਼ਤ ਫੈਲ ਗਈ ਹੈ।
ਪਾਰਕਿੰਗ ਸਥਾਨਾਂ ਤੋਂ ਗੇਟਾਂ ਤੱਕ ਭਜਦੌੜ
ਜਿਵੇਂ ਹੀ ਪੁਲਸ ਨੇ ਕੋਰਟ ਖਾਲੀ ਕਰਨ ਦੇ ਨਿਰਦੇਸ਼ ਦਿੱਤੇ, ਪਾਰਕਿੰਗ ਖੇਤਰ ਤੋਂ ਆਪਣੇ ਵਾਹਨ ਕੱਢ ਰਹੇ ਲੋਕਾਂ ਵਿੱਚ ਭਜਦੌੜ ਵਰਗੀ ਸਥਿਤੀ ਪੈਦਾ ਹੋ ਗਈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਪੁਲਸ ਦਾ ਤਰੀਕਾ ਸਖ਼ਤ ਅਤੇ ਤੁਰੰਤ ਸੀ। ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।
ਅੱਤਵਾਦੀ ਧਮਕੀ ਦਾ ਡਰ!
ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਲੁਧਿਆਣਾ ਪੁਲਸ ਨੂੰ ਇਕ ਬਹੁਤ ਹੀ ਸੰਵੇਦਨਸ਼ੀਲ ਧਮਕੀ ਭਰੀ ਈ-ਮੇਲ ਮਿਲੀ ਹੈ, ਜਿਸ ਨਾਲ ਸੁਰੱਖਿਆ ਏਜੰਸੀਆਂ ਵਿੱਚ ਚਿੰਤਾ ਵਧ ਗਈ ਹੈ। ਹਾਲਾਂਕਿ ਸੀਨੀਅਰ ਪੁਲਸ ਅਧਿਕਾਰੀ ਕੋਈ ਵੀ ਅਧਿਕਾਰਤ ਬਿਆਨ ਦੇਣ ਤੋਂ ਗੁਰੇਜ਼ ਕਰ ਰਹੇ ਹਨ। ਇਸ ਪੁਲਸ ਚੁੱਪੀ ਨੇ ਲੋਕਾਂ ਦੇ ਡਰ ਨੂੰ ਹੋਰ ਵਧਾ ਦਿੱਤਾ ਹੈ। ਇਸ ਵੇਲੇ ਡੌਗ ਸਕੁਐਡ ਅਤੇ ਬੰਬ ਡਿਸਪੋਜ਼ਲ ਸਕੁਐਡ ਦਸਤੇ ਮੁਸਤੈਦ ਹੋ ਚੁੱਕੇ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ।
ਰੂਪਨਗਰ ਵਿਖੇ ਜ਼ਿਲ੍ਹਾ ਕੰਪਲੈਕਸ ਕੋਰਟ ਦੇ ਸੈਸ਼ਨ ਜੱਜ ਸਾਹਿਬ ਨੂੰ ਸਵੇਰੇ ਕਰੀਬ 11 ਵਜੇ ਇਕ ਮੇਲ ਰਾਹੀਂ ਬੰਬ ਧਮਾਕੇ ਦੀ ਧਮਕੀ ਮਿਲੀ। ਸੂਚਨਾ ਮਿਲਦੇ ਹੀ ਪੁਲਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਸਾਰੇ ਵਕੀਲਾਂ, ਜੱਜ ਸਾਹਿਬਾਨ ਅਤੇ ਮੌਜੂਦ ਲੋਕਾਂ ਨੂੰ ਫ਼ੌਰੀ ਤੌਰ ’ਤੇ ਕੰਪਲੈਕਸ ਤੋਂ ਬਾਹਰ ਕੱਢਿਆ ਗਿਆ। ਅਦਾਲਤ ਦੇ ਬਾਹਰ ਪਾਰਕਿੰਗ ਖੇਤਰ ਵਿਚ ਵੱਡੀ ਗਿਣਤੀ ਲੋਕਾਂ ਦੇ ਇਕੱਠ ਹੋਣ ਕਾਰਨ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਕਟਵਾਲ ਨੇ ਦੱਸਿਆ ਕਿ ਚੰਡੀਗੜ੍ਹ ਅਤੇ ਰੋਪੜ ਦੀਆਂ ਅਦਾਲਤਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਧਮਕੀ ਦਿੱਤੀ ਗਈ ਸੀ। ਇਸ ਵੇਲੇ ਰੂਪਨਗਰ ਪੁਲਸ ਵੱਲੋਂ ਪੂਰੇ ਅਦਾਲਤੀ ਕੰਪਲੈਕਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜਦੋਂਕਿ ਬੰਬ ਸਕੁਐਡ ਅਤੇ ਡੌਗ ਸਕੁਐਡ ਨੂੰ ਵੀ ਮੌਕੇ ’ਤੇ ਤਾਇਨਾਤ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com